ਸਿੰਗਲ ਰੇਲ ਟਰੈਕ ਬਣਿਆ ਮੁਸੀਬਤ: ਛੱਤੀਸਗੜ੍ਹ 15 ਤੇ ਆਗਰਾ ਐਕਸਪ੍ਰੈੱਸ 14 ਘੰਟੇ ਲੇਟ, ਉਡੀਕ ’ਚ ਯਾਤਰੀਆਂ ਦਾ ਹਾਲ ਬੇਹਾਲ
Thursday, May 16, 2024 - 11:42 AM (IST)
ਜਲੰਧਰ (ਪੁਨੀਤ)–ਟਰੇਨਾਂ ਦੀ ਦੇਰੀ ਨਾਲ ਚੱਲਣ ਕਾਰਨ ਯਾਤਰੀਆਂ ਦੀ ਪ੍ਰੇਸ਼ਾਨੀ ਖ਼ਤਮ ਹੋਣ ਦਾ ਨਾਂ ਨਹੀਂ ਲੈ ਰਹੀ। ਕਿਸਾਨਾਂ ਦੇ ਸ਼ੰਭੂ ਸਟੇਸ਼ਨ ’ਤੇ ਬੈਠਣ ਦੇ ਬਾਅਦ ਤੋਂ ਰੇਲ ਟਰੈਕ ਪ੍ਰਭਾਵਿਤ ਹੋ ਰਿਹਾ ਹੈ। ਸ਼ੁਰੂਆਤ ਵਿਚ ਰੇਲਵੇ ਵੱਲੋਂ 70 ਦੇ ਕਰੀਬ ਟਰੇਨਾਂ ਨੂੰ ਰੱਦ ਕੀਤਾ ਗਿਆ ਸੀ ਪਰ ਹੁਣ ਲਗਭਗ 46 ਟਰੇਨਾਂ ਰੱਦ ਹਨ, ਜਦਕਿ ਬਾਕੀ ਟਰੇਨਾਂ ਦੀ ਆਵਾਜਾਈ ਰੂਟ ਡਾਇਵਰਟ ਕਰ ਕੇ ਕੀਤੀ ਜਾ ਰਹੀ ਹੈ। ਵਿਭਾਗ ਵੱਲੋਂ ਟਰੇਨਾਂ ਦੀ ਆਵਾਜਾਈ ਵਧਾਉਣ ਦੇ ਬਾਅਦ ਤੋਂ ਟਰੈਕ ਬਿਜ਼ੀ ਹੋ ਰਿਹਾ ਹੈ, ਜਿਸ ਕਾਰਨ ਟਰੇਨਾਂ ਦੇਰੀ ਨਾਲ ਪਹੁੰਚ ਰਹੀਆਂ ਹਨ। ਇਸੇ ਲੜੀ ਵਿਚ ਅੱਜ ਟਰੇਨ ਨੰਬਰ 18237 ਛੱਤੀਸਗੜ੍ਹ ਐਕਸਪ੍ਰੈੱਸ ਅਤੇ 11905 ਆਗਰਾ ਐਕਸਪ੍ਰੈੱਸ ਲੱਗਭਗ 15 ਘੰਟਿਆਂ ਦੀ ਦੇਰੀ ਨਾਲ ਪਹੁੰਚੀਆਂ, ਜਿਸ ਕਾਰਨ ਯਾਤਰੀਆਂ ਦਾ ਹਾਲ ਬੇਹਾਲ ਹੋ ਗਿਆ।
ਇਸੇ ਤਰ੍ਹਾਂ 12030 ਸਵਰਨ ਸ਼ਤਾਬਦੀ ਐਕਸਪ੍ਰੈੱਸ ਸਵਾ 3 ਘੰਟੇ, 22479 ਸਰਬੱਤ ਦਾ ਭਲਾ 7 ਘੰਟੇ, 12357 ਅੰਮ੍ਰਿਤਸਰ ਦੁਰਗਿਆਨਾ ਐਕਸਪ੍ਰੈੱਸ ਸਾਢੇ 4 ਘੰਟੇ, 4649 ਸਰਯੂ ਯਮੁਨਾ ਐਕਸਪ੍ਰੈੱਸ ਸਾਢੇ 4 ਘੰਟੇ ਦੀ ਦੇਰੀ ਨਾਲ ਚੱਲ ਰਹੀਆਂ ਸਨ। ਡਾਇਵਰਟ ਰੂਟ ਰਾਹੀਂ ਜਲੰਧਰ ਪਹੁੰਚਣ ’ਚ ਟਰੇਨਾਂ ਨੂੰ 2-3 ਘੰਟੇ ਤਕ ਦਾ ਵਾਧੂ ਸਮਾਂ ਲੱਗ ਰਿਹਾ ਹੈ। ਇਸ ਦਾ ਕਾਰਨ ਇਹ ਹੈ ਕਿ ਟਰੇਨਾਂ ਦੇ ਰਸਤੇ ’ਚ ਸਿੰਗਲ ਟਰੈਕ ਹੋਣ ਕਾਰਨ ਆਵਾਜਾਈ ਸਹੀ ਢੰਗ ਨਾਲ ਨਹੀਂ ਹੋ ਰਹੀ। ਵਿਭਾਗ ਵੱਲੋਂ ਅੰਬਾਲਾ ਤੋਂ ਆਉਣ ਵਾਲੀਆਂ ਗੱਡੀਆਂ ਨੂੰ ਅੰਬਾਲਾ ਕੈਂਟ ਤੋਂ ਚੰਡੀਗੜ੍ਹ, ਨਿਊ ਮੋਰਿੰਡਾ, ਸਰਹਿੰਦ, ਸਾਹਨੇਵਾਲ ਦੇ ਰਸਤੇ ਜਲੰਧਰ ਭੇਜਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ- ਵੱਡੀ ਖ਼ਬਰ: ਪੰਜਾਬ ’ਚ 80 ਫ਼ੀਸਦੀ ਪੁਲਸ ਫੋਰਸ ਤੇ ਕੇਂਦਰੀ ਬਲਾਂ ਦੀਆਂ 250 ਕੰਪਨੀਆਂ ਹੋਣਗੀਆਂ ਤਾਇਨਾਤ
ਇਸੇ ਤਰ੍ਹਾਂ ਜਾਣ ਵਾਲੀਆਂ ਦੂਜੀਆਂ ਟਰੇਨਾਂ ਨੂੰ ਸਾਹਨੇਵਾਲ, ਚੰਡੀਗੜ੍ਹ, ਅੰਬਾਲਾ ਕੈਂਟ ਭੇਜਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਜਾਖਲ, ਧੂਰੀ ਅਤੇ ਲੁਧਿਆਣਾ ਵਾਲੇ ਰੂਟ ਦੀ ਵੀ ਵਰਤੋਂ ਕੀਤੀ ਜਾ ਰਹੀ ਹੈ। ਇਨ੍ਹਾਂ ਵਿਚੋਂ ਜ਼ਿਆਦਾਤਰ ਟਰੈਕ ਸਿੰਗਲ ਹੋਣ ਕਾਰਨ ਟਰੇਨਾਂ ਨੂੰ ਰਸਤੇ ਵਿਚ ਖੜ੍ਹਾ ਕਰਨਾ ਪੈ ਰਿਹਾ ਹੈ। ਇਸੇ ਲੜੀ ਵਿਚ ਡਾਇਵਰਟ ਰੂਟ ਦੇ ਰਸਤੇ ਵਿਚ ਸਿੰਗਲ ਟਰੈਕ ਹੋਣ ਕਾਰਨ ਯਾਤਰੀਆਂ ਦੀਆਂ ਮੁਸ਼ਕਲਾਂ ਕਾਫੀ ਵਧ ਚੁੱਕੀਆਂ ਹਨ। ਦੂਜੀਆਂ ਟਰੇਨਾਂ ਨੂੰ ਕੱਢਣ ਲਈ ਕਈ ਟਰੇਨਾਂ ਨੂੰ ਘੰਟਿਆਂ ਤਕ ਖੜ੍ਹਾ ਕਰਨਾ ਪੈ ਰਿਹਾ ਹੈ।
