ਪੈਰੋਲ ’ਤੇ ਆਏ ਮੁਲਜ਼ਮ ਨੇ ਗੈਂਗ ਬਣਾ ਕੇ ਦਿੱਤਾ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ, 4 ਲੁਟੇਰੇ ਗ੍ਰਿਫ਼ਤਾਰ

Thursday, May 08, 2025 - 07:56 AM (IST)

ਪੈਰੋਲ ’ਤੇ ਆਏ ਮੁਲਜ਼ਮ ਨੇ ਗੈਂਗ ਬਣਾ ਕੇ ਦਿੱਤਾ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ, 4 ਲੁਟੇਰੇ ਗ੍ਰਿਫ਼ਤਾਰ

ਲੁਧਿਆਣਾ (ਗੌਤਮ/ਰਿਸ਼ੀ) : ਜੇਲ੍ਹ ’ਚੋਂ ਪੈਰੋਲ ’ਤੇ ਆਏ ਇੱਕ ਮੁਲਜ਼ਮ ਨੇ ਗੈਂਗ ਬਣਾ ਕੇ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣਾ ਸ਼ੁਰੂ ਕਰ ਦਿੱਤਾ। ਮੁਲਜ਼ਮ ਤੇਜ਼ਧਾਰ ਹਥਿਆਰਾਂ ਦੇ ਜ਼ੋਰ ’ਤੇ ਰਾਹਗੀਰਾਂ ਤੋਂ ਮੋਬਾਈਲ, ਨਕਦੀ ਅਤੇ ਕੀਮਤੀ ਸਾਮਾਨ ਲੁੱਟ ਲੈਂਦੇ ਸਨ। ਥਾਣਾ ਸਦਰ ਦੀ ਪੁਲਸ ਨੂੰ ਲੁੱਟ-ਖੋਹ ਕਰਨ ਵਾਲੇ ਗਿਰੋਹ ਦੀ ਭਿਣਕ ਲੱਗੀ ਤਾਂ ਪੁਲਸ ਨੇ ਕਾਰਵਾਈ ਕਰਦੇ ਹੋਏ ਗੈਂਗ ਦੇ 4 ਲੁਟੇਰਿਆਂ ਨੂੰ ਕਾਬੂ ਕਰ ਲਿਆ।

ਇਹ ਵੀ ਪੜ੍ਹੋ : ਪੰਜਾਬ : ਸਵਾਰੀਆਂ ਨਾਲ ਭਰੀ ਬੱਸ ਵਿਚ ਬੰਬ ਹੋਣ ਦੀ ਖਬਰ, ਪਈਆਂ ਭਾਜੜਾਂ

ਪੁਲਸ ਦਾ ਦਾਅਵਾ ਹੈ ਕਿ ਮੁਲਜ਼ਮਾਂ ਤੋਂ 2 ਦਰਜਨ ਤੋਂ ਵੱਧ ਲੁੱਟ ਦੀਆਂ ਵਾਰਦਾਤਾਂ ਹੱਲ ਹੋਣ ਦੀ ਸੰਭਾਵਨਾ ਹੈ। ਕਾਬੂ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਪੁਲਸ ਨੇ ਗਿਆਸਪੁਰਾ ਦੇ ਰਹਿਣ ਵਾਲੇ ਗੋਲੂ ਕੁਮਾਰ, ਮਾਣਕਵਾਲ ਦੇ ਰਹਿਣ ਵਾਲੇ ਮੋਹਨ, ਅਨਿਲ ਕੁਮਾਰ ਅਤੇ ਗਿਆਸਪੁਰਾ ਦੇ ਰਹਿਣ ਵਾਲੇ ਮੁਕੇਸ਼ ਕੁਮਾਰ ਵਜੋਂ ਕੀਤੀ ਗਈ ਹੈ। ਪੁਲਸ ਨੇ ਮੁਲਜ਼ਮਾਂ ਤੋਂ 5 ਮੋਟਰਸਾਈਕਲ, 23 ਮੋਬਾਈਲ, 4 ਕੀਮਤੀ ਘੜੀਆਂ, ਏਅਰ ਪੋਡ, ਇਕ ਕਿਰਚ ਅਤੇ ਦਾਤਰ ਬਰਾਮਦ ਕੀਤਾ ਹੈ। ਪੁਲਸ ਨੇ ਮੁਲਜ਼ਮਾਂ ਨੂੰ ਅਦਾਲਤ ਵਿਚ ਪੇਸ਼ ਕਰ ਕੇ ਰਿਮਾਂਡ ’ਤੇ ਲਿਆ ਹੈ।

ਏ. ਡੀ. ਸੀ. ਪੀ.-2 ਕਰਣਵੀਰ ਸਿੰਘ ਨੇ ਦੱਸਿਆ ਕਿ ਥਾਣਾ ਸਦਰ ਦੇ ਇੰਸਪੈਕਟਰ ਅਵਤਾਰ ਸਿੰਘ ਦੀ ਪੁਲਸ ਪਾਰਟੀ ਗਸ਼ਤ ਦੇ ਸਬੰਧ ’ਚ ਟੀ-ਪੁਆਇੰਟ ਸਾਈਂ ਧਾਮ ਵਿਖੇ ਮੌਜੂਦ ਸੀ ਤਾਂ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਉਕਤ ਮੁਲਜ਼ਮ ਸਪਲੈਂਡਰ ਮੋਟਰਸਾਈਕਲ ’ਤੇ ਸਵਾਰ ਹੋ ਕੇ ਚੋਰੀ ਕੀਤੇ ਗਏ ਮੋਬਾਈਲ ਫੋਨ ਵੇਚਣ ਲਈ ਜਾ ਰਹੇ ਹਨ, ਜਿਸ ’ਤੇ ਛਾਪਾ ਮਾਰ ਕੇ ਪੁਲਸ ਨੇ ਮੁਲਜ਼ਮਾਂ ਨੂੰ ਕਾਬੂ ਕਰ ਲਿਆ। ਮੁੱਢਲੀ ਪੁੱਛਗਿੱਛ ਦੌਰਾਨ ਮੁਲਜ਼ਮਾਂ ਨੇ ਦੱਸਿਆ ਕਿ ਉਹ ਲੁਧਿਆਣਾ ਦੇ ਵੱਖ-ਵੱਖ ਇਲਾਕਿਆਂ ’ਚ ਜਾ ਕੇ ਵਾਰਦਾਤਾਂ ਕਰਦੇ ਸਨ। ਉਹ ਮੋਟਰਸਾਈਕਲ ’ਤੇ ਸਵਾਰ ਹੋ ਕੇ ਰਾਹਗੀਰਾਂ ਨੂੰ ਘੇਰ ਕੇ ਉਨ੍ਹਾਂ ਨੂੰ ਦਾਤਰ ਦਿਖਾ ਕੇ ਧਮਕਾਉਂਦੇ ਸਨ ਅਤੇ ਫਿਰ ਉਨ੍ਹਾਂ ਦਾ ਸਾਮਾਨ ਖੋਹ ਲੈਂਦੇ ਸਨ।

ਇਹ ਵੀ ਪੜ੍ਹੋ : BSNL ਲੈ ਕੇ ਆਇਆ ਇਹ ਖਾਸ ਆਫਰ! ਹੁਣ 1999 ਰੁਪਏ ’ਚ  ਮਿਲੇਗਾ 60GB ਡਾਟਾ

ਜਾਂਚ ਦੌਰਾਨ ਪੁਲਸ ਨੇ ਮੁਲਜ਼ਮਾਂ ਖਿਲਾਫ ਥਾਣਾ ਸਦਰ ਦੀ 3, ਥਾਣਾ ਡੇਹਲੋਂ, ਥਾਣਾ ਦੁੱਗਰੀ, ਥਾਣਾ ਡਾਬਾ ’ਚ ਹੋਈਆਂ 6 ਵਾਰਦਾਤਾਂ ਨੂੰ ਟ੍ਰੇਸ ਕੀਤਾ ਹੈ, ਜਦੋਂਕਿ ਬਾਕੀ ਵਾਰਦਾਤਾਂ ਨੂੰ ਟ੍ਰੇਸ ਕਰਨ ਲਈ ਮੁਲਜ਼ਮਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਜਾਂਚ ਦੌਰਾਨ ਪਤਾ ਲੱਗਾ ਹੈ ਕਿ ਮੁਲਜ਼ਮ ਗੋਲੂ ਕੁਮਾਰ ਖਿਲਾਫ ਆਰਮਜ਼ ਐਕਟ ਤਹਿਤ ਕੇਸ ਦਰਜ ਹੈ ਅਤੇ ਮੁਲਜ਼ਮ ਕੋਰਟ ਤੋਂ ਗੈਰ-ਹਾਜ਼ਰ ਚੱਲ ਰਿਹਾ ਹੈ। ਮੁਲਜ਼ਮ ਮੋਹਨ ਉਰਫ ਮੋਨੂ ਖਿਲਾਫ ਥਾਣਾ ਸਦਰ ਵਿਚ ਸਮੂਹਿਕ ਜਬਰ-ਜ਼ਨਾਹ ਅਤੇ ਜੇਲ ਐਕਟ ਤਹਿਤ ਪਰਚਾ ਦਰਜ ਹੈ ਅਤੇ ਮੁਲਜ਼ਮ ਜ਼ਮਾਨਤ ’ਤੇ ਆਇਆ ਹੋਇਆ ਹੈ। ਪੁੱਛਗਿਛ ਦੌਰਾਨ ਮੁਲਜ਼ਮਾਂ ਤੋਂ ਪਤਾ ਲਗਾਇਆ ਜਾ ਰਿਹਾ ਹੈ ਕਿ ਮੁਲਜ਼ਮ ਲੁੱਟਿਆ ਗਿਆ ਸਾਮਾਨ ਕਿਨ੍ਹਾਂ ਲੋਕਾਂ ਨੂੰ ਵੇਚਦੇ ਸਨ ਅਤੇ ਮੁਲਜ਼ਮਾਂ ਨੇ ਮੋਟਰਸਾਈਕਲ ਕਿਥੋਂ ਚੋਰੀ ਕੀਤੇ ਹਨ। ਮੁਲਜ਼ਮਾਂ ਦੇ ਬਾਕੀ ਸਾਥੀਆਂ ਸਬੰਧੀ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Sandeep Kumar

Content Editor

Related News