ਠੰਡ ਨੇ ਕਰਵਾਈ ਤੌਬਾ, ਬੱਚਿਆਂ ਨੂੰ ਛਾਤੀ ਰੋਗਾਂ ਤੇ ਨਿਮੋਨੀਆ ਵਰਗੀਆਂ ਬੀਮਾਰੀਆਂ ਨੇ ਪਾਇਆ ਘੇਰਾ

01/16/2024 3:12:47 PM

ਤਰਨਤਾਰਨ (ਰਮਨ ਚਾਵਲਾ)- ਹੱਡ ਚੀਰਵੀਂ ਠੰਡ ਨੇ ਜਿੱਥੇ ਆਮ ਜਨ ਜੀਵਨ ਨੂੰ ਝੰਜੋੜ ਕੇ ਰੱਖ ਦਿੱਤਾ ਹੈ, ਉੱਥੇ ਹੀ ਛੋਟੇ ਬੱਚਿਆਂ ਅਤੇ ਬਜ਼ੁਰਗਾਂ ਨੂੰ ਵੱਖ-ਵੱਖ ਕਿਸਮ ਦੀਆਂ ਬੀਮਾਰੀਆਂ ਨੇ ਘੇਰਾ ਪਾਉਣਾ ਸ਼ੁਰੂ ਕਰ ਦਿੱਤਾ ਹੈ, ਜਿਸ ਦੇ ਚੱਲਦਿਆਂ ਉਨ੍ਹਾਂ ਦਾ ਘਰੋਂ ਬਾਹਰ ਨਿਕਲਣਾ ਮੁਸ਼ਕਿਲ ਹੋ ਚੁੱਕਾ ਹੈ। ਜ਼ਿਕਰਯੋਗ ਹੈ ਕਿ ਛੋਟੇ ਬੱਚਿਆਂ ਨੂੰ ਨਿਮੋਨੀਆ, ਛਾਤੀ ਰੋਗਾਂ ਦੀਆਂ ਬੀਮਾਰੀਆਂ ਨੇ ਕਾਫ਼ੀ ਜ਼ਿਆਦਾ ਮੁਸ਼ਕਿਲਾਂ ’ਚ ਪਾ ਦਿੱਤਾ ਹੈ, ਜਿਸ ਕਰਕੇ ਹਸਪਤਾਲਾਂ ’ਚ ਮਰੀਜ਼ਾਂ ਦੀ ਭੀੜ ਲੱਗਣੀ ਸ਼ੁਰੂ ਹੋ ਗਈ ਹੈ। ਸਿਹਤ ਵਿਭਾਗ ਵਲੋਂ ਅੱਤ ਦੀ ਪੈ ਰਹੀ ਠੰਡ ਦੌਰਾਨ ਐਡਵਾਈਜ਼ਰੀ ਜਾਰੀ ਕਰਦੇ ਹੋਏ ਲੋਕਾਂ ਨੂੰ ਘਰੋਂ ਬਾਹਰ ਨਾ ਨਿਕਲਣ ਅਤੇ ਗਰਮ ਕੱਪੜਿਆਂ ਦੀ ਵਰਤੋਂ ਵੱਧ ਤੋਂ ਵੱਧ ਕਰਨ ਦੀ ਅਪੀਲ ਕੀਤੀ ਜਾ ਰਹੀ ਹੈ। ਲੋਕ ਠੰਡ ਤੋਂ ਬਚਾਣ ਲਈ ਜਿੱਥੇ ਅੱਗ ਦਾ ਸਹਾਰਾ ਲੈ ਰਹੇ ਹਨ ਉੱਥੇ ਹੀ ਘਰਾਂ ਅੰਦਰ ਅੰਗੀਠੀਆਂ ਅਤੇ ਰੂਮ ਹੀਟਰਾਂ ਦੀ ਵਰਤੋਂ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : ਸਰਪੰਚ ਕਤਲ ਮਾਮਲੇ 'ਚ ਵੱਡਾ ਖ਼ੁਲਾਸਾ: ਵਿਦੇਸ਼ ਬੈਠੇ ਅੰਮ੍ਰਿਤਪਾਲ ਨੇ ਦਿੱਤੀ ਸੀ ਜਾਨੋ ਮਾਰਨ ਦੀ ਧਮਕੀ

