ਸਿਹਤ ਕ੍ਰਾਂਤੀ ਦੇ ਦਾਅਵਿਆਂ ਦੀ ਨਿਕਲੀ ਫੂਕ; ਮਾਹਿਰ ਡਾਕਟਰਾਂ ਦੀ ਘਾਟ ਕਾਰਨ ‘ਬੀਮਾਰ’ ਹੋਏ ਸਰਕਾਰੀ ਹਸਪਤਾਲ
Tuesday, Feb 10, 2026 - 10:26 AM (IST)
ਅੰਮ੍ਰਿਤਸਰ (ਦਲਜੀਤ) : ਪੰਜਾਬ ਸਰਕਾਰ ਵੱਲੋਂ ਸੂਬੇ ਵਿਚ ‘ਸਿਹਤ ਕ੍ਰਾਂਤੀ’ ਲਿਆਉਣ ਦੇ ਕੀਤੇ ਜਾ ਰਹੇ ਵੱਡੇ-ਵੱਡੇ ਦਾਅਵਿਆਂ ਨੂੰ ਜ਼ਿਲਾ ਅੰਮ੍ਰਿਤਸਰ ਦੇ ਸਰਕਾਰੀ ਹਸਪਤਾਲ ਮੂੰਹ ਚਿੜਾ ਰਹੇ ਹਨ। ਜ਼ਮੀਨੀ ਹਕੀਕਤ ਇਹ ਹੈ ਕਿ ਜ਼ਿਲੇ ਦੇ ਅੱਠ ਕਮਿਊਨਿਟੀ ਹੈਲਥ ਸੈਂਟਰਾਂ ਅਤੇ ਦੋ ਸਬ-ਡਿਵੀਜ਼ਨਲ ਹਸਪਤਾਲਾਂ ਵਿਚ ਮੈਡੀਸਨ ਸਪੈਸ਼ਲਿਸਟ (ਮਾਹਿਰ) ਡਾਕਟਰਾਂ ਦੀਆਂ ਪੋਸਟਾਂ ਲੰਬੇ ਸਮੇਂ ਤੋਂ ਖਾਲੀ ਪਈਆਂ ਹਨ। ਮਾਹਿਰ ਡਾਕਟਰਾਂ ਦੀ ਪੱਕੀ ਤਾਇਨਾਤੀ ਨਾ ਹੋਣ ਕਾਰਨ ਜਿੱਥੇ ਗਰੀਬ ਮਰੀਜ਼ ਇਲਾਜ ਲਈ ਖੱਜਲ-ਖੁਆਰ ਹੋ ਰਹੇ ਹਨ, ਉੱਥੇ ਹੀ ਸਰਕਾਰ ਦੇ ਸਿਹਤ ਸਹੂਲਤਾਂ ਵਾਲੇ ਦਾਅਵਿਆਂ ’ਤੇ ਵੱਡਾ ਪ੍ਰਸ਼ਨ ਚਿੰਨ੍ਹ ਲੱਗ ਰਿਹਾ ਹੈ।
ਜਾਣਕਾਰੀ ਅਨੁਸਾਰ, ਨਿਯਮਾਂ ਮੁਤਾਬਕ ਲਗਭਗ 2 ਲੱਖ ਦੀ ਆਬਾਦੀ ਪਿੱਛੇ ਇਕ ਕਮਿਊਨਿਟੀ ਹਸਪਤਾਲ ਸੇਵਾਵਾਂ ਦਿੰਦਾ ਹੈ, ਜਦਕਿ ਸਬ-ਡਿਵੀਜ਼ਨਲ ਹਸਪਤਾਲ ਇਸ ਤੋਂ ਵੀ ਵੱਡੀ ਆਬਾਦੀ ਨੂੰ ਕਵਰ ਕਰਦੇ ਹਨ। ਕਿਸੇ ਵੀ ਹਸਪਤਾਲ ਵਿਚ ਮੈਡੀਸਨ ਮਾਹਿਰ ਦੀ ਭੂਮਿਕਾ ਸਭ ਤੋਂ ਅਹਿਮ ਹੁੰਦੀ ਹੈ, ਪਰ ਅੰਮ੍ਰਿਤਸਰ ਦੇ ਸਰਕਾਰੀ ਹਸਪਤਾਲ ਇਸ ਮੁਢਲੀ ਸਹੂਲਤ ਤੋਂ ਹੀ ਵਾਂਝੇ ਹਨ।
