ਲੁਧਿਆਣਾ ਰੇਲਵੇ ਸਟੇਸ਼ਨ ’ਤੇ ਹੰਗਾਮਾ: ਨੌਜਵਾਨ ’ਤੇ 3 ਵਾਰ ਚੜ੍ਹਾਈ ਕਾਰ, GRP ਨੇ 3 ਮੁਲਜ਼ਮ ਕੀਤੇ ਕਾਬੂ
Saturday, Jan 31, 2026 - 10:24 AM (IST)
ਲੁਧਿਆਣਾ (ਗੌਤਮ) : ਲੁਧਿਆਣਾ ਰੇਲਵੇ ਸਟੇਸ਼ਨ ਦੀ ਪਾਰਕਿੰਗ ’ਚ ਵੀਰਵਾਰ ਨੂੰ ਉਸ ਵੇਲੇ ਦਹਿਸ਼ਤ ਦਾ ਮਾਹੌਲ ਬਣ ਗਿਆ, ਜਦੋਂ ਇਕ ਇਨੋਵਾ ਕਾਰ ਸਵਾਰ ਨੇ ਇਕ ਨੌਜਵਾਨ ’ਤੇ ਬੇਰਹਿਮੀ ਨਾਲ 3 ਵਾਰ ਕਾਰ ਚੜ੍ਹਾ ਦਿੱਤੀ। ਇਸ ਹਾਦਸੇ ’ਚ ਨੌਜਵਾਨ ਗੰਭੀਰ ਰੂਪ ’ਚ ਜ਼ਖਮੀ ਹੋ ਗਿਆ, ਜਿਸ ਦੀ ਪਛਾਣ ਨਨਕੂ ਵਜੋਂ ਹੋਈ ਹੈ। ਉਸ ਨੂੰ ਇਲਾਜ ਲਈ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਹੈ।
ਇਹ ਵੀ ਪੜ੍ਹੋ : ਹਲਵਾਰਾ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਉਦਘਾਟਨ ਨੂੰ ਲੈ ਕੇ ਪ੍ਰਸ਼ਾਸਨ ਅਲਰਟ, ਯੁੱਧ ਪੱਧਰ ’ਤੇ ਤਿਆਰੀਆਂ
ਥਾਣਾ ਜੀ. ਆਰ. ਪੀ. ਦੇ ਇੰਚਾਰਜ ਇੰਸਪੈਕਟਰ ਜਤਿੰਦਰ ਸਿੰਘ ਨੇ ਦੱਸਿਆ ਕਿ ਮੁਲਜ਼ਮ ਆਪਣੇ ਰਿਸ਼ਤੇਦਾਰਾਂ ਨੂੰ ਦਿੱਲੀ ਤੋਂ ਆਈ ਟ੍ਰੇਨ ਤੋਂ ਰਿਸੀਵ ਕਰਨ ਆਏ ਸਨ। ਪਾਰਕਿੰਗ ’ਚ ਉਨ੍ਹਾਂ ਨੇ ਨਨਕੂ ’ਤੇ ਗੱਡੀ ਚੜ੍ਹਾ ਦਿੱਤੀ। ਜਦੋਂ ਮੌਕੇ ’ਤੇ ਮੌਜੂਦ ਪੁਲਸ ਮੁਲਾਜ਼ਮਾਂ ਨੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਤਾਂ ਮੁਲਜ਼ਮਾਂ ਨੇ ਪੁਲਸ ਨਾਲ ਵੀ ਬਦਸਲੂਕੀ ਅਤੇ ਹੱਥੋਪਾਈ ਕੀਤੀ। ਪੁਲਸ ਨੇ ਕਾਰਵਾਈ ਕਰਦੇ ਹੋਏ ਤਿੰਨੋਂ ਨੌਜਵਾਨਾਂ, ਜਿਨ੍ਹਾਂ ਦੀ ਪਛਾਣ ਸੁਨੀਲ, ਰਾਕੇਸ਼ ਅਤੇ ਉਨ੍ਹਾਂ ਦੇ ਇਕ ਰਿਸ਼ਤੇਦਾਰ ਵਜੋਂ ਹੋਈ ਹੈ, ਨੂੰ ਕਾਬੂ ਕਰ ਕੇ ਮਾਮਲਾ ਦਰਜ ਕਰ ਲਿਆ ਹੈ। ਦੂਜੇ ਪਾਸੇ ਮੁਲਜ਼ਮਾਂ ਨੇ ਪੁਲਸ ’ਤੇ ਕੁੱਟ-ਮਾਰ ਦੇ ਉਲਟ ਦੋਸ਼ ਲਾਏ ਹਨ ਪਰ ਪੁਲਸ ਅਨੁਸਾਰ ਮੁਲਜ਼ਮਾਂ ਨੇ ਕਾਰ ਭਜਾਉਣ ਦੀ ਕੋਸ਼ਿਸ਼ ਕੀਤੀ ਸੀ ਅਤੇ ਅਧਿਕਾਰੀਆਂ ਨਾਲ ਬਹਿਸ ਕੀਤੀ। ਚਸ਼ਮਦੀਦਾਂ ਮੁਤਾਬਕ ਕਾਰ ਜਾਣਬੁੱਝ ਕੇ 3 ਵਾਰ ਜ਼ਖਮੀ ਨੌਜਵਾਨ ’ਤੇ ਚੜ੍ਹਾਈ ਗਈ ਸੀ। ਪੁਲਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ।
