ਲੁਟੇਰਿਆਂ ਨੇ ਲੁੱਟ ਲਿਆ ਦੁਕਾਨਦਾਰ! ਪਿਓ-ਪੁੱਤ ''ਤੇ ਕੀਤਾ ਜਾਨਲੇਵਾ ਹਮਲਾ

Wednesday, Mar 11, 2026 - 02:32 PM (IST)

ਲੁਟੇਰਿਆਂ ਨੇ ਲੁੱਟ ਲਿਆ ਦੁਕਾਨਦਾਰ! ਪਿਓ-ਪੁੱਤ ''ਤੇ ਕੀਤਾ ਜਾਨਲੇਵਾ ਹਮਲਾ

ਲੁਧਿਆਣਾ (ਰਾਜ): ਉਦਯੋਗਿਕ ਨਗਰੀ ਵਿਚ ਕਾਨੂੰਨ ਵਿਵਸਥਾ ਦੇ ਦਾਅਵਿਆਂ ਦੀ ਪੋਲ ਖੁੱਲ੍ਹਦੀ ਨਜ਼ਰ ਆ ਰਹੀ ਹੈ। ਇੱਥੇ ਬਦਮਾਸ਼ਾਂ ਦੇ ਹੌਸਲੇ ਇੰਨੇ ਬੁਲੰਦ ਹੋ ਚੁੱਕੇ ਹਨ ਕਿ ਹੁਣ ਆਮ ਆਦਮੀ ਦਾ ਸੜਕਾਂ 'ਤੇ ਸੁਰੱਖਿਅਤ ਚੱਲਣਾ ਵੀ ਮੁਸ਼ਕਲ ਹੋ ਗਿਆ ਹੈ। ਤਾਜ਼ਾ ਮਾਮਲਾ ਗਿੱਲ ਪਿੰਡ ਦੇ ਕੋਲ ਸਥਿਤ ਪਿੰਡ ਟੋਬਾ ਵਿਚ ਦੇਖਣ ਨੂੰ ਮਿਲਿਆ, ਜਿੱਥੇ 26 ਫਰਵਰੀ ਦੀ ਰਾਤ ਨੂੰ ਬਾਈਕ ਸਵਾਰ ਪੰਜ ਨਕਾਬਪੋਸ਼ ਲੁਟੇਰਿਆਂ ਨੇ ਇਕ ਡਿਪਾਰਟਮੈਂਟਲ ਸਟੋਰ ਮਾਲਕ ਅਤੇ ਉਨ੍ਹਾਂ ਦੇ ਬੇਟੇ 'ਤੇ ਜਾਨਲੇਵਾ ਹਮਲਾ ਕਰਕੇ ਉਨ੍ਹਾਂ ਦੀ ਐਕਟਿਵਾ ਅਤੇ ਨਕਦੀ ਲੁੱਟ ਲਈ ਅਤੇ ਮੌਕੇ ਤੋਂ ਫ਼ਰਾਰ ਹੋ ਗਏ। 

