ਰੇਲਵੇ ਟਿਕਟ ਸਟਾਫ ਨੇ ਨਾਬਾਲਗ ਬੱਚੀ ਨੂੰ ਸੁਰੱਖਿਅਤ ਪਰਿਵਾਰ ਤੱਕ ਪਹੁੰਚਾਉਣ ਦੀ ਨਿਭਾਈ ਜ਼ਿੰਮੇਵਾਰੀ

Friday, Mar 13, 2026 - 05:23 PM (IST)

ਰੇਲਵੇ ਟਿਕਟ ਸਟਾਫ ਨੇ ਨਾਬਾਲਗ ਬੱਚੀ ਨੂੰ ਸੁਰੱਖਿਅਤ ਪਰਿਵਾਰ ਤੱਕ ਪਹੁੰਚਾਉਣ ਦੀ ਨਿਭਾਈ ਜ਼ਿੰਮੇਵਾਰੀ

ਜੈਤੋ (ਪ੍ਰਾਸ਼ਰ) : ਉੱਤਰ ਰੇਲਵੇ ਦੇ ਫਿਰੋਜ਼ਪੁਰ ਰੇਲ ਮੰਡਲ ਦੇ ਟਿਕਟ ਚੈਕਿੰਗ ਸਟਾਫ ਨੇ ਇਕ 12-13 ਸਾਲ ਦੀ ਨਾਬਾਲਗ ਬੱਚੀ ਨੂੰ ਸੁਰੱਖਿਅਤ ਉਸਦੇ ਪਰਿਵਾਰ ਤੱਕ ਪਹੁੰਚਾਉਣ ਦੀ ਜ਼ਿੰਮੇਵਾਰੀ ਨਿਭਾਅ ਕੇ ਇਨਸਾਨੀਅਤ ਅਤੇ ਫਰਜ਼ ਦੀ ਇੱਕ ਵੱਡੀ ਮਿਸਾਲ ਪੇਸ਼ ਕੀਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ 12 ਮਾਰਚ 2026 ਨੂੰ ਟ੍ਰੇਨ ਸੰਖਿਆ 12926 (ਪੱਛਮ ਸੁਪਰਫਾਸਟ ਐਕਸਪ੍ਰੈਸ) ਵਿਚ ਡਿਊਟੀ 'ਤੇ ਤਾਇਨਾਤ ਅੰਮ੍ਰਿਤਸਰ ਹੈੱਡਕੁਆਰਟਰ ਦੇ ਟਿਕਟ ਚੈਕਿੰਗ ਸਟਾਫ ਸਤੀਸ਼ ਕੁਮਾਰ ਮੀਨਾ ਅਤੇ ਮਨੀਸ਼ ਕੁਮਾਰ ਮੀਨਾ ਨੇ ਸਲੀਪਰ ਕੋਚ ਵਿਚ ਚੈਕਿੰਗ ਦੌਰਾਨ ਇਕ ਇਕੱਲੀ ਬੱਚੀ ਨੂੰ ਦੇਖਿਆ। ਬੱਚੀ ਕੋਲ ਸਫ਼ਰ ਕਰਨ ਲਈ ਕੋਈ ਟਿਕਟ ਨਹੀਂ ਸੀ। ਦੋਵਾਂ ਟਿਕਟ ਚੈਕਿੰਗ ਕਰਮਚਾਰੀਆਂ ਨੇ ਬੇਹੱਦ ਸੰਵੇਦਨਸ਼ੀਲਤਾ ਦਿਖਾਉਂਦੇ ਹੋਏ ਤੁਰੰਤ ਨਵੀਂ ਦਿੱਲੀ ਸਥਿਤ ਵਪਾਰਕ ਕੰਟਰੋਲ ਰੂਮ ਨਾਲ ਸੰਪਰਕ ਕੀਤਾ।

ਬੱਚੀ ਨੂੰ ਸੁਰੱਖਿਅਤ ਰੂਪ ਵਿਚ ਨਵੀਂ ਦਿੱਲੀ ਸਟੇਸ਼ਨ 'ਤੇ ਮਹਿਲਾ ਆਰ.ਪੀ.ਐਫ. (RPF) ਸਟਾਫ ਦੇ ਹਵਾਲੇ ਕਰ ਦਿੱਤਾ ਗਿਆ ਤਾਂ ਜੋ ਉਸ ਨੂੰ ਉਸਦੇ ਮਾਪਿਆਂ ਤੱਕ ਪਹੁੰਚਾਉਣ ਲਈ ਲੋੜੀਂਦੀ ਕਾਰਵਾਈ ਕੀਤੀ ਜਾ ਸਕੇ। ਸੀਨੀਅਰ ਮੰਡਲ ਵਪਾਰਕ ਮੈਨੇਜਰ ਪਰਮਦੀਪ ਸਿੰਘ ਸੈਣੀ ਨੇ ਦੱਸਿਆ ਕਿ ਦੋਵਾਂ ਕਰਮਚਾਰੀਆਂ ਨੇ ਆਪਣੀ ਡਿਊਟੀ ਨਿਭਾਉਂਦੇ ਹੋਏ ਜੋ ਸਮਝਦਾਰੀ ਦਿਖਾਈ ਹੈ, ਉਹ ਰੇਲਵੇ ਦੇ ਅਕਸ ਨੂੰ ਮਾਣਮੱਤਾ ਬਣਾਉਂਦੀ ਹੈ। ਉਨ੍ਹਾਂ ਨੇ ਇਸ ਕਾਰਜ ਨੂੰ ਸਮੂਹ ਰੇਲ ਕਰਮਚਾਰੀਆਂ ਲਈ ਇਕ ਪ੍ਰੇਰਨਾਦਾਇਕ ਉਦਾਹਰਣ ਕਰਾਰ ਦਿੱਤਾ।


author

Gurminder Singh

Content Editor

Related News