ਵਿਆਹੁਤਾ ਔਰਤ ਦੀ ਸ਼ੱਕੀ ਹਾਲਾਤ ’ਚ ਮੌਤ
Thursday, Feb 05, 2026 - 10:30 AM (IST)
ਅਬੋਹਰ (ਸੁਨੀਲ) : ਸਥਾਨਕ ਪੰਜਪੀਰ ਨਗਰ ਗਲੀ ਨੰਬਰ- ਵਾਸੀ ਇਕ ਵਿਆਹੁਤਾ ਔਰਤ ਦੀ ਬੁੱਧਵਾਰ ਨੂੰ ਸ਼ੱਕੀ ਹਾਲਾਤ ’ਚ ਮੌਤ ਹੋ ਗਈ। ਘਟਨਾ ਦੀ ਜਾਣਕਾਰੀ ਮਿਲਦੇ ਹੀ ਮ੍ਰਿਤਕ ਦੇ ਮਾਪਿਆਂ ਨੇ ਪੁਲਸ ਨੂੰ ਸੂਚਿਤ ਕੀਤਾ ਅਤੇ ਉਸ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਦੇ ਮੁਰਦਾਘਰ ’ਚ ਰੱਖਿਆ ਗਿਆ। ਸਿਟੀ ਥਾਣਾ ਨੰਬਰ-1 ਦੀ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। ਜਾਣਕਾਰੀ ਦਿੰਦੇ ਹੋਏ ਫਾਜ਼ਿਲਕਾ ਦੇ ਆਨੰਦਪੁਰਾ ਮੁਹੱਲਾ ਵਾਸੀ ਮ੍ਰਿਤਕਾ ਦੇ ਭਰਾ ਅਜੈ ਕੁਮਾਰ ਪੁੱਤਰ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਉਸ ਦੀ ਭੈਣ ਪੱਲਵੀ ਦਾ ਵਿਆਹ ਕਰੀਬ 8 ਸਾਲ ਪਹਿਲਾਂ ਪੰਜਪੀਰ ਨਗਰ ਗਲੀ ਨੰਬਰ-1, ਅਬੋਹਰ ਦੇ ਰਹਿਣ ਵਾਲੇ ਗੁਰਪ੍ਰੀਤ ਉਰਫ਼ ਗੋਰਾ ਨਾਲ ਹੋਇਆ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਦੋ ਪੁੱਤਰਾਂ ਨੂੰ ਜਨਮ ਦਿੱਤਾ।
ਅਜੈ ਨੇ ਕਿਹਾ ਕਿ ਵਿਆਹ ਤੋਂ ਥੋੜ੍ਹੀ ਦੇਰ ਬਾਅਦ ਹੀ ਪੱਲਵੀ ਦਾ ਪਤੀ ਅਤੇ ਸੱਸ ਉਸ ਨੂੰ ਉਸ ਦੇ ਮਾਪਿਆਂ ਦੇ ਘਰੋਂ ਪੈਸੇ ਲਿਆਉਣ ਲਈ ਤੰਗ-ਪਰੇਸ਼ਾਨ ਕਰ ਰਹੇ ਸਨ। ਉਸ ਨੇ ਦੱਸਿਆ ਕਿ 30 ਜਨਵਰੀ ਨੂੰ ਮੇਰੇ ਤਾਏ ਦੇ ਪੁੱਤਰ ਦਾ ਫਿਰੋਜ਼ਪੁਰ ’ਚ ਵਿਆਹ ਸੀ, ਪੱਲਵੀ ਆਪਣੇ ਦੋ ਬੱਚਿਆਂ ਨਾਲ ਵਿਆਹ ’ਚ ਸ਼ਾਮਲ ਹੋਈ ਪਰ ਵਾਰ-ਵਾਰ ਬੇਨਤੀ ਕਰਨ ਦੇ ਬਾਵਜੂਦ, ਉਸ ਦੇ ਪਤੀ ਗੁਰਪ੍ਰੀਤ ਨੇ ਉਸ ਦੇ ਨਾਲ ਜਾਣ ਤੋਂ ਇਨਕਾਰ ਕਰ ਦਿੱਤਾ। ਉਸ ਨੇ ਦੱਸਿਆ ਕਿ ਜਦੋਂ ਪੱਲਵੀ ਵਿਆਹ ’ਚ ਪਹੁੰਚੀ ਤਾਂ ਗੁਰਪ੍ਰੀਤ ਨੇ ਉਸ ਨੂੰ ਵਾਰ-ਵਾਰ ਖ਼ੁਦਕੁਸ਼ੀ ਦੀਆਂ ਧਮਕੀਆਂ ਦੇ ਕੇ ਪਰੇਸ਼ਾਨ ਕੀਤਾ ਅਤੇ ਬਾਅਦ ’ਚ ਆਪਣੇ ਮੋਟਰਸਾਈਕਲ ’ਤੇ ਫਿਰੋਜ਼ਪੁਰ ਚਲਾ ਗਿਆ, ਹਾਲਾਂਕਿ ਪਰਿਵਾਰ ਨੇ ਵਿਆਹ ਸਮਾਰੋਹ ਦੇ ਵਿਚਕਾਰ ਪੱਲਵੀ ਨੂੰ ਉਸ ਦੇ ਪਤੀ ਨਾਲ ਅਬੋਹਰ ਭੇਜ ਦਿੱਤਾ।
ਅਜੈ ਨੇ ਦੱਸਿਆ ਕਿ ਉਸ ਦੇ ਪਿਤਾ ਨੂੰ ਖ਼ਬਰ ਮਿਲੀ ਕਿ ਪੱਲਵੀ ਦੀ ਮੌਤ ਹੋ ਗਈ ਹੈ। ਜਦੋਂ ਉਹ ਖ਼ਬਰ ਮਿਲਣ ’ਤੇ ਅਬੋਹਰ ਪਹੁੰਚਿਆ ਤਾਂ ਪੱਲਵੀ ਦੀ ਲਾਸ਼ ਘਰ ’ਚ ਪਈ ਸੀ। ਉਸ ਨੇ ਪੁਲਸ ਨੂੰ ਸੂਚਿਤ ਕੀਤਾ। ਅਜੇ ਕੁਮਾਰ ਨੇ ਦੱਸਿਆ ਕਿ ਉਸ ਦੀ ਇਕ ਭੈਣ ਜਲਾਲਾਬਾਦ ’ਚ ਵਿਆਹੀ ਹੋਈ ਹੈ ਅਤੇ ਗੁਰਪ੍ਰੀਤ ਅਤੇ ਉਸ ਦੀ ਮਾਂ ਨਿੰਮੋ ਉਸ ਦੀ ਭੈਣ ਨੂੰ ਵਾਰ-ਵਾਰ ਮਾਪਿਆਂ ਤੋਂ ਪੈਸੇ ਆਦਿ ਲਿਆਉਣ ਲਈ ਪਰੇਸ਼ਾਨ ਕਰਦੇ ਸੀ। ਉਸ ਨੇ ਕਥਿਤ ਦੋਸ਼ ਲਾਇਆ ਕਿ ਪੈਸੇ ਨਾ ਦੇਣ ਕਾਰਨ ਹੀ ਇਨ੍ਹਾਂ ਦੋਵਾਂ ਮਾਂ-ਪੁੱਤਰ ਨੇ ਉਸ ਦੀ ਭੈਣ ਦੀ ਹੱਤਿਆ ਕਰ ਦਿੱਤੀ। ਉਸ ਨੇ ਪੁਲਸ ਤੋਂ ਗੁਰਪ੍ਰੀਤ ਅਤੇ ਨਿੰਮੋਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਥਾਣਾ ਇੰਚਾਰਜ ਰਵਿੰਦਰ ਸਿੰਘ ਭੀਟੀ ਨੇ ਕਿਹਾ ਕਿ ਜਾਂਚ ਜਾਰੀ ਹੈ ਅਤੇ ਮ੍ਰਿਤਕ ਦੇ ਮਾਪਿਆਂ ਦੇ ਬਿਆਨਾਂ ਦੇ ਆਧਾਰ ’ਤੇ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ। ਮ੍ਰਿਤਕ ਦਾ ਪੋਸਟਮਾਰਟਮ ਕੱਲ ਵੀਰਵਾਰ ਨੂੰ ਕੀਤਾ ਜਾਵੇਗਾ।