ਵਿਸ਼ਨੂੰ ਪ੍ਰਤਾਪ ਨੇ ਦੱਸਿਆ ਕਿ ਉਹ ਅੰਬਾਲਾ ਤੋਂ ਪਾਣੀ ਦੀ ਬੋਤਲ ਲੈ ਕੇ ਚੜ੍ਹੇ ਸਨ ਪਰ ਰਸਤੇ ਵਿਚ 4 ਘੰਟੇ ਤਕ ਟਰੇਨ ਖੜ੍ਹੀ ਰਹੀ। ਇਸ ਕਾਰਨ ਉਨ੍ਹਾਂ ਨੂੰ ਪੀਣ ਵਾਲਾ ਪਾਣੀ ਵੀ ਨਸੀਬ ਨਹੀਂ ਹੋ ਸਕਿਆ। ਸਟੇਸ਼ਨ ਤੋਂ ਹਟ ਕੇ ਰਸਤੇ ’ਚ ਕਿਤੇ ਪੀਣ ਵਾਲੇ ਪਾਣੀ ਦੀ ਸਹੂਲਤ ਨਹੀਂ ਸੀ। ਯਾਤਰੀਆਂ ਦਾ ਕਹਿਣਾ ਹੈ ਕਿ ਡਾਇਵਰਟ ਰੂਟਾਂ ਰਾਹੀਂ ਆਉਣ ਵਾਲੇ ਯਾਤਰੀਆਂ ਨੂੰ ਪ੍ਰਬੰਧ ਕਰਕੇ ਚੱਲਣਾ ਚਾਹੀਦਾ ਹੈ, ਨਹੀਂ ਤਾਂ ਉਨ੍ਹਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪਵੇਗਾ।
ਟਰੇਨਾਂ ਦੇ ਆਉਣ ਤੋਂ ਪਹਿਲਾਂ ਟਿਕਟ ਕਾਊਂਟਰਾਂ ’ਤੇ ਲੱਗ ਰਹੀ ਭੀੜ
ਵੇਖਣ ਵਿਚ ਆ ਰਿਹਾ ਹੈ ਕਿ ਯਾਤਰੀ ਟਰੇਨ ਦੇ ਆਉਣ ਸਮੇਂ ਹੀ ਟਿਕਟ ਖਰੀਦਣ ਨੂੰ ਮਹੱਤਵ ਦਿੰਦੇ ਹਨ ਕਿਉਂਕਿ ਜੋ ਟਰੇਨ 2 ਘੰਟੇ ਦਾ ਸਮਾਂ ਦਿਖਾ ਰਹੀ ਹੁੰਦੀ ਹੈ, ਉਸਨੂੰ ਜਲੰਧਰ ਪਹੁੰਚਣ ਵਿਚ ਕਈ ਵਾਰ 4-5 ਘੰਟੇ ਵੀ ਲੱਗ ਜਾਂਦੇ ਹਨ। ਅਜਿਹੇ ਵਿਚ ਟਿਕਟ ਖਰੀਦਣ ਦਾ ਯਾਤਰੀਆਂ ਨੂੰ ਪੂਰਾ ਲਾਭ ਨਹੀਂ ਮਿਲਦਾ। ਰੁਟੀਨ ਵਿਚ ਸਫਰ ਕਰਨ ਵਾਲੇ ਿਵੱਕੀ ਵਾਸੂਦੇਵ ਨੇ ਕਿਹਾ ਕਿ ਟਰੇਨ ਆਉਣ ਵਿਚ ਕੁਝ ਸਮਾਂ ਬਚਦਾ ਹੈ ਤਾਂ ਟਿਕਟ ਲੈ ਲੈਂਦੇ ਹਾਂ, ਨਹੀਂ ਤਾਂ ਦੂਸਰੇ ਮਾਧਿਅਮ ਨਾਲ ਯਾਤਰਾ ਕਰਨ ਨੂੰ ਮਹੱਤਵ ਦਿੱਤਾ ਜਾਂਦਾ ਹੈ। ਹਨੀ ਸ਼ਰਮਾ ਨੇ ਕਿਹਾ ਕਿ ਛੁੱਟੀ ਤੋਂ ਬਾਅਦ ਰੋਜ਼ ਵਾਪਸ ਲੁਧਿਆਣਾ ਜਾਣਾ ਹੁੰਦਾ ਹੈ ਪਰ ਕਿਸਾਨਾਂ ਦੇ ਪ੍ਰ੍ਰਦਰਸ਼ਨ ਤੋਂ ਬਾਅਦ ਘਰ ਪਹੁੰਚਣ ਵਿਚ 2-3 ਘੰਟੇ ਦਾ ਵਾਧੂ ਸਮਾਂ ਲੱਗਦਾ ਹੈ। ਇਹੀ ਕਾਰਨ ਹੈ ਕਿ ਜ਼ਿਆਦਾਤਰ ਯਾਤਰੀ ਟਰੇਨਾਂ ਦੇ ਆਉਣ ਤੋਂ ਪਹਿਲਾਂ ਹੀ ਟਿਕਟ ਲੈਂਦੇ ਹਨ, ਜਿਸ ਕਾਰਨ ਇਕਦਮ ਕਾਊਂਟਰਾਂ ’ਤੇ ਭੀੜ ਲੱਗ ਜਾਂਦੀ ਹੈ।
ਇਹ ਵੀ ਪੜ੍ਹੋ- ਖ਼ੁਦ ਨੂੰ CIA ਦਾ ਜਵਾਨ ਦੱਸ ਕੇ ਡਾਕਟਰ ਨੂੰ ਫਸਾ 'ਤਾ ਕਸੂਤਾ, ਕੱਪੜੇ ਉਤਰਵਾ ਵੀਡੀਓ ਬਣਾ ਕੇ ਕੀਤਾ ਕਾਰਾ
ਖ਼ਾਲੀ ਨਹੀਂ ਹੁੰਦਾ ਕਾਊਂਟਰ, ਇਕ ਟਰੇਨ ਦੀ 100 ਵਾਰ ਇਨਕੁਆਰੀ
ਉਥੇ ਹੀ ਦੇਖਣ ਵਿਚ ਆ ਰਿਹਾ ਹੈ ਕਿ ਇਕ ਟਰੇਨ ਸਬੰਧੀ 100 ਵਾਰ ਇਨਕੁਆਰੀ ਹੋ ਰਹੀ ਹੈ। ਹਰੇਕ ਯਾਤਰੀ ਸਭ ਤੋਂ ਪਹਿਲਾਂ ਟਰੇਨਾਂ ਦੇ ਆਉਣ ਦਾ ਸਮਾਂ ਪਤਾ ਕਰਦਾ ਹੈ ਤਾਂ ਕਿ ਟਾਈਮ ਦੇ ਹਿਸਾਬ ਨਾਲ ਯਾਤਰਾ ਦਾ ਰੂਟ ਬਣਾਇਆ ਜਾ ਸਕੇ। ਇਸ ਕਾਰਨ ਇਨਕੁਆਰੀ ਕਾਊਂਟਰ ਖਾਲੀ ਨਹੀਂ ਹੋ ਰਿਹਾ। ਕਈ ਯਾਤਰੀ ਕਾਊਂਟਰ ਕੋਲ ਹੀ ਬੈਠ ਜਾਂਦੇ ਹਨ ਅਤੇ ਉਥੇ ਹੀ ਆਰਾਮ ਕਰ ਲੈਂਦੇ ਹਨ ਕਿਉਂਕਿ ਦੂਸਰੇ ਯਾਤਰੀਆਂ ਵੱਲੋਂ ਇਨਕੁਆਰੀ ਕਰਦੇ ਸਮੇਂ ਉਨ੍ਹਾਂ ਨੂੰ ਟਰੇਨਾਂ ਦੇ ਆਉਣ ਸਬੰਧੀ ਜਾਣਕਾਰੀ ਮਿਲਦੀ ਰਹਿੰਦੀ ਹੈ।
ਇਹ ਵੀ ਪੜ੍ਹੋ-ਚੜ੍ਹਦੀ ਜਵਾਨੀ ਜਹਾਨੋਂ ਤੁਰ ਗਿਆ ਮਾਪਿਆਂ ਦਾ ਪੁੱਤ, ਕਰੰਟ ਲੱਗਣ ਕਾਰਨ ਤੜਫ਼-ਤੜਫ਼ ਕੇ ਨਿਕਲੀ ਜਾਨ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8