ਬੱਚੇ ਹੋ ਰਹੇ ਨਿਮੋਨੀਆ ਦੇ ਸ਼ਿਕਾਰ

ਅੱਤ ਦੀ ਪੈ ਰਹੀ ਸਰਦੀ ਨੇ ਛੋਟੇ ਅਤੇ ਨਵ ਜਨਮੇ ਬੱਚਿਆਂ ਨੂੰ ਸਿਹਤ ਪੱਖੋਂ ਭਾਰੀ ਮੁਸ਼ਕਿਲਾਂ ਵਿਚ ਪਾ ਕੇ ਰੱਖ ਦਿੱਤਾ ਹੈ, ਜਿਸ ਦੇ ਚੱਲਦਿਆਂ ਉਹ ਜਿੱਥੇ ਛਾਤੀ ਰੋਗਾਂ, ਜੁਕਾਮ, ਤੇਜ਼ ਬੁਖਾਰ, ਪੇਟ ਦੀਆਂ ਬੀਮਾਰੀਆਂ ਤੋਂ ਇਲਾਵਾ ਨਿਮੋਨੀਆ ਨਾਲ ਪੀੜਤ ਹੋ ਰਹੇ ਹਨ। ਇਸ ਦੌਰਾਨ ਬੱਚਿਆਂ ਦੀ ਸਿਹਤ ਖ਼ਰਾਬ ਹੋਣ ਕਰਕੇ ਉਨ੍ਹਾਂ ਨੂੰ ਮਜ਼ਬੂਰਨ ਮਾਹਿਰ ਡਾਕਟਰਾਂ ਕੋਲ ਜਾਣਾ ਪੈ ਰਿਹਾ ਹੈ। ਇਨ੍ਹਾਂ ਬੀਮਾਰੀਆਂ ਦੇ ਕਰਕੇ ਹਸਪਤਾਲਾਂ ਵਿਚ ਮਰੀਜ਼ਾਂ ਦੀ ਗਿਣਤੀ ਦਿਨ-ਬ-ਦਿਨ ਵੱਧ ਰਹੀ ਹੈ।

ਇਹ ਵੀ ਪੜ੍ਹੋ : ਯੂਰਪ ਦੇ ਵੱਖ-ਵੱਖ ਦੇਸ਼ਾਂ 'ਚ ਹਿੰਦੂ ਸੰਸਥਾਵਾਂ 'ਤੇ ਪ੍ਰਾਣ ਪ੍ਰਤਿਸ਼ਠਾ ਸਮਾਰੋਹ ਨੂੰ ਮਨਾਉਣ ਲਈ ਬਣ ਰਹੀਆਂ ਯੋਜਨਾਵਾਂ

 ਸਾਹ ਲੈਣ ਵਿਚ ਆ ਰਹੀ ਦਿੱਕਤ

ਛੋਟੇ ਬੱਚਿਆਂ ਨੂੰ ਨਿਮੋਨੀਆ ਦੇ ਸ਼ਿਕਾਰ ਹੋਣ ਦੇ ਚੱਲਦਿਆਂ ਉਨ੍ਹਾਂ ਨੂੰ ਸਾਹ ਲੈਣ ਵਿਚ ਭਾਰੀ ਪ੍ਰੇਸ਼ਾਨੀਆਂ ਆ ਰਹੀਆਂ ਹਨ। ਇਸ ਦੇ ਨਾਲ ਹੀ ਨਿਮੋਨੀਆ ਬੀਮਾਰੀ ਵਲੋਂ ਵੱਡਿਆਂ ਨੂੰ ਵੀ ਆਪਣੀ ਜਕੜ ਵਿਚ ਲਿਆ ਜਾ ਰਿਹਾ ਹੈ। ਇਸ ਨਿਮੋਨੀਆ ਕਰਕੇ ਸਮੇਂ ਸਿਰ ਇਲਾਜ ਨਾ ਕਰਵਾਉਣ ਦੌਰਾਨ ਮਰੀਜ਼ ਦੀ ਮੌਤ ਤੱਕ ਹੋ ਸਕਦੀ ਹੈ। ਹੱਡ ਚੀਰਵੀ ਠੰਡ ਨੇ ਲੋਕਾਂ ਦਾ ਜਿੱਥੇ ਘਰੋਂ ਬਾਹਰ ਨਿਕਲਣਾ ਮੁਸ਼ਕਿਲ ਕਰ ਦਿੱਤਾ ਹੈ ਉੱਥੇ ਇਨ੍ਹਾਂ ਬੀਮਾਰੀਆਂ ਨੇ ਮਰੀਜ਼ਾਂ ਦੀ ਹਾਲਤ ਖ਼ਰਾਬ ਕਰਨੀ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ : ਚੱਲਦੀ ਕਾਰ ਨੂੰ ਅਚਾਨਕ ਲੱਗੀ ਅੱਗ, ਅੰਦਰ ਸਵਾਰ ਸਨ ਪਰਿਵਾਰ ਦੇ ਪੰਜ ਮੈਂਬਰ

