''ਆਪ'' ਵੱਲੋਂ ਜਲੰਧਰ ਦੀ ਮੁੱਖ ਸੜਕ ਜਾਮ ਕਰਨ ''ਤੇ ਭੜਕੇ ਅਵਤਾਰ ਹੈਨਰੀ, ਦੋਸ਼ੀਆਂ ਖ਼ਿਲਾਫ਼ ਕਾਰਵਾਈ ਦੀ ਕੀਤੀ ਮੰਗ

Thursday, Feb 19, 2026 - 11:15 AM (IST)

''ਆਪ'' ਵੱਲੋਂ ਜਲੰਧਰ ਦੀ ਮੁੱਖ ਸੜਕ ਜਾਮ ਕਰਨ ''ਤੇ ਭੜਕੇ ਅਵਤਾਰ ਹੈਨਰੀ, ਦੋਸ਼ੀਆਂ ਖ਼ਿਲਾਫ਼ ਕਾਰਵਾਈ ਦੀ ਕੀਤੀ ਮੰਗ

ਜਲੰਧਰ (ਚੋਪੜਾ)- ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਅਵਤਾਰ ਹੈਨਰੀ ਨੇ ਸ਼ਹਿਰ ਦੀ ਮੁੱਖ ਸੜਕ ਨੂੰ ਆਵਾਜਾਈ ਲਈ ਪੂਰੀ ਤਰ੍ਹਾਂ ਬੰਦ ਕਰ ਕੇ ਸਿਆਸੀ ਪ੍ਰੋਗਰਾਮ ਕਰਵਾਉਣ ’ਤੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਕਿਹਾ ਕਿ ਇਹ ਘਟਨਾ ਸਾਫ਼ ਦਰਸਾਉਂਦੀ ਹੈ ਕਿ ਆਮ ਆਦਮੀ ਪਾਰਟੀ ਦੇ ਆਗੂ ਸੱਤਾ ਦੇ ਨਸ਼ੇ ਵਿਚ ਚੂਰ ਹੋ ਕੇ ਆਮ ਨਾਗਰਿਕਾਂ ਦੀਆਂ ਮੁਸ਼ਕਲਾਂ ਤੋਂ ਪੂਰੀ ਤਰ੍ਹਾਂ ਬੇਪ੍ਰਵਾਹ ਹੋ ਚੁੱਕੇ ਹਨ।

ਅਵਤਾਰ ਹੈਨਰੀ ਨੇ ਕਿਹਾ ਕਿ ਜਿਸ ਸੜਕ ਤੋਂ ਰੋਜ਼ਾਨਾ ਹਜ਼ਾਰਾਂ ਵਾਹਨ ਲੰਘਦੇ ਹਨ ਅਤੇ ਜੋ ਸ਼ਹਿਰ ਦੇ ਮੁੱਖ ਬਾਜ਼ਾਰਾਂ ਤੇ ਹਸਪਤਾਲਾਂ ਨੂੰ ਜੋੜਦੀ ਹੈ, ਉਸ ਦੇ ਵਿਚਕਾਰ ਟੈਂਟ ਲਾ ਕੇ ਰਸਤਾ ਰੋਕਣਾ ਅਤਿ ਗੈਰ-ਜ਼ਿੰਮੇਵਾਰਾਨਾ ਕਦਮ ਹੈ। ਉਨ੍ਹਾਂ ਕਿਹਾ ਕਿ ਸਿਆਸੀ ਪ੍ਰੋਗਰਾਮ ਕਰਨ ਦਾ ਅਧਿਕਾਰ ਸਾਰਿਆਂ ਨੂੰ ਹੈ, ਪਰ ਸੜਕ ਨੂੰ ਇਕ ਤਰ੍ਹਾਂ ਨਾਲ ਸੀਲ ਕਰ ਕੇ ਜਨਤਾ ਨੂੰ ਦੁੱਖ ਦੇ ਕੇ ਨਹੀਂ।

