ਬਿਜਲੀ ਦੀ ਚੰਗਿਆੜੀ ਨਾਲ 5 ਏਕੜ ਨਾੜ ਸੜ ਕੇ ਸੁਆਹ

04/26/2018 5:37:31 AM

ਮਾਹਿਲਪੁਰ, (ਜ.ਬ.)- ਬਲਾਕ ਮਾਹਿਲਪੁਰ ਦੇ ਪਿੰਡ ਜੈਤਪੁਰ ਵਿਚ ਟਰਾਂਸਫਾਰਮਰ ਵਿਚ ਸਪਾਰਕਿੰਗ ਕਾਰਨ ਨਿਕਲੀ ਚੰਗਿਆੜੀ ਤੋਂ ਲੱਗੀ ਅੱਗ ਕਾਰਨ 2 ਕਿਸਾਨਾਂ ਦਾ ਕਰੀਬ 5 ਏਕੜ ਕਣਕ ਦਾ ਨਾੜ ਸੜ ਕੇ ਸੁਆਹ ਹੋ ਗਿਆ। 
ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਸ਼ਾਮੀਂ 5 ਵਜੇ ਦੇ ਕਰੀਬ ਪਿੰਡ ਜੈਤਪੁਰ ਦੇ ਖੇਤਾਂ ਵਿਚ ਲੱਗੇ ਟਰਾਂਸਫਾਰਮਰ ਦੀਆਂ ਤਾਰਾਂ ਦੀ ਸਪਾਰਕਿੰਗ ਕਾਰਨ ਚੰਗਿਆੜੀਆਂ ਨਿਕਲਣ 'ਤੇ ਸੁਖਪਾਲ ਸਿੰਘ ਪੁੱਤਰ ਹਰਭਜਨ ਸਿੰਘ ਵਾਸੀ ਢੱਕੋਂ ਅਤੇ ਸੁਰਜੀਤ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਜੈਤਪੁਰ ਦੇ ਕਰੀਬ 5 ਏਕੜ ਕਣਕ ਦੇ ਨਾੜ ਨੂੰ ਅੱਗ ਲੱਗ ਗਈ। ਦੇਖਦੇ ਹੀ ਦੇਖਦੇ ਅੱਗ ਤੇਜ਼ ਹੋ ਗਈ। ਆਸ-ਪਾਸ ਦੇ ਲੋਕਾਂ ਨੇ 2 ਘੰਟੇ ਦੀ ਸਖ਼ਤ ਮਿਹਨਤ ਤੋਂ ਬਾਅਦ ਅੱਗ 'ਤੇ ਕਾਬੂ ਪਾਇਆ। ਦਲਵੀਰ ਸਿੰਘ ਸਰਪੰਚ ਜੈਤਪੁਰ, ਸਰਬਜੀਤ ਸਿੰਘ ਭੋਲਾ, ਸੁਰਜੀਤ ਸਿੰਘ, ਸੁਖਪਾਲ ਸਿੰਘ ਆਦਿ ਕਿਸਾਨਾਂ ਨੇ ਦੱਸਿਆ ਕਿ ਮੌਕੇ 'ਤੇ ਪਹੁੰਚੀ ਫਾਇਰ ਬ੍ਰਿਗੇਡ ਦੀ ਗੱਡੀ ਦੇ ਮੁਲਾਜ਼ਮਾਂ ਨੇ ਨਾੜ ਦੀ ਅੱਗ ਬੁਝਾਉਣੋਂ ਨਾਂਹ ਕਰ ਦਿੱਤੀ। 
ਲੋਕਾਂ ਵੱਲੋਂ ਜ਼ੋਰ ਪਾਉਣ 'ਤੇ ਉਨ੍ਹਾਂ ਅੱਗ ਬੁਝਾਉਣ ਦਾ ਕੰਮ ਸ਼ੁਰੂ ਕੀਤਾ ਪਰ ਉਦੋਂ ਤੱਕ ਨਾੜ ਸੜ ਕੇ ਸੁਆਹ ਹੋ ਚੁੱਕਾ ਸੀ। ਜ਼ਿਕਰਯੋਗ ਹੈ ਕਿ ਇਸ ਜਗ੍ਹਾ ਟਰਾਂਸਫਾਰਮਰ ਦੀਆਂ ਤਾਰਾਂ ਦੀ ਸਪਾਰਕਿੰਗ ਕਾਰਨ ਤੀਜੀ ਵਾਰ ਅੱਗ ਲੱਗ ਚੁੱਕੀ ਹੈ। ਕਰੀਬ 22 ਦਿਨ ਪਹਿਲਾਂ ਵੀ ਇਸੇ ਜ਼ਮੀਨ ਵਿਚ ਅੱਗ ਲੱਗੀ ਸੀ ਪਰ ਕਣਕ ਗਿੱਲੀ ਹੋਣ ਕਾਰਨ ਜ਼ਿਆਦਾ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ। ਲੋਕਾਂ ਨੇ ਪਾਵਰਕਾਮ ਵਿਭਾਗ ਤੋਂ ਮੰਗ ਕੀਤੀ ਕਿ ਇਸ ਸਮੱਸਿਆ ਦਾ ਤੁਰੰਤ ਹੱਲ ਕੀਤਾ ਜਾਵੇ ਤਾਂ ਜੋ ਕਿਸਾਨਾਂ ਦਾ ਅੱਗ ਲੱਗਣ ਕਰ ਕੇ ਵਾਰ-ਵਾਰ ਹੋ ਰਹੇ ਨੁਕਸਾਨ ਤੋਂ ਬਚਾਅ ਹੋ ਸਕੇ।


Related News