ਪੁਲਸ ਦੇ ਦਾਅਵੇ ਖੋਖਲੇ, ਲੁਟੇਰੇ ਸ਼ਰੇਆਮ ਕਰ ਰਹੇ ਵੱਡੀਆਂ ਵਾਰਦਾਤਾਂ

Saturday, Dec 13, 2025 - 11:52 AM (IST)

ਪੁਲਸ ਦੇ ਦਾਅਵੇ ਖੋਖਲੇ, ਲੁਟੇਰੇ ਸ਼ਰੇਆਮ ਕਰ ਰਹੇ ਵੱਡੀਆਂ ਵਾਰਦਾਤਾਂ

ਤਰਨਤਾਰਨ (ਰਮਨ) : ਬੀਤੇ ਦਸ ਦਿਨਾਂ ਤੋਂ ਸਥਾਨਕ ਸ਼ਹਿਰ ਵਿਚ ਲਗਭਗ ਇਕ ਦਰਜਨ ਦੁਕਾਨਦਾਰਾਂ ਅਤੇ ਹੋਰ ਵਪਾਰੀਆਂ ਨੂੰ ਲੁਟੇਰਿਆਂ ਵੱਲੋਂ ਹਥਿਆਰਾਂ ਦੀ ਨੋਕ ਉੱਪਰ ਨਿਸ਼ਾਨਾ ਬਣਾਉਂਦੇ ਹੋਏ ਲੁੱਟਿਆ ਜਾ ਚੁੱਕਾ ਹੈ। ਪਰੰਤੂ ਦੂਜੇ ਪਾਸੇ ਪੁਲਸ ਵੱਲੋਂ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਨੂੰ ਲੈ ਕੇ ਰੋਜ਼ਾਨਾ ਚੱਪੇ-ਚੱਪੇ ਉੱਪਰ ਨਾਕਾਬੰਦੀ ਅਤੇ ਫਲੈਗ ਮਾਰਚ ਕੱਢੇ ਜਾਣ ਦੇ ਦਾਅਵੇ ਕੀਤੇ ਜਾ ਰਹੇ ਹਨ। ਇਸ ਦੀ ਇਕ ਹੋਰ ਤਾਜ਼ਾ ਮਿਸਾਲ ਉਸ ਵੇਲੇ ਵੇਖਣ ਨੂੰ ਮਿਲੀ ਜਦੋਂ ਜ਼ਿਲ੍ਹੇ ਦੇ ਐੱਸਐੱਸਪੀ ਵੱਡੀ ਗਿਣਤੀ ਵਿਚ ਪੁਲਸ ਕਰਮਚਾਰੀਆਂ ਸਮੇਤ ਬੀਤੀ ਰਾਤ 7 ਵਜੇ ਜੰਡਿਆਲਾ ਰੋਡ ਉੱਪਰ ਫਲੈਗ ਮਾਰਚ ਕੱਢ ਰਹੇ ਸਨ ਅਤੇ ਉਸੇ ਰੋਡ ਉੱਪਰ ਮੌਜੂਦ ਇਕ ਮੈਡੀਕਲ ਸਟੋਰ ਮਾਲਕ ਨੂੰ ਰਾਤ ਕਰੀਬ 9 ਵਜੇ ਦੋ ਹਥਿਆਰਬੰਦ ਲੁਟੇਰਿਆਂ ਵੱਲੋਂ ਲੁੱਟ ਦਾ ਸ਼ਿਕਾਰ ਬਣਾਇਆ ਗਿਆ। ਜ਼ਿਕਰਯੋਗ ਹੈ ਕਿ ਪਿਸਤੌਲ ਨਾਲ ਲੈਸ ਲੁਟੇਰਿਆਂ ਦਾ ਸਾਹਮਣਾ ਦੁਕਾਨ ਮਾਲਕ ਵੱਲੋਂ ਬੜੀ ਹਿੰਮਤ ਅਤੇ ਦਲੇਰੀ ਨਾਲ ਕੀਤਾ ਗਿਆ ਜਿਸ ਦੇ ਚੱਲਦਿਆਂ ਦੁਕਾਨ ਦਾ ਨੁਕਸਾਨ ਹੋਣ ਤੋਂ ਬਚ ਗਿਆ। 

ਜਾਣਕਾਰੀ ਦਿੰਦੇ ਹੋਏ ਸੰਜੇ ਗੁਪਤਾ ਨਿਵਾਸੀ ਜੰਡਿਆਲਾ ਰੋਡ ਤਰਨਤਾਰਨ ਨੇ ਦੱਸਿਆ ਕਿ ਉਹ ਅਨਮੋਲ ਫਾਰਮਾਸਿਊਟੀਕਲ ਨਾਮਕ ਫਰਮ ਜੋ ਨਜ਼ਦੀਕ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਤਰਨਤਾਰਨ ਵਿਖੇ ਮੌਜੂਦ ਹੈ ਵਿਖੇ ਥੋਕ ਅਤੇ ਪ੍ਰਚੂਨ ਦਵਾਈਆਂ ਦਾ ਕਾਰੋਬਾਰ ਕਰਦਾ ਹੈ । ਬੀਤੀ ਰਾਤ ਕਰੀਬ ਸਵਾ 9 ਵਜੇ ਜਦੋਂ ਉਹ ਆਪਣੀ ਦੁਕਾਨ ਉੱਪਰ ਇਕੱਲਾ ਮੌਜੂਦ ਸੀ ਤਾਂ ਦੋ ਨਕਾਬ ਪੋਸ਼ ਲੁਟੇਰੇ ਜਿਨ੍ਹਾਂ ਦੇ ਹੱਥ ਵਿਚ ਪਿਸਤੌਲ ਫੜੀ ਹੋਈ ਸੀ, ਦੁਕਾਨ ਅੰਦਰ ਦਾਖਲ ਹੋਏ ਅਤੇ ਉਸ ਨੂੰ ਗੰਨ ਪੁਆਇੰਟ ਉੱਪਰ ਲੈਂਦੇ ਹੋਏ ਲੁੱਟਣ ਦੀ ਕੋਸ਼ਿਸ਼ ਕੀਤੀ ਗਈ। ਸੰਜੇ ਗੁਪਤਾ ਨੇ ਦੱਸਿਆ ਕਿ ਉਸ ਵੱਲੋਂ ਹਿੰਮਤ ਵਿਖਾਉਂਦੇ ਹੋਏ ਦੁਕਾਨ ਵਿਚ ਪਈ ਪੁਰਾਣੀ ਤਲਵਾਰ ਦੀ ਮਦਦ ਨਾਲ ਦੋਵਾਂ ਲੁਟੇਰਿਆਂ ਦਾ ਸਾਹਮਣਾ ਕਰਨ ਲਈ ਅੱਗੇ ਆਇਆ। ਇਸ ਦੌਰਾਨ ਦੋਵੇਂ ਲੁਟੇਰੇ ਮੌਕੇ ਤੋਂ ਪਿਸਤੌਲ ਸਮੇਤ ਦੁਕਾਨ ਤੋਂ ਬਾਹਰ ਹੋ ਗਏ ਅਤੇ ਫਰਾਰ ਹੋਣ ਵਿਚ ਕਾਮਯਾਬ ਹੋ ਗਏ। ਸੰਜੇ ਗੁਪਤਾ ਨੇ ਦੱਸਿਆ ਕਿ ਸ਼ਹਿਰ ਦੇ ਹਾਲਾਤ ਬਹੁਤ ਜ਼ਿਆਦਾ ਮਾੜੇ ਹੋ ਚੁੱਕੇ ਹਨ ਅਤੇ ਪੁਲਸ ਵੱਲੋਂ ਕੋਈ ਵੀ ਕਾਰਵਾਈ ਅਤੇ ਗਸ਼ਤ ਨਹੀਂ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਕ ਪਾਸੇ ਪੁਲਸ ਫਲੈਗ ਮਾਰਚ ਕਰ ਰਹੀ ਹੈ ਅਤੇ ਦੂਜੇ ਪਾਸੇ ਉਸੇ ਜਗ੍ਹਾ ਉੱਪਰ ਲੁਟੇਰੇ ਵਾਰਦਾਤਾਂ ਕਰ ਰਹੇ ਹਨ। 


author

Gurminder Singh

Content Editor

Related News