ਤਨਖਾਹ ਘੱਟ ਕਰਨ ਦੇ ਸਰਕਾਰੀ ਮਨਸੂਬੇ ਖਿਲਾਫ ਭੜਕੇ ਅਧਿਆਪਕ

Monday, Mar 12, 2018 - 02:40 AM (IST)

ਤਨਖਾਹ ਘੱਟ ਕਰਨ ਦੇ ਸਰਕਾਰੀ ਮਨਸੂਬੇ ਖਿਲਾਫ ਭੜਕੇ ਅਧਿਆਪਕ

ਸੰਗਰੂਰ, (ਬੇਦੀ, ਵਿਵੇਕ ਸਿੰਧਵਾਨੀ, ਯਾਦਵਿੰਦਰ, ਰੂਪਕ)— ਪਹਿਲਾਂ ਤੋਂ ਹੀ ਰੈਗੂਲਰ ਅਧਿਆਪਕਾਂ ਨੂੰ ਮੁੱਢਲੇ ਤਨਖਾਹ ਸਕੇਲ 10,300 ਰੁਪਏ 'ਤੇ ਲਿਆਉਣ ਦੀ ਸਰਕਾਰ ਵੱਲੋਂ ਕੀਤੀ ਜਾ ਰਹੀ ਤਿਆਰੀ ਦਾ ਵਿਰੋਧ ਕਰਦਿਆਂ ਕੰਪਿਊਟਰ ਅਧਿਆਪਕਾਂ ਨੇ ਡੀ. ਸੀ. ਦਫਤਰ ਨੇੜੇ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ।
ਇਸ ਤੋਂ ਪਹਿਲਾਂ ਅਧਿਆਪਕਾਂ ਨੇ ਆਪਣੀਆਂ ਮੰਗਾਂ ਦੇ ਹੱਕ 'ਚ ਰੋਸ ਮਾਰਚ ਕੱਢਿਆ। ਇਸ ਮੌਕੇ ਸੰਬੋਧਨ ਕਰਦਿਆਂ ਕੁਲਦੀਪ ਕੌਸ਼ਲ, ਜਸਵਿੰਦਰ ਸਿੰਘ, ਅੰਮ੍ਰਿਤਪਾਲ ਸਿੱਧੂ, ਗੁਰਪ੍ਰੀਤ ਪਿਸ਼ੌਰ ਨੇ ਕਿਹਾ ਕਿ ਸਿੱਖਿਆ ਵਿਭਾਗ ਵਿਚ ਡੀ. ਜੀ. ਐੱਸ. ਈ. ਪੰਜਾਬ ਅਧੀਨ ਵੱਖ-ਵੱਖ ਸੋਸਾਇਟੀਆਂ (ਪਿਕਟਸ/ਸ. ਸ. ਅ./ਰਮਸਾ, ਮਾਡਲ ਸਕੂਲ/ਆਦਰਸ਼ ਸਕੂਲ, ਆਈ. ਈ. ਆਰ. ਟੀ./ਐੱਮ. ਡੀ. ਐੱਮ.) ਵਿਚ ਪਿਛਲੇ 10-12 ਸਾਲਾਂ ਤੋਂ ਕਰਮਚਾਰੀ ਸੇਵਾਵਾਂ ਦੇ ਰਹੇ ਹਨ, ਜਿਨ੍ਹਾਂ ਵਿਚ ਪਿਕਟਸ ਅਧੀਨ 2011 ਤੋਂ ਰੈਗੂਲਰ ਤੌਰ 'ਤੇ ਸੇਵਾਵਾਂ ਨਿਭਾਅ ਰਹੇ 7000 ਕੰਪਿਊਟਰ ਅਧਿਆਪਕ, ਸ. ਸ. ਅ./ਰਮਸਾ, ਮਾਡਲ ਸਕੂਲ/ ਆਦਰਸ਼ ਸਕੂਲ/ਆਈ. ਈ. ਆਰ. ਟੀ./ਐੱਮ. ਡੀ. ਐੱਮ. ਸੋਸਾਇਟੀਆਂ ਅਧੀਨ 10 ਸਾਲਾਂ ਤੋਂ ਠੇਕੇ 'ਤੇ ਲਗਾਤਾਰ ਸੇਵਾਵਾਂ ਨਿਭਾਅ ਰਹੇ ਕਰੀਬ 15000 ਅਧਿਆਪਕ ਸ਼ਾਮਲ ਹਨ। 
ਆਗੂਆਂ ਨੇ ਦੱਸਿਆ ਕਿ ਕੰਪਿਊਟਰ ਅਧਿਆਪਕ, ਜੋ 2005 ਵਿਚ ਠੇਕੇ 'ਤੇ ਭਰਤੀ ਹੋਏ ਸਨ, ਨੂੰ ਜੁਲਾਈ 2011 ਵਿਚ ਅਕਾਲੀ-ਭਾਜਪਾ ਸਰਕਾਰ ਨੇ ਪਿਕਟਸ ਵਿਚ ਵੋਕੇਸ਼ਨਲ ਮਾਸਟਰ ਦਾ ਗਰੇਡ ਦੇ ਕੇ ਰੈਗੂਲਰ ਕੀਤਾ ਸੀ। ਹੁਣ 7 ਸਾਲ ਦੀ ਰੈਗੂਲਰ ਸੇਵਾ ਕਰਨ ਉਪਰੰਤ ਫਿਰ ਕੰਪਿਊਟਰ ਅਧਿਆਪਕ ਨੂੰ ਕਿਹਾ ਜਾ ਰਿਹਾ ਹੈ ਕਿ ਤੁਸੀਂ 3 ਸਾਲ ਲਈ 10,300 'ਤੇ ਆ ਜਾਓ, ਜੋ ਕਿ ਬਹੁਤ ਹੀ ਹਾਸੋਹੀਣੀ ਗੱਲ ਹੈ । 
