ਪੁਲਸ ਨੇ ਨਾਕੇ ''ਤੇ ਗ੍ਰਿਫ਼ਤਾਰ ਕੀਤੇ ਮਾਸੀ-ਭਾਣਜਾ, ਕਰਤੂਤ ਜਾਣ ਉਡਣਗੇ ਹੋਸ਼
Saturday, Dec 20, 2025 - 05:43 PM (IST)
ਅਬੋਹਰ (ਸੁਨੀਲ) : ਜ਼ਿਲਾ ਪੁਲਸ ਕਪਤਾਨ ਗੁਰਮੀਤ ਸਿੰਘ ਦੇ ਹੁਕਮਾਂ ’ਤੇ ਅਬੋਹਰ ਸ਼ਹਿਰ ’ਚ ਨਸ਼ਾ ਸਮੱਗਲਰਾਂ ਵਿਰੁੱਧ ਚੱਲ ਰਹੀ ਪੁਲਸ ਮੁਹਿੰਮ ਦੇ ਹਿੱਸੇ ਵਜੋਂ ਸਿਟੀ ਪੁਲਸ ਸਟੇਸ਼ਨ ਨੰਬਰ 1 ਦੀ ਪੁਲਸ ਨੇ ਬੀਤੀ ਰਾਤ ਗਸ਼ਤ ਦੌਰਾਨ ਇਕ ਔਰਤ ਅਤੇ ਇਕ ਵਿਅਕਤੀ ਨੂੰ ਵੱਡੀ ਮਾਤਰਾ ’ਚ ਹੈਰੋਇਨ ਅਤੇ ਡਰੱਗ ਮਨੀ ਸਮੇਤ ਗ੍ਰਿਫਤਾਰ ਕੀਤਾ ਅਤੇ ਉਨ੍ਹਾਂ ਵਿਰੁੱਧ ਮਾਮਲਾ ਦਰਜ ਕੀਤਾ। ਦੱਸਿਆ ਜਾਂਦਾ ਹੈ ਕਿ ਇਹ ਦੋਵੇਂ ਮਾਸੀ-ਭਾਣਜਾ ਹਨ। ਜਾਣਕਾਰੀ ਦਿੰਦੇ ਹੋਏ ਸਿਟੀ ਪੁਲਸ ਸਟੇਸ਼ਨ ਨੰਬਰ 1 ਦੇ ਇੰਚਾਰਜ ਰਵਿੰਦਰ ਸਿੰਘ ਭੀਟੀ ਨੇ ਦੱਸਿਆ ਕਿ ਬੀਤੀ ਰਾਤ ਸਹਾਇਕ ਸਬ-ਇੰਸਪੈਕਟਰ ਮੋਹਨ ਲਾਲ ਪੁਲਸ ਟੀਮ ਨਾਲ ਦਾਣਾ ਮੰਡੀ ਨੇੜੇ ਗਸ਼ਤ ਕਰ ਰਹੇ ਸਨ ਤਾਂ ਇਕ ਔਰਤ ਅਤੇ ਇਕ ਵਿਅਕਤੀ ਪੁਲਸ ਟੀਮ ਨੂੰ ਦੇਖ ਕੇ ਘਬਰਾ ਗਏ ਅਤੇ ਉਹ ਫੜਿਆ ਹੋਇਆ ਲਿਫਾਫਾ ਸੁੱਟ ਕੇ ਭੱਜਣ ਲੱਗੇ।
ਪੁਲਸ ਟੀਮ ਨੇ ਉਨ੍ਹਾਂ ਨੂੰ ਫੜ ਲਿਆ ਅਤੇ ਲਿਫਾਫੇ ਦੀ ਤਲਾਸ਼ੀ ਲਈ, ਜਿਸ ਵਿਚੋਂ 13 ਗ੍ਰਾਮ ਹੈਰੋਇਨ ਮਿਲੀ। ਉਨ੍ਹਾਂ ਤੋਂ ਲਗਭਗ 13,000 ਰੁਪਏ ਦੀ ਡਰੱਗ ਮਨੀ ਵੀ ਬਰਾਮਦ ਕੀਤੀ ਗਈ। ਸਿਟੀ ਪੁਲਸ ਸਟੇਸ਼ਨ ਨੰਬਰ 1 ਦੇ ਇੰਚਾਰਜ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਸੇਵਕ ਸਿੰਘ ਪੁੱਤਰ ਬਲਰਾਜ ਸਿੰਘ ਵਾਸੀ ਸੀਡ ਫਾਰਮ ਪੱਕਾ ਗਲੀ ਨੰਬਰ 7 ਅਤੇ ਪਾਸਾ ਪਤਨੀ ਹੁਕਮ ਸਿੰਘ ਵਾਸੀ ਸੀਡ ਫਾਰਮ ਪੱਕਾ ਗਲੀ ਨੰਬਰ 3 ਅਬੋਹਰ ਵਜੋਂ ਹੋਈ ਹੈ। ਪੁਲਸ ਨੇ ਦੋਵਾਂ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ।
