ਕਤਲ ਦੇ ਦੋਸ਼ੀਆਂ ਨੂੰ ਉਮਰ ਕੈਦ ਦੀ ਸਜ਼ਾ

Thursday, Sep 19, 2024 - 05:22 PM (IST)

ਅਬੋਹਰ (ਸੁਨੀਲ) : ਮਾਣਯੋਗ ਐਡੀਸ਼ਨਲ ਸੈਸ਼ਨ ਜੱਜ ਫਾਜ਼ਿਲਕਾ ਅਜੀਤ ਪਾਲ ਸਿੰਘ ਦੀ ਅਦਾਲਤ ਨੇ ਸਾਲ 2020 ਵਿਚ ਵਾਪਰੇ ਇਕ ਕਤਲ ਦੇ ਮਾਮਲੇ ਵਿਚ 3 ਲੋਕਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ, ਜਦੋਂ ਕਿ ਉਨ੍ਹਾਂ ਦੇ ਚੌਥੇ ਸਾਥੀ ਨੂੰ 5 ਸਾਲਾਂ ਦੀ ਸਜ਼ਾ ਸੁਣਾਈ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਸ ਕੇਸ ਵਿਚ ਸੀ. ਟੀ. ਥਾਣਾ ਨੰਬਰ-1 ਅਬੋਹਰ ਵਿਖੇ ਮੁਕੱਦਮਾ ਦਰਜ ਕੀਤਾ ਗਿਆ ਸੀ। ਇਹ ਮੁਕੱਦਮਾ ਬਸੰਤ ਨਗਰ ਵਾਸੀ ਸੁਖਚਰਨ ਸਿੰਘ ਦੇ ਬਿਆਨਾਂ ’ਤੇ ਦਰਜ ਕੀਤਾ ਗਿਆ ਸੀ। ਮੁਕੱਦਮੇ ਅਨੁਸਾਰ ਸ਼ਿਕਾਇਤ ਕਰਤਾ ਦੇ ਪੁੱਤਰ ਗੁਰਵਿੰਦਰ ਸਿੰਘ ਜੋ ਕਿ ਪੁਲਸ ਵਿਭਾਗ ਵਿਚ ਨੌਕਰੀ ਕਰਦਾ ਸੀ, ਨੂੰ ਕਾਰ ਸਵਾਰ ਦੋਸ਼ੀਆਂ ਨੇ ਉਨ੍ਹਾਂ ਦੀ ਗਲੀ ਵਿਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ।

ਮੁਕੱਦਮੇ ਦੀ ਸੁਣਵਾਈ ਕਰਦਿਆਂ ਸਾਰੇ ਤੱਥਾਂ ਅਤੇ ਗਵਾਹਾਂ ਦੇ ਆਧਾਰ ’ਤੇ ਮਾਣਯੋਗ ਵਧੀਕ ਸੈਸ਼ਨ ਜੱਜ ਅਜੀਤ ਪਾਲ ਸਿੰਘ ਦੀ ਅਦਾਲਤ ਨੇ ਤਿੰਨ ਦੋਸ਼ੀਆਂ ਨਮਨਦੀਪ ਗੋਦਾਰਾ, ਵਿਕਰਮਜੀਤ ਅਤੇ ਵਿਜੇ ਲਕਸ਼ਮੀ ਨੂੰ ਉਮਰ ਕੈਦ ਦੀ ਸਜ਼ਾ ਅਤੇ 10-10 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਜੁਰਮਾਨਾ ਅਦਾ ਨਾ ਕਰਨ ’ਤੇ ਦੋ ਸਾਲ ਵਾਧੂ ਸਜ਼ਾ ਭੁਗਤਣੀ ਪਵੇਗੀ। ਇਸੇ ਤਰ੍ਹਾਂ ਇਨ੍ਹਾਂ ਤਿੰਨਾਂ ਨੂੰ ਧਾਰਾ 201 ਦੇ ਤਹਿਤ ਤਿੰਨ ਸਾਲਾਂ ਦੀ ਸਖ਼ਤ ਕੈਦ ਦੀ ਸਜ਼ਾ ਸੁਣਾਈ ਗਈ ਹੈ ਅਤੇ 10-10 ਹਜ਼ਾਰ ਰੁਪਏ ਜੁਰਮਾਨਾ ਕੀਤਾ ਗਿਆ ਹੈ।

ਜੁਰਮਾਨਾ ਅਦਾ ਨਾ ਕਰਨ ’ਤੇ ਇਕ ਸਾਲ ਵਾਧੂ ਸਜ਼ਾ ਭੁਗਤਣੀ ਪਵੇਗੀ। ਇਸੇ ਤਰ੍ਹਾਂ 25 ਆਰਮਸ ਐਕਟ ਤਹਿਤ ਵੀ ਇਨ੍ਹਾਂ ਨੂੰ ਪੰਜ-ਪੰਜ ਸਾਲ ਦੀ ਸਜ਼ਾ ਸੁਣਾਈ ਗਈ ਹੈ ਅਤੇ ਨਾਲ ਦੀ ਨਾਲ 10-10 ਹਜ਼ਾਰ ਰੁਪਏ ਦਾ ਜੁਰਮਾਨਾ ਕੀਤਾ ਗਿਆ ਹੈ। ਜੁਰਮਾਨਾ ਅਦਾ ਨਾ ਕਰਨ ’ਤੇ ਇਨ੍ਹਾਂ ਨੂੰ ਇਕ-ਇਕ ਸਾਲ ਹੋਰ ਸਜ਼ਾ ਭੁਗਤਣੀ ਪਵੇਗੀ। ਇਨ੍ਹਾਂ ਦੇ ਚੌਥੇ ਸਾਥੀ ਨਰੇਸ਼ ਕੁਮਾਰ ਨੂੰ 25 ਆਰਮਸ ਐਕਟ ਤਹਿਤ ਪੰਜ ਸਾਲਾਂ ਦੀ ਸਖ਼ਤ ਕੈਦ ਦੀ ਸਜ਼ਾ ਸੁਣਾਈ ਗਈ ਹੈ ਅਤੇ 10 ਹਜ਼ਾਰ ਰੁਪਏ ਦਾ ਜੁਰਮਾਨਾ ਕੀਤਾ ਗਿਆ ਹੈ। ਜੁਰਮਾਨਾ ਅਦਾ ਨਾ ਕਰਨ ’ਤੇ ਇਕ ਸਾਲ ਦੀ ਵਾਧੂ ਕੈਦ ਭੁਗਤਣੀ ਪਵੇਗੀ।


Babita

Content Editor

Related News