ਦੇਹ ਵਪਾਰ ਮਾਮਲੇ ’ਚ ਅਦਾਲਤ ਨੇ ਨਾਬਾਲਗ ਕੁੜੀ ਨੂੰ ਕੀਤਾ ਬਰੀ
Friday, Feb 23, 2024 - 04:16 PM (IST)
ਚੰਡੀਗੜ੍ਹ (ਸੁਸ਼ੀਲ) : ਕਜਹੇੜੀ ਦੇ ਇਕ ਹੋਟਲ ’ਚ ਦੇਹ ਵਪਾਰ ਦੇ ਮਾਮਲੇ ’ਚ ਫੜ੍ਹੀ ਨਾਬਾਲਗ ਨੂੰ ਬਾਲ ਅਦਾਲਤ ਨੇ ਸਬੂਤਾਂ ਦੀ ਘਾਟ ਕਾਰਨ ਬਰੀ ਕਰ ਦਿੱਤਾ ਹੈ। ਬਚਾਅ ਪੱਖ ਦੇ ਵਕੀਲ ਐਡਵੋਕੇਟ ਰਮਨ ਸਿਹਾਗ ਅਤੇ ਨੀਰਜ ਨੇ ਦਲੀਲ ਦਿੱਤੀ ਕਿ ਨਾਬਾਲਗ ਦਾ ਕੇਸ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਇਸ ਦੇ ਨਾਲ ਹੀ ਪੁਲਸ ਵਲੋਂ ਗਵਾਹ ਬਣਾਈ ਗਈ ਔਰਤ ਨੇ ਅਦਾਲਤ ’ਚ ਦੱਸਿਆ ਕਿ ਉਹ ਹੋਟਲ ’ਚ ਵਿਆਹ ਦੀ ਵਰ੍ਹੇਗੰਢ ਮਨਾਉਣ ਆਈ ਸੀ।
ਪੁਲਸ ਨੇ ਹੋਟਲ ’ਤੇ ਛਾਪਾ ਮਾਰਿਆ ਤਾਂ ਪੁਲਸ ਨੇ ਉਸ ਤੋਂ ਖਾਲ਼ੀ ਕਾਗਜ਼ ’ਤੇ ਦਸਤਖ਼ਤ ਕਰਵਾ ਦਿੱਤੇ। ਜਦੋਂਕਿ ਸ਼ਿਕਾਇਤਕਰਤਾ ਏ.ਐੱਸ.ਪੀ. ਨੇਹਾ ਯਾਦਵ ਮਾਮਲੇ ਦੀ ਜਾਂਚ ਅਧਿਕਾਰੀ ਸੀ। ਅਦਾਲਤ ਨੇ ਐਡਵੋਕੇਟ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਨਾਬਾਲਗ ਕੁੜੀ ਨੂੰ ਬਰੀ ਕਰ ਦਿੱਤਾ। ਸੈਕਟਰ-36 ਥਾਣੇ ਦੀ ਪੁਲਸ ਨੇ ਛਾਪੇਮਾਰੀ ਦੌਰਾਨ ਹੋਟਲ ਮੈਨੇਜਰ ਜੋਬਨ ਸਿੰਘ, ਗੌਰਵ ਸ਼ਰਮਾ, ਰਿਤਿਕ ਸ਼ਰਮਾ ਅਤੇ ਇੱਕ ਕੁੜੀ ਤੇ ਇੱਕ ਔਰਤ ਨੂੰ ਵੀ ਗ੍ਰਿਫ਼ਤਾਰ ਕੀਤਾ ਸੀ।