ਅਵਤਾਰ ਹੈਨਰੀ ਨੇ ਦੋਸ਼ ਲਾਇਆ ਕਿ ਪ੍ਰਸ਼ਾਸਨ ਦੀਆਂ ਅੱਖਾਂ ਸਾਹਮਣੇ ਮੁੱਖ ਮਾਰਗ ਜਾਮ ਕਰ ਦਿੱਤਾ ਗਿਆ, ਜਿਸ ਕਾਰਨ ਸਕੂਲੀ ਬੱਚਿਆਂ, ਵਪਾਰੀਆਂ ਅਤੇ ਮਰੀਜ਼ਾਂ ਨੂੰ ਭਾਰੀ ਪ੍ਰੇਸ਼ਾਨੀ ਝੱਲਣੀ ਪਈ। ਐਂਬੂਲੈਂਸ ਸੇਵਾਵਾਂ ਤੱਕ ਪ੍ਰਭਾਵਿਤ ਹੋਣ ਦੀਆਂ ਖ਼ਬਰਾਂ ਲੋਕਤੰਤਰ ਲਈ ਚਿੰਤਾਜਨਕ ਹਨ। ਅਵਤਾਰ ਹੈਨਰੀ ਨੇ ਸਵਾਲ ਕੀਤਾ ਕਿ ਜੇਕਰ ਕਿਸੇ ਮਰੀਜ਼ ਦੀ ਹਾਲਤ ਵਿਗੜ ਜਾਂਦੀ ਤਾਂ ਇਸ ਦੀ ਨੈਤਿਕ ਜ਼ਿੰਮੇਵਾਰੀ ਕੌਣ ਲੈਂਦਾ?

ਸਾਬਕਾ ਮੰਤਰੀ ਨੇ ਕਿਹਾ ਕਿ ਜੇਕਰ ਕੋਈ ਆਮ ਨਾਗਰਿਕ ਬਿਨਾਂ ਇਜਾਜ਼ਤ ਸੜਕ ’ਤੇ ਛੋਟਾ ਜਿਹਾ ਪ੍ਰੋਗਰਾਮ ਕਰ ਦੇਵੇ ਤਾਂ ਤੁਰੰਤ ਕਾਰਵਾਈ ਹੁੰਦੀ ਹੈ, ਪਰ ਜਦੋਂ ਸੱਤਾਧਾਰੀ ਪਾਰਟੀ ਅਜਿਹਾ ਕਰੇ ਤਾਂ ਸਭ ਖ਼ਾਮੋਸ਼ ਕਿਉਂ ਹੋ ਜਾਂਦੇ ਹਨ? ਇਹ ਦੋਹਰੇ ਮਾਪਦੰਡ ਬਰਦਾਸ਼ਤ ਨਹੀਂ ਕੀਤੇ ਜਾਣਗੇ। ਅਵਤਾਰ ਹੈਨਰੀ ਨੇ ਸਪੱਸ਼ਟ ਸ਼ਬਦਾਂ ਵਿਚ ਚਿਤਾਵਨੀ ਦਿੱਤੀ ਕਿ ਕਾਂਗਰਸ ਪਾਰਟੀ ਸ਼ਹਿਰ ਦੀ ਜਨਤਾ ਦੇ ਹਿੱਤਾਂ ਨਾਲ ਖਿਲਵਾੜ ਨਹੀਂ ਹੋਣ ਦੇਵੇਗੀ। ਉਨ੍ਹਾਂ ਮੰਗ ਕੀਤੀ ਕਿ ਇਸ ਮਾਮਲੇ ਵਿਚ ਇਜਾਜ਼ਤ, ਟ੍ਰੈਫਿਕ ਮੈਨੇਜਮੈਂਟ ਅਤੇ ਪ੍ਰਸ਼ਾਸਨਿਕ ਭੂਮਿਕਾ ਦੀ ਜਾਂਚ ਹੋਵੇ ਅਤੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ, ਤਾਂ ਜੋ ਭਵਿੱਖ ਵਿਚ ਕੋਈ ਵੀ ਸਿਆਸੀ ਪਾਰਟੀ ਜਨਤਾ ਨੂੰ ਮੁਸ਼ਕਿਲ ਵਿਚ ਪਾਉਣ ਦੀ ਹਿੰਮਤ ਨਾ ਕਰੇ।
 


author

Anmol Tagra

Content Editor

Related News