ਪਰਿਵਾਰ ਨੇ ਹੀ ਸੁਪਾਰੀ ਦੇ ਕੇ ਕਰਵਾਇਆ ਸੀ ਏ. ਐੱਸ. ਆਈ. ਮਦਨ ਲਾਲ ਨੂੰ ਕਤਲ

Tuesday, Jun 20, 2017 - 12:56 AM (IST)

ਹੁਸ਼ਿਆਰਪੁਰ, (ਅਸ਼ਵਨੀ)- ਸ਼ਾਮਚੁਰਾਸੀ ਦੇ ਨਜ਼ਦੀਕੀ ਪਿੰਡ ਕਾਣੇ ਵਾਸੀ ਸੀ. ਆਈ. ਐੱਸ.ਐੱਫ. ਦੇ ਸੇਵਾਮੁਕਤ ਏ. ਐੱਸ. ਆਈ. ਮਦਨ ਲਾਲ ਦੇ ਅੰਨ੍ਹੇ ਕਤਲ ਦੀ ਗੁੱਥੀ ਸੁਲਝਾਉਣ 'ਚ ਪੁਲਸ ਨੇ ਸਫ਼ਲਤਾ ਪ੍ਰਾਪਤ ਕਰ ਕੇ ਮ੍ਰਿਤਕ ਦੇ ਲੜਕੇ ਦੀਪਕ ਉਰਫ ਰਾਜੂ ਅਤੇ ਇਕ ਹੋਰ ਦੋਸ਼ੀ ਸੁਖਦੀਪ ਸਿੰਘ ਨੂੰ ਕਤਲ ਦੇ ਦੋਸ਼ 'ਚ ਧਾਰਾ 302 ਅਤੇ ਮਦਨ ਲਾਲ ਦੀ ਪਤਨੀ ਨਿਰਮਲ ਕੌਰ ਨੂੰ ਸਾਜ਼ਿਸ਼ ਰਚਣ ਦੇ ਦੋਸ਼ 'ਚ ਧਾਰਾ 120-ਬੀ ਤਹਿਤ ਗ੍ਰਿਫ਼ਤਾਰ ਕਰ ਲਿਆ ਹੈ। 
ਐੱਸ. ਐੱਸ. ਪੀ. ਹਰਚਰਨ ਸਿੰਘ ਭੁੱਲਰ ਨੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ 15 ਜੂਨ ਨੂੰ ਸ਼ਾਮਚੁਰਾਸੀ-ਪੰਡੋਰੀ ਫੰਗੂੜੇ ਸੰਪਰਕ ਸੜਕ 'ਤੇ ਮਦਨ ਲਾਲ ਨੂੰ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਕੇ ਉਸ ਦੀ ਲਾਸ਼ ਸੜਕ 'ਤੇ ਸੁੱਟ ਦਿੱਤੀ ਗਈ ਸੀ। ਮ੍ਰਿਤਕ ਦੀ ਪਤਨੀ ਨਿਰਮਲ ਕੌਰ ਦੀ ਸ਼ਿਕਾਇਤ 'ਤੇ ਪੁਲਸ ਨੇ ਅਣਪਛਾਤੇ ਵਿਅਕਤੀਆਂ ਖਿਲਾਫ਼ ਥਾਣਾ ਬੁੱਲ੍ਹੋਵਾਲ ਵਿਖੇ ਕੇਸ ਦਰਜ ਕੀਤਾ ਸੀ। ਅੰਨ੍ਹੇ ਕਤਲ ਦੀ ਗੁੱਥੀ ਸੁਲਝਾਉਣ ਲਈ ਉਨ੍ਹਾਂ ਨੇ ਐੱਸ. ਪੀ. ਹੈੱਡਕੁਆਟਰ-ਕਮ-ਇਨਵੈਸਟੀਗੇਸ਼ਨ ਅਮਰੀਕ ਸਿੰਘ ਪਵਾਰ ਦੀ ਅਗਵਾਈ 'ਚ ਡੀ. ਐੱਸ. ਪੀ. ਸਪੈਸ਼ਲ ਬ੍ਰਾਂਚ ਹਰਜਿੰਦਰ ਸਿੰਘ, ਬੁੱਲ੍ਹੋਵਾਲ ਦੇ ਥਾਣਾ ਮੁਖੀ ਸੁਖਵਿੰਦਰ ਸਿੰਘ ਤੇ ਸੀ. ਆਈ. ਏ. ਸਟਾਫ਼ ਦੇ ਇੰਚਾਰਜ ਸਤਨਾਮ ਸਿੰਘ 'ਤੇ ਆਧਾਰਿਤ ਸਪੈਸ਼ਲ ਇਨਵੈਸਟੀਗੇਸ਼ਨ ਟੀਮ (ਐੱਸ. ਆਈ. ਟੀ.) ਦਾ ਗਠਨ ਕੀਤਾ ਸੀ। ਟੀਮ ਵੱਲੋਂ ਵੱਖ-ਵੱਖ ਪਹਿਲੂਆਂ ਤੋਂ ਬਾਰੀਕੀ ਨਾਲ ਛਾਣਬੀਣ ਕੀਤੀ ਗਈ। 