ਆਗੂਆਂ ਨੇ ਕਿਹਾ ਕਿ ਐੱਸ. ਐੱਸ. ਏ. /ਰਮਸਾ ਅਧੀਨ ਠੇਕੇ 'ਤੇ 10 ਸਾਲਾਂ ਤੋਂ ਕੰਮ ਕਰ ਰਹੇ ਅਧਿਆਪਕ, ਜੋ 42000 ਰੁਪਏ ਤਨਖਾਹ ਲੈ ਰਹੇ ਹਨ, ਨੂੰ ਸਿੱਖਿਆ ਵਿਭਾਗ ਦੇ ਨਾਂ 'ਤੇ ਜਬਰੀ 3 ਸਾਲ ਲਈ 10,300 ਲੈਣ ਲਈ ਕਿਹਾ ਜਾ ਰਿਹਾ ਹੈ। ਉਨ੍ਹਾਂ ਮੰਗ ਕੀਤੀ ਕਿ ਸਰਕਾਰ ਪੂਰੀ ਤਨਖਾਹ ਅਤੇ ਭੱਤਿਆਂ ਨਾਲ ਅਧਿਆਪਕਾਂ ਨੂੰ ਸਿੱਖਿਆ ਵਿਭਾਗ 'ਚ ਮਰਜ ਕਰੇ। ਇਸ ਮੌਕੇ ਗੁਰਚਰਨ ਸਿੰਘ ਖੋਖਰ, ਜਸਵੀਰ ਸਿੰਘ, ਰਾਜੇਸ਼ਵਰ ਸ਼ਰਮਾ, ਕੁਲਵਿੰਦਰ ਨਿੰਦੀ ਆਦਿ ਹਾਜ਼ਰ ਸਨ। 
ਬਰਨਾਲਾ, (ਵਿਵੇਕ ਸਿੰਧਵਾਨੀ, ਰਵੀ)—ਐੈੱਸ. ਐੱਸ. ਏ./ਰਮਸਾ ਅਧਿਆਪਕ ਤੇ ਪਿਕਟਸ ਸੋਸਾਇਟੀ ਅਧੀਨ ਰੈਗੂਲਰ ਤੌਰ 'ਤੇ ਕੰਮ ਕਰਦੇ ਕੰਪਿਊਟਰ ਅਧਿਆਪਕਾਂ ਨੇ ਇਥੇ ਵੀ ਪੰਜਾਬ ਸਰਕਾਰ ਦੀ ਅਰਥੀ ਫੂਕੀ। ਚਿੰਟੂ ਪਾਰਕ 'ਚ ਰੋਸ ਪ੍ਰਗਟ ਕਰਦਿਆਂ ਐੱਸ. ਐੱਸ. ਏ. ਰਮਸਾ ਅਧਿਆਪਕ ਯੂਨੀਅਨ ਦੇ ਜ਼ਿਲਾ ਪ੍ਰਧਾਨ ਨਿਰਮਲ ਚੁਹਾਣਕੇ ਨੇ ਕਿਹਾ ਕਿ ਕਾਂਗਰਸ ਸਰਕਾਰ ਵਿੱਤੀ ਸੰਕਟ ਦਾ ਬਹਾਨਾ ਬਣਾ ਕੇ ਲੰਮੇ ਸਮੇਂ ਤੋਂ ਠੇਕੇ ਦਾ ਸੰਤਾਪ ਭੋਗ ਰਹੇ ਅਧਿਆਪਕਾਂ ਨੂੰ ਰੈਗੂਲਰ ਕਰਨ ਦੇ ਬਹਾਨੇ ਤਨਖਾਹ 'ਤੇ 75 ਫੀਸਦੀ ਕੱਟ ਮਾਰਨਾ ਚਾਹੁੰਦੀ ਹੈ, ਜਿਸ ਨੂੰ ਉਹ ਕਿਸੇ ਵੀ ਕੀਮਤ 'ਤੇ ਲਾਗੂ ਨਹੀਂ ਹੋਣ ਦੇਣਗੇ। 
ਇਸ ਮੌਕੇ ਭਰਾਤਰੀ ਜਥੇਬੰਦੀਆਂ 'ਚ ਹਰਿੰਦਰ ਜੀ. ਟੀ. ਯੂ. ਡੀ. ਟੀ. ਐੱਫ. ਦੇ ਗੁਰਮੀਤ ਸੁਖਪੁਰ, ਡੀ. ਐੱਮ. ਐੱਫ. ਮਹਿਮਾ ਸਿੰਘ, ਈ. ਟੀ. ਟੀ. ਅਧਿਆਪਕ ਯੂਨੀਅਨ ਕੀਰਤਨ ਸਿੰਘ, ਅਧਿਆਪਕ ਦਲ ਸੁਖਵਿੰਦਰ ਭੰਡਾਰੀ, ਬੀ. ਐੱਡ ਫਰੰਟ ਪਰਮਿੰਦਰ ਰੁਪਾਲ, ਨੌਜਵਾਨ ਭਾਰਤ ਸਭਾ ਸੁਖਵਿੰਦਰ ਢਿੱਲਵਾਂ, ਸੁਖਦੀਪ ਤਪਾ, ਅਮਨ ਭੋਤਨਾ, ਸੁਰਿੰਦਰ ਕੁਮਾਰ, ਰਾਜਿੰਦਰ ਮੂਲੋਵਾਲ, ਮਨਮੋਹਨ ਸਿੰਘ, ਗੁਰਦੀਪ ਠੀਕਰੀਵਾਲ ਆਦਿ ਹਾਜ਼ਰ ਸਨ। 


Related News