ਬੱਚੇ ਦੇ ਮੂੰਹ ਨੂੰ ਜ਼ਿਆਦਾ ਨਾ ਢੱਕੋ

ਸਿਵਲ ਹਸਪਤਾਲ ਤਰਨਤਾਰਨ ਵਿਖੇ ਬੱਚਿਆਂ ਰੋਗਾਂ ਦੇ ਮਾਹਿਰ ਡਾਕਟਰ ਨੀਰਜ ਲਤਾ ਨੇ ਲੋਕਾਂ ਨੂੰ ਅਪੀਲ ਕਰਦੇ ਹੋਏ ਦੱਸਿਆ ਕਿ ਅੱਤ ਦੀ ਪੈ ਰਹੀ ਠੰਡ ਦੌਰਾਨ ਬੱਚਿਆਂ ਦੇ ਸਰੀਰ ਉੱਪਰ ਤਿੰਨ ਚਾਰ ਪਰਤਾਂ ਵਾਲੇ ਗਰਮ ਕੱਪੜੇ ਪਹਿਨਾਏ ਜਾਣੇ ਜ਼ਰੂਰੀ ਹਨ। ਇਸ ਦੇ ਨਾਲ ਹੀ ਬੱਚੇ ਦਾ ਸਿਰ ਅਤੇ ਪੈਰ ਗਰਮ ਕੱਪੜਿਆਂ ਨਾਲ ਢੱਕੇ ਹੋਣੇ ਚਾਹੀਦੇ ਹਨ ਤਾਂ ਜੋ ਉਨ੍ਹਾਂ ਨੂੰ ਠੰਡ ਤੋਂ ਬਚਾਇਆ ਜਾ ਸਕੇ। ਡਾਕਟਰ ਲਤਾ ਨੇ ਪੁਰਜ਼ੋਰ ਅਪੀਲ ਕਰਦੇ ਹੋਏ ਮਾਵਾਂ ਨੂੰ ਕਿਹਾ ਕਿ ਬੱਚਿਆਂ ਦੇ ਮੂੰਹ ਨੂੰ ਕੰਬਲ ਵਿਚ ਕੇਵਲ ਉਨ੍ਹਾਂ ਹੀ ਢੱਕਣਾ ਚਾਹੀਦਾ ਹੈ ਜਿਸ ਨਾਲ ਉਨ੍ਹਾਂ ਨੂੰ ਸਾਹ ਲੈਣਾ ਸੌਖਾ ਰਹੇ। ਉਨ੍ਹਾਂ ਦੱਸਿਆ ਕਿ ਸਿਵਲ ਹਸਪਤਾਲ ਵਿਚ ਰੋਜ਼ਾਨਾ ਬੱਚਿਆਂ ਦੇ ਰੋਗਾਂ ਦੀਆਂ ਸਮੱਸਿਆਵਾਂ ਸਬੰਧੀ ਮਰੀਜ਼ ਵੱਧ ਰਹੇ ਹਨ। ਇਸ ਦੌਰਾਨ ਬੱਚਿਆਂ ਨੂੰ ਛਾਤੀ ਰੋਗਾਂ ਤੋਂ ਇਲਾਵਾ ਤੇਜ਼ ਬੁਖਾਰ, ਪੇਟ ਖ਼ਰਾਬ, ਜੁਕਾਮ ਅਤੇ ਨਿਮੋਨੀਆ ਦੀ ਸ਼ਿਕਾਇਤ ਹੋ ਰਹੀ ਹੈ। ਇਸ ਸਬੰਧੀ ਉਨ੍ਹਾਂ ਦਾ ਇਲਾਜ ਸਰਕਾਰ ਵਲੋਂ ਦਿੱਤੇ ਗਏ ਇੰਸਟਰੂਮੈਂਟ ਦੀ ਮਦਦ ਨਾਲ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ : ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ 'ਅਯੁੱਧਿਆ ਨਹੀਂ ਜਾਣਗੇ' ਵਾਲੀ ਪੋਸਟ ਵਾਇਰਲ ਕਰਨ ਵਾਲੇ ਨੇ ਮੰਗੀ ਮੁਆਫ਼ੀ

