ਰਿਟਾਇਰਡ ਜੱਜ ’ਤੇ ਹਮਲਾ ਕਰਨ ਵਾਲੇ ਦੋਸ਼ੀ ਨੂੰ 5 ਸਾਲ ਦੀ ਕੈਦ

Saturday, Jan 31, 2026 - 11:35 AM (IST)

ਰਿਟਾਇਰਡ ਜੱਜ ’ਤੇ ਹਮਲਾ ਕਰਨ ਵਾਲੇ ਦੋਸ਼ੀ ਨੂੰ 5 ਸਾਲ ਦੀ ਕੈਦ

ਮੋਹਾਲੀ (ਜੱਸੀ) : ਥਾਣਾ ਮਟੌਰ ਦੀ ਪੁਲਸ ਵੱਲੋਂ ਰਿਟਾਇਰਡ ਜੱਜ ਅਫਤਾਬ ਸਿੰਘ ਬਖ਼ਸ਼ੀ 'ਤੇ ਹਾਕੀ ਨਾਲ ਹਮਲਾ ਕਰਨ ਵਾਲੇ ਗੁਰਅੰਮ੍ਰਿਤ ਸਿੰਘ ਬੰਨੀ ਕਾਹਲੋਂ ਖ਼ਿਲਾਫ਼ ਐੱਫ. ਆਈ. ਆਰ. ਦਰਜ ਕਰਨ ਦੇ ਮਾਮਲੇ ਦੀ ਸੁਣਵਾਈ ਵਧੀਕ ਜ਼ਿਲ੍ਹਾ ਸੈਸ਼ਨ ਜੱਜ ਨੀਤਿਕਾ ਵਰਮਾ ਦੀ ਅਦਾਲਤ ’ਚ ਹੋਈ। ਜ਼ਿਲ੍ਹਾ ਅਦਾਲਤ ਵੱਲੋਂ ਸਰਕਾਰੀ ਧਿਰ ਤੇ ਬਚਾਅ ਪੱਖ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਗੁਰਅੰਮ੍ਰਿਤ ਸਿੰਘ ਬੰਨੀ ਕਾਹਲੋਂ ਨੂੰ ਦੋਸ਼ੀ ਠਹਿਰਾਉਂਦਿਆਂ ਧਾਰਾ 308 'ਚ 5 ਸਾਲ ਦੀ ਕੈਦ, 50 ਹਜ਼ਾਰ ਰੁਪਏ ਜੁਰਮਾਨਾ ਤੇ ਧਾਰਾ 452 ''ਚ 3 ਸਾਲ ਦੀ ਕੈਦ ਅਤੇ 20 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਰਿਟਾਇਰਡ ਜੱਜ ਅਫਤਾਬ ਸਿੰਘ ਬਖ਼ਸ਼ੀ ਵਲੋਂ ਇਸ ਕੇਸ ਦੀ ਪੈਰਵਾਈ ਵਕੀਲ ਐੱਚ. ਐੱਸ.ਧਨੋਆ ਤੇ ਗੁਰਅਮਾਨਤ ਕੌਰ ਕਰ ਰਹੇ ਸਨ।

ਇਸ ਸਬੰਧੀ ਐਡਵੋਕੇਟ ਐੱਚ. ਐੱਸ. ਧਨੋਆ ਨੇ ਦੱਸਿਆ ਕਿ ਬਖ਼ਸ਼ੀ ਵੱਲੋਂ ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਗਿਆ ਸੀ ਕਿ ਉਹ ਰੋਜ਼ਾਨਾ ਸ਼ਾਮ ਨੂੰ ਸੈਰ ਕਰਨ ਲਈ ਜਾਂਦੇ ਸਨ ਤੇ ਸ਼ਾਮ ਨੂੰ ਸੈਰ ਕਰਨ ਤੋਂ ਜਿਵੇਂ ਹੀ ਉਹ ਘਰ ਪਹੁੰਚੇ ਤਾਂ ਅਚਾਨਕ ਬੰਨੀ ਕਾਹਲੋਂ ਗਾਲ੍ਹਾਂ ਕੱਢਦਾ ਹੋਇਆ ਉਨ੍ਹਾਂ ਦੇ ਘਰ ਵੜ ਗਿਆ ਤੇ ਹਾਕੀ ਨਾਲ ਉਸ ਦੇ ਸਿਰ ’ਤੇ ਵਾਰ ਕਰ ਦਿੱਤਾ ਤੇ ਫ਼ਰਾਰ ਹੋ ਗਿਆ। ਉਨ੍ਹਾਂ ਨੂੰ ਪਰਿਵਾਰ ਵੱਲੋਂ ਫੇਜ਼-8 ਦੇ ਨਿੱਜੀ ਹਸਪਤਾਲ ਦਾਖ਼ਲ ਕਰਵਾਇਆ ਗਿਆ। ਉੱਧਰ ਦੂਜੀ ਧਿਰ ਬੰਨੀ ਕਾਹਲੋਂ ਵੱਲੋਂ ਵੀ ਬਖ਼ਸ਼ੀ ਖ਼ਿਲਾਫ਼ ਸ਼ਿਕਾਇਤ ਦਿੱਤੀ ਗਈ ਸੀ। ਜ਼ਿਲ੍ਹਾ ਪੁਲਸ ਵੱਲੋਂ ਇਸ ਮਾਮਲੇ ਦੀ ਜਾਂਚ ਐੱਸ. ਪੀ. ਸਿਟੀ ਨੂੰ ਸੌਂਪੀ ਗਈ, ਜਿਨ੍ਹਾਂ ਨੇ ਮਾਮਲੇ ਦੀ ਪੜਤਾਲ ਤੋਂ ਬਾਅਦ ਗੁਰਅੰਮ੍ਰਿਤ ਸਿੰਘ ਬੰਨੀ ਕਾਹਲੋਂ ਖ਼ਿਲਾਫ਼ 22 ਮਈ 2014 ਨੂੰ ਥਾਣਾ ਮਟੌਰ ਵਿਖੇ ਮਾਮਲਾ ਦਰਜ ਕੀਤਾ ਗਿਆ ਸੀ।


author

Babita

Content Editor

Related News