ਵਿਆਹੁਤਾ ਨੂੰ ਆਤਮ-ਹੱਤਿਆ ਲਈ ਮਜਬੂਰ ਕਰਨ ਵਾਲੇ ਸਹੁਰਾ ਤੇ ਜੇਠ ਕਾਬੂ
Friday, Oct 06, 2017 - 01:16 AM (IST)

ਫ਼ਰੀਦਕੋਟ, (ਰਾਜਨ)- ਵਿਆਹੁਤਾ ਨੂੰ ਆਤਮ-ਹੱਤਿਆ ਲਈ ਮਜਬੂਰ ਕਰਨ ਦੇ ਦੋਸ਼ 'ਚ ਪੁਲਸ ਨੇ ਸਹੁਰੇ ਤੇ ਜੇਠ ਨੂੰ ਕਾਬੂ ਕਰਨ 'ਚ ਸਫਲਤਾ ਹਾਸਲ ਕੀਤੀ ਹੈ।
ਜ਼ਿਕਰਯੋਗ ਹੈ ਕਿ ਬੀਤੀ 26 ਜੁਲਾਈ ਨੂੰ ਮਨਜੀਤ ਕੌਰ ਉਰਫ਼ ਮਨੀ ਵਾਸੀ ਮਾਡਲ ਟਾਊਨ ਫਿਰੋਜ਼ਪੁਰ ਦੀ ਸ਼ਿਕਾਇਤ 'ਤੇ ਉਕਤ ਦੋਵਾਂ ਖਿਲਾਫ਼ ਮੁਕੱਦਮਾ ਦਰਜ ਕੀਤਾ ਗਿਆ ਸੀ। ਸ਼ਿਕਾਇਤਕਰਤਾ ਨੇ ਦੱਸਿਆ ਸੀ ਕਿ ਉਸ ਦੀ ਧੀ ਕਿਰਨਦੀਪ ਕੌਰ ਦਾ ਵਿਆਹ ਜਸਵਿੰਦਰ ਸਿੰਘ ਪੁੱਤਰ ਜੱਗਰ ਸਿੰਘ ਨਾਲ ਕਰੀਬ 12 ਸਾਲ ਪਹਿਲਾਂ ਹੋਇਆ ਸੀ ਤੇ ਉਸ ਦਾ ਪਤੀ ਕਰੀਬ ਢਾਈ ਸਾਲ ਪਹਿਲਾਂ ਵਿਦੇਸ਼ ਚਲਾ ਗਿਆ ਸੀ।
ਉਸ ਨੇ ਦੋਸ਼ ਲਾਇਆ ਕਿ ਉਸ ਪਿੱਛੋਂ ਸਹੁਰਾ ਜੱਗਰ ਸਿੰਘ, ਜੇਠ ਗੁਰਤੇਜ ਸਿੰਘ ਤੇ ਦਿਓਰ ਗੁਰਮੇਲ ਸਿੰਘ ਵਾਸੀ ਸੂਰਘੂਰੀ ਉਸ ਦੀ ਧੀ ਤੰਗ-ਪ੍ਰੇਸ਼ਾਨ ਕਰਦੇ ਆ ਰਹੇ ਸਨ, ਜਿਸ ਕਾਰਨ ਉਸ ਨੇ ਪੱਖੇ ਨਾਲ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ।
ਸਹਾਇਕ ਥਾਣੇਦਾਰ ਨੇ ਦੱਸਿਆ ਕਿ ਉਕਤ ਦੋਵਾਂ ਦੀ ਗ੍ਰਿਫ਼ਤਾਰੀ ਤੋਂ ਬਾਅਦ ਮਾਣਯੋਗ ਅਜੈ ਮਿੱਤਲ ਜੁਡੀਸ਼ੀਅਲ ਮੈਜਿਸਟ੍ਰੇਟ ਜੈਤੋ ਦੀ ਅਦਾਲਤ 'ਚ ਪੇਸ਼ ਕੀਤਾ ਗਿਆ, ਜਿਸ 'ਤੇ ਅਦਾਲਤ ਵੱਲੋਂ ਇਨ੍ਹਾਂ ਨੂੰ ਜੁਡੀਸ਼ੀਅਲ ਰਿਮਾਂਡ 'ਤੇ ਭੇਜ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਤੀਜਾ ਦੋਸ਼ੀ ਅਜੇ ਫਰਾਰ ਹੈ, ਜਿਸ ਨੂੰ ਜਲਦ ਹੀ ਕਾਬੂ ਕਰ ਲਿਆ ਜਾਵੇਗਾ।