ਕੇਂਦਰੀ ਜੇਲ੍ਹ ਅੰਮ੍ਰਿਤਸਰ ’ਚ ਨੌਜਵਾਨ ਦੀ ਮੌਤ
Monday, Apr 22, 2024 - 05:37 PM (IST)
ਚਵਿੰਡਾ ਦੇਵੀ/ਕੱਥੂਨੰਗਲ (ਬਲਜੀਤ, ਜਰਨੈਲ) : ਕੇਂਦਰੀ ਜੇਲ੍ਹ ਅੰਮ੍ਰਿਤਸਰ ਵਿਖੇ ਬੀਤੇ ਦਿਨੀਂ ਪਿੰਡ ਅਜੈਬਵਾਲੀ ਦੇ ਰਹਿਣ ਵਾਲੇ ਨੌਜਵਾਨ ਹਰਦੇਵ ਸਿੰਘ ਜੇਲ੍ਹ ਦੀ ਵਾਰਡ ਵਿਚ ਮਾਰ-ਕੁੱਟ ਦਾ ਸ਼ਿਕਾਰ ਹੋਣ ਕਰਕੇ ਗੰਭੀਰ ਜ਼ਖਮੀ ਹੋ ਗਿਆ ਜਿਸ ਨੂੰ ਪਰਿਵਾਰ ਨੇ ਪਹਿਲਾਂ ਗੁਰੂ ਨਾਨਕ ਹਸਪਤਾਲ ਅੰਮ੍ਰਿਤਸਰ ਵਿਖੇ ਇਲਾਜ ਲਈ ਭਰਤੀ ਕਰਵਾਇਆ ਅਤੇ ਫਿਰ ਪੀ.ਜੀ.ਆਈ ਚੰਡੀਗੜ੍ਹ ਵਿਖੇ ਦਾਖਲ ਕਰਵਾਇਆ ਗਿਆ, ਜਿਥੇ ਉਸਦੀ ਮੌਤ ਹੋ ਗਈ ਹੈ। ਇਸ ਸਬੰਧੀ ਮ੍ਰਿਤਕ ਦੇ ਲੜਕੇ ਸੁਨੀਲ ਸਿੰਘ, ਸਤਬੀਰ ਸਿੰਘ, ਧੀ ਨੀਲਮ ਸਮੇਤ ਦਰਸ਼ਨ ਸਿੰਘ ਸਾਬਕਾ ਸਰਪੰਚ ਨੇ ਸਾਂਝੇ ਤੌਰ ’ਤੇ ਦੱਸਿਆ ਕਿ ਹਰਦੇਵ ਸਿੰਘ ਦੇ ਸਰੀਰ ਦੇ ਬਹੁਤ ਜ਼ਿਆਦਾ ਸੱਟਾਂ ਲੱਗੀਆਂ ਹੋਈਆਂ ਸਨ ਪਰ ਜੇਲ੍ਹ ਪ੍ਰਸ਼ਾਸਨ ਵਲੋਂ ਦੋਸ਼ੀਆਂ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ ਗਈ।
ਇਸ ਦੌਰਾਨ ਪਿੰਡ ਵਾਸੀਆਂ ਨੇ ਜੇਲ੍ਹ ਪ੍ਰਸ਼ਾਸਨ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਉਕਤ ਦੋਸ਼ੀਆਂ ਵਿਰੁੱਧ ਕਾਰਵਾਈ ਨਾ ਕੀਤੀ ਗਈ ਤਾਂ ਜੇਲ੍ਹ ਪ੍ਰਸ਼ਾਸਨ ਵਿਰੁੱਧ ਸੰਘਰਸ਼ ਆਰੰਭ ਦਿਆਂਗੇ, ਜਿਸ ਤੋਂ ਨਿਕਲਣ ਵਾਲੇ ਸਿੱਟਿਆਂ ਦੀ ਜ਼ਿੰਮੇਵਾਰੀ ਜੇਲ੍ਹ ਪ੍ਰਸ਼ਾਸਨ ਦੀ ਹੋਵੇਗੀ। ਇਸ ਮੌਕੇ ਕੁਲਵੰਤ ਸਿੰਘ, ਸਵਿੰਦਰ ਸਿੰਘ, ਫਿਲਿਪ, ਹੀਰਾ ਸਿੰਘ, ਮੰਗਲ ਸਿੰਘ, ਅਮਨਦੀਪ ਸਿੰਘ, ਰਾਣੀ, ਕਸ਼ਮੀਰ ਕੌਰ, ਵੀਰ ਕੌਰ, ਬਲਵਿੰਦਰ ਕੌਰ, ਮਨਪ੍ਰੀਤ ਕੌਰ, ਬਲਵਿੰਦਰ ਕੌਰ ਆਦਿ ਸਮੇਤ ਵੱਡੀ ਗਿਣਤੀ ਵਿਚ ਪਿੰਡ ਵਾਸੀ ਹਾਜ਼ਰ ਸਨ। ਇਸ ਸਬੰਧੀ ਜਦੋਂ ਜੇਲ੍ਹ ਅਧਿਕਾਰੀ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਫਿਲਹਾਲ ਮੈਂ ਛੁੱਟੀ ’ਤੇ ਹਾਂ ਅਤੇ ਮੈਂ ਇਸ ਸਬੰਧੀ ਤੁਹਾਨੂੰ ਦੱਸ ਦਿੰਦਾ ਹਾਂ।