ਜਾਣਕਾਰੀ ਅਨੁਸਾਰ ਅਸ਼ੋਕ ਕੁਮਾਰ ਅਤੇ ਉਨ੍ਹਾਂ ਦਾ ਪੁੱਤਰ ਪੁਨੀਤ ਕੁਮਾਰ ਰੋਜ਼ਾਨਾ ਦੀ ਤਰ੍ਹਾਂ ਰਾਤ ਕਰੀਬ 10 ਵਜੇ ਆਪਣੀ ਦੁਕਾਨ ਬੰਦ ਕਰਕੇ ਕਾਲੇ ਰੰਗ ਦੀ ਐਕਟਿਵਾ 'ਤੇ ਘਰ ਪਰਤ ਰਹੇ ਸਨ। ਜਿਵੇਂ ਹੀ ਉਹ ਟੋਬਾ ਪਿੰਡ ਦੇ ਕੋਲ ਪਹੁੰਚੇ, ਪਿੱਛੇ ਤੋਂ ਦੋ ਮੋਟਰਸਾਈਕਲਾਂ 'ਤੇ ਸਵਾਰ ਹੋ ਕੇ ਆਏ ਪੰਜ ਲੁਟੇਰਿਆਂ ਨੇ ਫ਼ਿਲਮੀ ਅੰਦਾਜ਼ ਵਿਚ ਉਨ੍ਹਾਂ ਨੂੰ ਓਵਰਟੇਕ ਕਰਕੇ ਰੋਕ ਲਿਆ। ਇਸ ਦੌਰਾਨ ਲੁਟੇਰਿਆਂ ਨੇ ਪੁਨੀਤ ਕੁਮਾਰ 'ਤੇ ਤੇਜ਼ਧਾਰ ਹਥਿਆਰਾਂ ਨਾਲ ਤਾਬੜਤੋੜ ਹਮਲਾ ਕਰ ਦਿੱਤਾ। ਹਮਲਾ ਇੰਨਾ ਬੇਰਹਿਮ ਸੀ ਕਿ ਪੁਨੀਤ ਦੇ ਸਿਰ ਅਤੇ ਸਰੀਰ 'ਤੇ ਕਰੀਬ 17 ਟਾਂਕੇ ਆਏ ਹਨ ਅਤੇ ਉਹ ਹਸਪਤਾਲ ਵਿਚ ਜ਼ਿੰਦਗੀ ਦੀ ਜੰਗ ਲੜ ਰਿਹਾ ਹੈ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਇਹ ਪੂਰੀ ਵਾਰਦਾਤ ਕੋਲ ਹੀ ਲੱਗੇ ਸੀ.ਸੀ.ਟੀ.ਵੀ. ਕੈਮਰੇ ਵਿਚ ਕੈਦ ਹੋ ਗਈ ਹੈ। ਫੁਟੇਜ ਵਿਚ ਸਾਫ ਦਿਖ ਰਿਹਾ ਹੈ ਕਿ ਕਿਸ ਤਰ੍ਹਾਂ ਲੁਟੇਰਿਆਂ ਨੇ ਪਿਓ-ਪੁੱਤ ਨੂੰ ਘੇਰਿਆ ਅਤੇ ਕੁੱਟਮਾਰ ਸ਼ੁਰੂ ਕੀਤੀ। ਫੁਟੇਜ ਵਿਚ ਬਦਮਾਸ਼ ਪੁਨੀਤ ਨੂੰ ਘੜੀਸਦੇ ਹੋਏ ਪਿੱਛੇ ਵੱਲ ਲੈ ਜਾਂਦੇ ਦਿਖ ਰਹੇ ਹਨ, ਜਦਕਿ ਉਨ੍ਹਾਂ ਦੇ ਸਾਥੀ ਐਕਟਿਵਾ ਅਤੇ ਨਕਦੀ ਲੈ ਕੇ ਰਫੂਚੱਕਰ ਹੋ ਗਏ। ਸੀ.ਸੀ.ਟੀ.ਵੀ. ਦੇ ਪੁਖ਼ਤਾ ਸਬੂਤ ਹੋਣ ਦੇ ਬਾਵਜੂਦ ਖਾਕੀ ਦੀ ਕਾਰਜਪ੍ਰਣਾਲੀ 'ਤੇ ਗੰਭੀਰ ਸਵਾਲ ਖੜ੍ਹੇ ਹੋ ਰਹੇ ਹਨ। ਪੀੜਤ ਪਰਿਵਾਰ ਦਾ ਦੋਸ਼ ਹੈ ਕਿ ਘਟਨਾ ਦੇ ਤੁਰੰਤ ਬਾਅਦ ਮਰਾਡੋ ਪੁਲਸ ਚੌਕੀ ਵਿਚ ਗੁਹਾਰ ਲਗਾਈ ਗਈ ਸੀ, ਪਰ ਕਈ ਦਿਨ ਬੀਤ ਜਾਣ ਦੇ ਬਾਵਜੂਦ ਪੁਲਸ ਨੇ ਐੱਫ.ਆਈ.ਆਰ. ਦਰਜ ਕਰਨਾ ਮੁਨਾਸਬ ਨਹੀਂ ਸਮਝਿਆ।


author

Anmol Tagra

Content Editor

Related News