ਇਹ ਵੀ ਪੜ੍ਹੋ : CBSE ਬੋਰਡ ਪ੍ਰੀਖਿਆ 'ਚ ਸਹੀ ਜਵਾਬ ਲਿਖਣ ’ਤੇ ਵੀ ਮਿਲ ਸਕਦੈ ‘ਜ਼ੀਰੋ’! ਆਂਸਰ ਸ਼ੀਟ ਭਰਨ ਦਾ ਡਿਜੀਟਲ ਰੂਲ ਲਾਗੂ
ਇਨ੍ਹਾਂ ਹਸਪਤਾਲਾਂ ’ਚ ਨਹੀਂ ਹੈ ਕੋਈ ਮੈਡੀਸਨ ਸਪੈਸ਼ਲਿਸਟ
ਜ਼ਿਲਾ ਅੰਮ੍ਰਿਤਸਰ ਦੇ ਸਰਕਾਰੀ ਕਮਿਊਨਿਟੀ ਹਸਪਤਾਲ ਥਰੀਏਵਾਲ, ਵੇਰਕਾ, ਜੰਡਿਆਲਾ, ਅਜਨਾਲਾ, ਬਾਬਾ ਬਕਾਲਾ, ਰਮਦਾਸ ਅਤੇ ਲੋਪੋਕੇ ਵਿਚ ਮੈਡੀਸਨ ਸਪੈਸ਼ਲਿਸਟ ਡਾਕਟਰਾਂ ਦੀ ਓ.ਪੀ.ਡੀ. ਵਿਚ ਕੋਈ ਪੱਕੀ ਤਾਇਨਾਤੀ ਨਹੀਂ ਹੈ। ਹਾਲਾਂਕਿ ਵੇਰਕਾ ਵਿਖੇ ਐੱਸ.ਐੱਮ.ਓ. ਡਾਕਟਰ ਰਾਜ ਕੁਮਾਰ ਪ੍ਰਸ਼ਾਸਨਿਕ ਕੰਮਾਂ ਦੇ ਨਾਲ-ਨਾਲ ਮਰੀਜ਼ਾਂ ਦੀ ਜਾਂਚ ਕਰ ਰਹੇ ਹਨ, ਪਰ ਬਾਕੀ ਹਸਪਤਾਲਾਂ ਦੀ ਹਾਲਤ ਤਰਸਯੋਗ ਹੈ। ਇਹੀ ਹਾਲ ਸਬ-ਡਿਵੀਜ਼ਨਲ ਹਸਪਤਾਲ ਬਾਬਾ ਬਕਾਲਾ ਅਤੇ ਅਜਨਾਲਾ ਦਾ ਹੈ, ਜਿੱਥੇ ਮਾਹਿਰ ਡਾਕਟਰ ਨਾ ਹੋਣ ਕਾਰਨ ਮਰੀਜ਼ਾਂ ਨੂੰ ਨਿੱਜੀ ਹਸਪਤਾਲਾਂ ਜਾਂ ਸ਼ਹਿਰ ਦੇ ਵੱਡੇ ਹਸਪਤਾਲਾਂ ਵੱਲ ਦੌੜਨਾ ਪੈਂਦਾ ਹੈ।
ਸਿਵਲ ਹਸਪਤਾਲ: ਸਿਰਫ਼ 3 ਘੰਟੇ ਦੀਆਂ ਸੇਵਾਵਾਂ ਦੇ ਭਰੋਸੇ ਮਰੀਜ਼
ਜ਼ਿਲਾ ਪੱਧਰੀ ਸਭ ਤੋਂ ਵੱਡੇ ਸਿਵਲ ਹਸਪਤਾਲ ਦੀ ਹਾਲਤ ਵੀ ਬਹੁਤੀ ਚੰਗੀ ਨਹੀਂ ਹੈ। ਵਿਭਾਗ ਇੱਥੇ ਪੱਕੇ ਤੌਰ ’ਤੇ ਮੈਡੀਸਨ ਸਪੈਸ਼ਲਿਸਟ ਤਾਇਨਾਤ ਕਰਨ ਵਿਚ ਅਸਫਲ ਰਿਹਾ ਹੈ। ਫਿਲਹਾਲ, ਇਕ ‘ਇਮਪੈਨਲਡ’ ਡਾਕਟਰ ਰਾਹੀਂ ਕੰਮ ਚਲਾਇਆ ਜਾ ਰਿਹਾ ਹੈ, ਜੋ ਦਿਨ ਵਿਚ ਸਿਰਫ਼ ਤਿੰਨ ਘੰਟੇ ਹੀ ਸੇਵਾਵਾਂ ਦਿੰਦੇ ਹਨ। ਸਰਕਾਰ ਇਨ੍ਹਾਂ ਨੂੰ ਪ੍ਰਤੀ ਮਰੀਜ਼ ਦੇ ਹਿਸਾਬ ਨਾਲ ਅਦਾਇਗੀ ਕਰਦੀ ਹੈ। ਹਾਲਾਂਕਿ ਐੱਸ.ਐੱਮ.ਓ. ਡਾਕਟਰ ਰਜਨੀਸ਼ ਖ਼ੁਦ ਮੈਡੀਸਨ ਮਾਹਿਰ ਹਨ, ਪਰ ਉਨ੍ਹਾਂ ਕੋਲ ਦੋ ਐੱਸ.ਐੱਮ.ਓ. ਪੋਸਟਾਂ ਦਾ ਵਾਧੂ ਚਾਰਜ ਅਤੇ ਪ੍ਰਸ਼ਾਸਨਿਕ ਜ਼ਿੰਮੇਵਾਰੀਆਂ ਹੋਣ ਕਾਰਨ ਉਹ ਮਰੀਜ਼ਾਂ ਨੂੰ ਪੂਰਾ ਸਮਾਂ ਨਹੀਂ ਦੇ ਪਾਉਂਦੇ।
ਇਹ ਵੀ ਪੜ੍ਹੋ : ਭਾਰਤੀ ਰੇਲਵੇ ਨੇ ਬਦਲੇ ਨਿਯਮ: ਹੁਣ ਬਿਨਾਂ ID ਦੇ ਨਹੀਂ ਚੱਲੇਗਾ ਕੰਮ, ਇਨ੍ਹਾਂ ਇਲਾਕਿਆਂ ਦੀਆਂ ਟ੍ਰੇਨਾਂ 'ਚ ਵਧੀ ਸਖ਼ਤੀ
ਜਲਦ ਹੋਵੇਗੀ ਡਾਕਟਰਾਂ ਦੀ ਤਾਇਨਾਤੀ : ਸਿਵਲ ਸਰਜਨ
ਜਦੋਂ ਇਸ ਸਬੰਧੀ ਸਿਵਲ ਸਰਜਨ ਡਾਕਟਰ ਸਤਿੰਦਰ ਸਿੰਘ ਬਜਾਜ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਮੰਨਿਆ ਕਿ ਕਮਿਊਨਿਟੀ ਹੈਲਥ ਸੈਂਟਰਾਂ ਵਿਚ ਮੈਡੀਸਨ ਡਾਕਟਰਾਂ ਦੀ ਘਾਟ ਹੈ। ਉਨ੍ਹਾਂ ਕਿਹਾ, ‘ਸਰਕਾਰ ਵੱਲੋਂ ਜਲਦ ਹੀ ਪੱਕੇ ਤੌਰ ’ਤੇ ਮੈਡੀਸਨ ਸਪੈਸ਼ਲਿਸਟ ਤੈਨਾਤ ਕੀਤੇ ਜਾ ਰਹੇ ਹਨ। ਫਿਲਹਾਲ ਸਿਵਲ ਹਸਪਤਾਲ ਵਿਚ ਇਮਪੈਨਲਡ ਡਾਕਟਰ ਸੇਵਾਵਾਂ ਦੇ ਰਹੇ ਹਨ ਅਤੇ ਹੁਣ ਸਬ-ਡਿਵੀਜ਼ਨਲ ਹਸਪਤਾਲਾਂ ਵਿਚ ਵੀ ਅਜਿਹੇ ਡਾਕਟਰ ਭੇਜੇ ਜਾ ਰਹੇ ਹਨ ਤਾਂ ਜੋ ਮਰੀਜ਼ਾਂ ਨੂੰ ਰਾਹਤ ਮਿਲ ਸਕੇ।
