ਡਾਕਟਰ ਪਤਨੀ ਤੋਂ ਦਾਜ ਦਾ ਲਾਲਚ! ਹੜਪ ਲਏ ਲੱਖਾਂ ਰੁਪਏ ਦੇ ਗਹਿਣੇ ਤੇ ਹੋਰ ਸਾਮਾਨ
Saturday, Feb 28, 2026 - 06:41 PM (IST)
ਲੁਧਿਆਣਾ (ਰਾਜ): ਸਮਾਜ ਵਿਚ ਦਾਜ ਪ੍ਰਥਾ ਦੀਆਂ ਜੜ੍ਹਾਂ ਕਿਸ ਕਦਰ ਡੂੰਘੀਆਂ ਹਨ, ਇਸ ਦਾ ਇਕ ਹੋਰ ਕਾਲਾ ਚਿਹਰਾ ਸਾਹਮਣੇ ਆਇਆ ਹੈ। ਇਕ ਨਵ-ਵਿਆਹੁਤਾ ਨੂੰ ਉਸ ਦੇ ਸਹੁਰਾ ਪੱਖ ਵੱਲੋਂ ਨਾ ਸਿਰਫ਼ ਮਾਨਸਿਕ ਅਤੇ ਸਰੀਰਕ ਤੌਰ 'ਤੇ ਪ੍ਰੇਸ਼ਾਨ ਕੀਤਾ ਗਿਆ, ਸਗੋਂ ਧੋਖੇ ਨਾਲ ਉਸ ਦੇ ਬੈਂਕ ਖਾਤੇ ਅਤੇ ਜਮ੍ਹਾਂਪੂੰਜੀ 'ਤੇ ਵੀ ਕਬਜ਼ਾ ਕਰ ਲਿਆ ਗਿਆ। ਡਾਕਟਰ ਰਮਨਜੋਤ ਕੌਰ ਵੱਲੋਂ ਦਿੱਤੀ ਗਈ ਸ਼ਿਕਾਇਤ ਦੀ ਪੜਤਾਲ ਤੋਂ ਬਾਅਦ ਪੁਲਸ ਨੇ ਇਸ ਮਾਮਲੇ ਵਿਚ ਮੁਲਜ਼ਮ ਪਤੀ ਅਰਸ਼ਦੀਪ ਸਿੰਘ, ਸੱਸ ਅਮਰਜੀਤ ਕੌਰ ਅਤੇ ਸਹੁਰਾ ਗੁਰਜੀਤ ਸਿੰਘ ਦੇ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।
ਜਾਣਕਾਰੀ ਅਨੁਸਾਰ ਪੀੜਤਾ ਰਮਨਜੋਤ ਸਿੰਘ ਦਾ ਵਿਆਹ 25 ਜਨਵਰੀ 2025 ਨੂੰ ਅਰਸ਼ਦੀਪ ਸਿੰਘ ਢਿੱਲੋਂ ਦੇ ਨਾਲ ਹੋਇਆ ਸੀ। ਪਰ ਵਿਆਹ ਦੇ ਕੁਝ ਸਮੇਂ ਬਾਅਦ ਹੀ ਅਰਸ਼ਦੀਪ ਦੇ ਅਸਲੀ ਰੰਗ ਸਾਹਮਣੇ ਆਉਣ ਲੱਗੇ। ਦੋਸ਼ ਹੈ ਕਿ ਪਤੀ ਅਤੇ ਸਹੁਰਾ ਪੱਖ ਦੇ ਲੋਕ ਪੀੜਤਾ 'ਤੇ ਹੋਰ ਦਾਜ ਲਿਆਉਣ ਦਾ ਦਬਾਅ ਬਣਾਉਣ ਲੱਗੇ। ਜਦੋਂ ਪੀੜਤਾ ਨੇ ਉਨ੍ਹਾਂ ਦੀਆਂ ਨਾਜਾਇਜ਼ ਮੰਗਾਂ ਦਾ ਵਿਰੋਧ ਕੀਤਾ, ਤਾਂ ਉਸ ਨੂੰ ਮਾਨਸਿਕ ਅਤੇ ਸਰੀਰਕ ਰੂਪ ਵਿਚ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਗਿਆ। ਜ਼ੁਲਮ ਦੀ ਇੰਤਹਾ ਇੱਥੇ ਹੀ ਨਹੀਂ ਰੁਕੀ, ਪੀੜਤਾ ਦਾ ਆਰੋਪ ਹੈ ਕਿ ਉਸਦੇ ਪਤੀ ਨੇ ਡਰਾ-ਧਮਕਾ ਕੇ ਉਸਦੀ 'ਗੋਲਡ ਚੈੱਕ ਬੁੱਕ', ਡੈਬਿਟ ਕਾਰਡ ਅਤੇ ਕ੍ਰੈਡਿਟ ਕਾਰਡ ਆਪਣੇ ਕਬਜ਼ੇ ਵਿਚ ਲੈ ਲਏ। ਇੰਨਾ ਹੀ ਨਹੀਂ, ਸਹੁਰਾ ਪੱਖ ਨੇ ਪੀੜਤਾ ਦਾ ਕਰੀਬ 15 ਲੱਖ ਰੁਪਏ ਦੀ ਕੀਮਤ ਦਾ ਸੋਨਾ ਵੀ ਹੜੱਪ ਲਿਆ। ਪੀੜਤਾ ਹੁਣ ਇਨਸਾਫ਼ ਲਈ ਦਰ-ਦਰ ਦੀਆਂ ਠੋਕਰਾਂ ਖਾ ਰਹੀ ਹੈ। ਪੁਲਸ ਨੇ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਜਾਂਚ ਦਾ ਘੇਰਾ ਵਧਾ ਦਿੱਤਾ ਹੈ।
