ਗ੍ਰਿਫਤਾਰ ਅੱਤਵਾਦੀ 8 ਦਿਨਾਂ ਦੇ ਪੁਲਸ ਰਿਮਾਂਡ ''ਤੇ
Sunday, Aug 20, 2017 - 01:00 AM (IST)

ਨਵਾਂਸ਼ਹਿਰ, (ਤ੍ਰਿਪਾਠੀ, ਮਨੋਰੰਜਨ)- ਲਖਨਊ ਤੋਂ ਗ੍ਰਿਫਤਾਰ ਕੀਤੇ ਗਏ ਬੱਬਰ ਖਾਲਸਾ ਦੇ ਅੱਤਵਾਦੀਆਂ ਜਸਵੰਤ ਸਿੰਘ ਉਰਫ ਕਾਲਾ ਤੇ ਬਲਵੰਤ ਸਿੰਘ ਨੂੰ ਅੱਜ ਸੀ. ਆਈ. ਏ. ਸਟਾਫ ਦੀ ਪੁਲਸ ਨੇ ਸਖਤ ਪੁਲਸ ਪ੍ਰਬੰਧਾਂ ਹੇਠ ਅਦਾਲਤ 'ਚ ਪੇਸ਼ ਕੀਤਾ, ਜਿਥੋਂ ਉਨ੍ਹਾਂ ਨੂੰ 8 ਦਿਨਾਂ ਦੇ ਪੁਲਸ ਰਿਮਾਂਡ 'ਤੇ ਭੇਜ ਦਿੱਤਾ ਗਿਆ।
ਜ਼ਿਕਰਯੋਗ ਹੈ ਕਿ ਜੂਨ ਮਹੀਨੇ 'ਚ ਜ਼ਿਲਾ ਪੁਲਸ ਵੱਲੋਂ ਗ੍ਰਿਫਤਾਰ ਕੀਤੇ ਗਏ ਇੰਟਰਨੈਸ਼ਨਲ ਸਿੱਖ ਯੂਥ ਫੈੱਡਰੇਸ਼ਨ ਦੇ ਅੱਤਵਾਦੀਆਂ ਗੁਰਜੀਤ ਸਿੰਘ ਉਰਫ ਗੱਗੂ ਉਰਫ ਘੈਂਟ ਤੇ ਗੁਰਮੁੱਖ ਸਿੰਘ ਤੋਂ ਕੀਤੀ ਗਈ ਪੁੱਛ-ਪੜਤਾਲ 'ਚ ਉਜਾਗਰ ਹੋਈ ਜਾਣਕਾਰੀ ਦੇ ਆਧਾਰ 'ਤੇ ਹੀ ਉਕਤ ਅੱਤਵਾਦੀਆਂ ਨੂੰ ਯੂ. ਪੀ. ਦੀ ਪੁਲਸ ਨੇ ਗ੍ਰਿਫਤਾਰ ਕੀਤਾ ਹੈ। ਜਾਣਕਾਰੀ ਅਨੁਸਾਰ ਲਖਨਊ ਤੋਂ ਗ੍ਰਿਫਤਾਰ ਅੱਤਵਾਦੀ ਜਸਵੰਤ ਸਿੰਘ ਉਰਫ ਕਾਲਾ ਦੇ ਸੰਪਰਕ 'ਚ 100 ਲੋਕ ਸਨ, ਜਿਸ ਦਾ ਖੁਲਾਸਾ ਉਸ ਦੀ ਕਾਲ ਡਿਟੇਲ ਤੋਂ ਹੋਇਆ। ਸੂਤਰਾਂ ਅਨੁਸਾਰ ਡੇਢ ਮਹੀਨਾ ਪਹਿਲਾਂ ਕਾਲਾ ਇਕ ਗੈਂਗਸਟਰ ਨਾਲ ਖੁਦ ਕਾਰ ਚਲਾ ਕੇ ਲਖਨਊ ਗਿਆ ਸੀ। ਘੈਂਟ ਤੇ ਗੁਰਮੁੱਖ ਨੇ ਪੁਲਸ ਨੂੰ ਦੱਸਿਆ ਸੀ ਕਿ ਉਨ੍ਹਾਂ ਦੀ ਯੋਜਨਾ ਧਾਰਮਿਕ ਆਗੂਆਂ ਨੂੰ ਨਿਸ਼ਾਨਾ ਬਣਾ ਕੇ ਪੰਜਾਬ ਵਿਚ ਫਿਰਕੂ ਦੰਗੇ ਕਰਵਾਉਣਾ ਸੀ। ਹਾਲਾਂਕਿ ਅੱਜ ਐੱਸ. ਪੀ. (ਜਾਂਚ) ਹਰਿੰਦਰਪਾਲ ਸਿੰਘ ਪਰਮਾਰ ਦੀ ਅਗਵਾਈ 'ਚ ਪੁਲਸ ਫੋਰਸ ਨਾਲ ਅਦਾਲਤ 'ਚ ਪੇਸ਼ ਕੀਤੇ ਅੱਤਵਾਦੀਆਂ ਦਾ 8 ਦਿਨਾਂ ਦਾ ਰਿਮਾਂਡ ਲੈਣ ਤੋਂ ਬਾਅਦ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਪੁਲਸ ਵੱਲੋਂ ਸਾਂਝੀ ਨਹੀਂ ਕੀਤੀ ਗਈ।