ਬੱਚਿਆਂ ਨੂੰ ਘਰਾਂ ਤੋਂ ਬਾਹਰ ਨਾ ਭੇਜਿਆ ਜਾਵੇ

ਬੱਚਿਆਂ ਰੋਗਾਂ ਦੇ ਮਾਹਿਰ ਡਾਕਟਰ ਅਤੇ ਸਾਹਮਣੇ ਸਰਕਾਰੀ ਹਸਪਤਾਲ ਵਿਖੇ ਮੌਜੂਦ ਚੈਰਿਸ਼ ਹਸਪਤਾਲ ਦੇ ਮਾਲਕ ਡਾਕਟਰ ਰਾਜ ਕੁਮਾਰ ਪੂਨੀਆ ਨੇ ਦੱਸਿਆ ਕਿ ਬੱਚਿਆਂ ਨੂੰ ਵੱਖ-ਵੱਖ ਕਿਸਮ ਦੀਆਂ ਬੀਮਾਰੀਆਂ ਤੋਂ ਬਚਾਉਣ ਲਈ ਘਰਾਂ ਵਿਚ ਰੱਖਣਾ ਬਿਹਤਰ ਹੈ। ਇਸ ਦੇ ਨਾਲ ਹੀ ਬੱਚਿਆਂ ਨੂੰ ਬਾਜ਼ਾਰੀ ਵਸਤੂਆਂ ਤੋਂ ਗੁਰੇਜ ਕਰਨਾ ਚਾਹੀਦਾ ਹੈ ਅਤੇ ਇਲਾਜ ਸਬੰਧੀ ਮਾਹਿਰ ਡਾਕਟਰ ਨਾਲ ਸੰਪਰਕ ਕਰਨਾ ਬਹੁਤ ਜ਼ਰੂਰੀ ਹੈ।

ਮਰੀਜ਼ਾਂ ਨੂੰ ਮੁਫ਼ਤ ਦਿੱਤੀਆਂ ਜਾ ਰਹੀਆਂ ਸਹੂਲਤਾਂ

ਜ਼ਿਲ੍ਹੇ ਦੇ ਸਿਵਲ ਸਰਜਨ ਡਾਕਟਰ ਕਮਲਦੀਪ ਸਿੱਧੂ ਨੇ ਦੱਸਿਆ ਕਿ ਸਿਹਤ ਵਿਭਾਗ ਵਲੋਂ ਜਾਰੀ ਹੋਈ ਅਡਵਾਈਜਰੀ ਵਿਚ ਲੋਕਾਂ ਨੂੰ ਠੰਡ ਦੌਰਾਨ ਲੱਗਣ ਵਾਲੀਆਂ ਬੀਮਾਰੀਆਂ ਤੋਂ ਬਚਾਉਣ ਸਬੰਧੀ ਜਾਗਰੂਕ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸਰਕਾਰੀ ਹਸਪਤਾਲਾਂ ਵਿਚ ਮਰੀਜ਼ਾਂ ਦੇ ਮੁਫ਼ਤ ਇਲਾਜ ਦੌਰਾਨ ਉਨ੍ਹਾਂ ਨੂੰ ਬਣਦੀਆਂ ਸਹੂਲਤਾਂ ਪਹਿਲ ਦੇ ਆਧਾਰ ਉੱਪਰ ਦਿੱਤੀਆਂ ਜਾ ਰਹੀਆਂ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਸਰਦੀ ਦੇ ਮੌਸਮ ਦੌਰਾਨ ਲੋੜ ਅਨੁਸਾਰ ਹੀ ਘਰਾਂ ਤੋਂ ਬਾਹਰ ਨਿਕਲਣ ਅਤੇ ਬੱਚਿਆਂ ਦਾ ਵਿਸ਼ੇਸ਼ ਤੌਰ ਉੱਪਰ ਧਿਆਨ ਰੱਖਿਆ ਜਾਵੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Shivani Bassan

Content Editor

Related News