ਐੱਸ. ਐੱਸ. ਪੀ. ਨੇ ਦੱਸਿਆ ਕਿ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਮਦਨ ਲਾਲ ਸੀ. ਆਈ. ਐੱਸ.ਐੱਫ. ਤੋਂ ਸੇਵਾ-ਮੁਕਤ ਹੋਣ ਤੋਂ ਬਾਅਦ ਆਪਣੇ ਪਿੰਡ ਆ ਕੇ ਡਿਪਰੈਸ਼ਨ 'ਚ ਰਹਿੰਦਾ ਸੀ। ਉਹ ਘਰ 'ਚ ਆਪਣੀ ਪਤਨੀ ਨਿਰਮਲ ਕੌਰ ਤੇ ਲੜਕੀ ਨਾਲ ਵੀ ਕੁੱਟਮਾਰ ਕਰ ਕੇ ਅਕਸਰ ਘਰੋਂ ਬਾਹਰ ਕੱਢ ਦਿੰਦਾ ਸੀ। ਨਿਰਮਲ ਕੌਰ ਇਸ ਸਬੰਧੀ ਆਪਣੇ ਲੜਕੇ ਦੀਪਕ ਉਰਫ ਰਾਜੂ ਤੇ ਪ੍ਰਿੰਸਪ੍ਰੀਤ ਸਿੰਘ, ਜੋ ਕੁਵੈਤ ਵਿਚ ਰਹਿੰਦੇ ਹਨ, ਨੂੰ ਫੋਨ 'ਤੇ ਦੱਸਦੀ ਰਹਿੰਦੀ ਸੀ। 
ਦੋਵਾਂ ਲੜਕਿਆਂ ਤੇ ਪਤਨੀ ਨੇ ਰਚੀ ਸੀ ਸਾਜ਼ਿਸ਼ : ਐੱਸ. ਐੱਸ. ਪੀ. ਨੇ ਦੱਸਿਆ ਕਿ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਨਿਰਮਲ ਕੌਰ ਤੇ ਦੋਵਾਂ ਲੜਕਿਆਂ ਦੀਪਕ ਉਰਫ ਰਾਜੂ ਤੇ ਪ੍ਰਿੰਸਪ੍ਰੀਤ ਨੇ ਨਿੱਤ ਦਾ ਕਲੇਸ਼ ਖਤਮ ਕਰਨ ਲਈ ਮਦਨ ਲਾਲ ਦੇ ਕਤਲ ਦੀ ਯੋਜਨਾ ਬਣਾਈ, ਜਿਸ ਅਨੁਸਾਰ ਦੀਪਕ ਉਰਫ ਰਾਜੂ 9 ਜੂਨ ਨੂੰ ਕੁਵੈਤ ਤੋਂ ਪਿੰਡ ਵਾਪਸ ਆਇਆ ਅਤੇ ਪ੍ਰਿੰਸਪ੍ਰੀਤ ਨੇ ਕੁਵੈਤ ਤੋਂ ਡੇਢ ਲੱਖ ਰੁਪਏ ਦੀਪਕ ਉਰਫ ਰਾਜੂ ਨੂੰ ਭੇਜੇ। ਦੀਪਕ ਨੇ 2 ਹੋਰ ਵਿਅਕਤੀਆਂ ਸੁਖਦੀਪ ਸਿੰਘ ਪੁੱਤਰ ਸਤਪਾਲ ਸਿੰਘ ਵਾਸੀ ਅਹਿਰਾਣਾ ਖੁਰਦ ਥਾਣਾ ਮੇਹਟੀਆਣਾ ਅਤੇ ਰਛਪਾਲ ਸਿੰਘ ਪੁੱਤਰ ਮੋਹਣ ਲਾਲ ਵਾਸੀ ਅਹਿਰਾਣਾ ਕਲਾਂ ਨਾਲ ਮਿਲ ਕੇ ਆਪਣੇ ਪਿਤਾ ਮਦਨ ਲਾਲ ਨੂੰ ਕਤਲ ਕਰਨ ਦੀ ਯੋਜਨਾ ਬਣਾਈ। ਇਸ ਦੇ ਲਈ ਉਸ ਨੇ ਡੇਢ ਲੱਖ ਦੀ ਸੁਪਾਰੀ ਵੀ ਦੋਵਾਂ ਨੂੰ ਦਿੱਤੀ। ਬੀਤੀ 15 ਜੂਨ ਨੂੰ ਦੀਪਕ ਉਰਫ ਰਾਜੂ ਨੇ ਆਪਣੇ ਪਿਤਾ ਮਦਨ ਲਾਲ ਨੂੰ ਫੋਨ 'ਤੇ ਕਿਹਾ ਕਿ ਉਸ ਦੀ ਗੱਡੀ ਖਰਾਬ ਹੋ ਗਈ ਹੈ ਅਤੇ ਉਸ ਨੂੰ ਵਾਰਦਾਤ ਵਾਲੀ ਥਾਂ 'ਤੇ ਬੁਲਾ ਲਿਆ। ਮਦਨ ਲਾਲ ਜਦੋਂ ਆਪਣੇ ਮੋਟਰਸਾਈਕਲ 'ਤੇ ਰਾਜੂ ਵੱਲੋਂ ਦੱਸੇ ਸਥਾਨ 'ਤੇ ਪਹੁੰਚਿਆ ਤਾਂ ਸੁਖਦੀਪ ਸਿੰਘ, ਰਛਪਾਲ ਸਿੰਘ ਅਤੇ ਰਾਜੂ ਨੇ ਮਿਲ ਕੇ ਮਦਨ ਲਾਲ ਨੂੰ ਕਤਲ ਕਰ ਦਿੱਤਾ ਅਤੇ ਉਸ ਦੀ ਲਾਸ਼ ਨੂੰ ਉਥੇ ਹੀ ਸੁੱਟ ਕੇ ਆਪਣੇ ਘਰਾਂ ਨੂੰ ਚਲੇ ਗਏ। 
ਰਛਪਾਲ ਸਿੰਘ ਦੋਹਰੇ ਕਤਲਕਾਂਡ 'ਚ ਜ਼ਮਾਨਤ 'ਤੇ ਆਇਆ ਹੋਇਆ ਸੀ : ਐੱਸ. ਐੱਸ. ਪੀ. ਨੇ ਦੱਸਿਆ ਕਿ ਦੋਸ਼ੀ ਰਛਪਾਲ ਸਿੰਘ, ਜੋ ਅਜੇ ਤੱਕ ਫ਼ਰਾਰ ਹੈ, ਦੀ ਗ੍ਰਿਫ਼ਤਾਰੀ ਲਈ ਪੁਲਸ ਛਾਪੇਮਾਰੀ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਰਛਪਾਲ ਸਿੰਘ ਖਿਲਾਫ਼ ਥਾਣਾ ਮੇਹਟੀਆਣਾ ਵਿਚ ਪਹਿਲਾਂ ਵੀ ਦੋਹਰੇ ਕਤਲ ਸਬੰਧੀ 2011 'ਚ ਮਾਮਲਾ ਦਰਜ ਹੈ। ਰਛਪਾਲ ਸਿੰਘ ਜ਼ਮਾਨਤ 'ਤੇ ਜੇਲ ਵਿਚੋਂ ਬਾਹਰ ਆਇਆ ਹੋਇਆ ਸੀ। 
ਪ੍ਰਿੰਸਪ੍ਰੀਤ ਦਾ ਹੋਵੇਗਾ ਐੱਲ. ਓ. ਸੀ. ਜਾਰੀ : ਉਨ੍ਹਾਂ ਕਿਹਾ ਕਿ ਕੁਵੈਤ 'ਚ ਰਹਿੰਦੇ ਮਦਨ ਲਾਲ ਦੇ ਦੂਸਰੇ ਲੜਕੇ ਪ੍ਰਿੰਸਪ੍ਰੀਤ, ਜਿਸ ਖਿਲਾਫ਼ ਸਾਜ਼ਿਸ਼ ਰਚਣ ਦਾ ਦੋਸ਼ ਹੈ, ਦੀ ਗ੍ਰਿਫ਼ਤਾਰੀ ਲਈ ਲੁੱਕ ਆਊਟ ਕਾਰਨਰ (ਐੱਲ. ਓ. ਸੀ.) ਜਾਰੀ ਕੀਤਾ ਜਾ ਰਿਹਾ ਹੈ। ਇਸ ਮੌਕੇ ਅਮਰੀਕ ਸਿੰਘ ਪਵਾਰ, ਡੀ. ਐੱਸ. ਪੀ. ਹਰਜਿੰਦਰ ਸਿੰਘ, ਸਬ-ਇੰਸਪੈਕਟਰ ਸਤਨਾਮ ਸਿੰਘ, ਸਬ- ਇੰਸਪੈਕਟਰ ਸੁਲੱਖਣ ਸਿੰਘ ਵੀ ਮੌਜੂਦ ਸਨ।


Related News