ਸੁਖਪਾਲ ਖਹਿਰਾ ਦਾ ਕਾਂਗਰਸੀ ਮੋਹ: ''ਜੱਟ ਹੋ ਗਿਆ ਮਚਲਾ ਤੇ ਖ਼ੁਦਾ ਨੂੰ ਲੈ ਗਏ ਚੋਰ''

06/07/2021 9:03:59 PM

ਵੀਹ ਸੌ ਸੋਲਾਂ ਦੀ ਗੱਲ ਹੈ, ਹਲਕਾ ਭੁਲੱਥ ਤੋਂ ਬੀਬੀ ਜਗੀਰ ਕੌਰ ਤੋਂ ਹਾਰ ਖਾਕੇ ਬੈਠਾ ਸੁਖਪਾਲ ਸਿੰਘ ਖਹਿਰਾ ਆਪਣੇ ਸਾਥੀਆਂ ਦੀ ਬੈਠਕ ਬੁਲਾ ਕੇ ਸਲਾਹ ਕਰ ਰਿਹਾ ਸੀ ਕਿ ਆਮ ਆਦਮੀ ਪਾਰਟੀ ਦੇ ਸਿਧਾਂਤ ਮੇਰੇ ਅਸੂਲਾਂ ਨਾਲ ਮੇਲ ਖਾਂਦੇ ਹਨ ਤੇ ਜੇ ਤੁਹਾਡੀ ਸਹਿਮਤੀ ਹੋਵੇ ਤਾਂ ਮੈਂ ਉਸ ਪਾਰਟੀ ਵਿੱਚ ਸ਼ਾਮਿਲ ਹੋ ਜਾਂਦਾ ਹਾਂ।ਫਿਰ ਇਹ ਕਾਂਗਰਸ ਨੂੰ ਅਲਵਿਦਾ ਆਖ 'ਆਪ' ਵਿੱਚ ਸ਼ਾਮਿਲ ਹੋ ਗਿਆ। 

ਬੀਬੀ ਜਗੀਰ ਕੌਰ 'ਤੇ ਅਦਾਲਤੀ ਰੋਕ ਲੱਗੀ ਹੋਣ ਕਰਕੇ ਉਸਦਾ ਜਵਾਈ ਭੁਲੱਥ ਤੋਂ ਪਹਿਲੀ ਵਾਰ ਚੋਣ ਲੜ ਰਿਹਾ ਸੀ। ਕੁਝ ਇਸ ਵਜ੍ਹਾ ਕਰਕੇ ਤੇ ਕੁਝ 'ਆਪ' ਦੇ ਪ੍ਰਭਾਵ ਕਰਕੇ ਖਹਿਰਾ ਜੀ ਚੋਣ ਜਿੱਤ ਗਏ।
ਖੈਰ! ਪਹਿਲੀ ਵਾਰ ਚੋਣ ਲੜਕੇ ਪਾਰਟੀ ਦੂਜੇ ਸਥਾਨ 'ਤੇ ਆ ਗਈ ਤੇ ਮੁੱਖ ਵਿਰੋਧੀ ਧਿਰ ਬਣ ਗਈ ਅਤੇ ਫੂਲਕਾ ਸਾਹਿਬ ਵਿਰੋਧੀ ਧਿਰ ਦੇ ਨੇਤਾ।ਪਾਰਟੀ ਵਿੱਚ ਤਕਰੀਬਨ ਸਾਰੇ ਨਵੇਂ ਚਿਹਰੇ ਸਨ, ਖਹਿਰਾ ਜੀ ਉਹਨਾਂ ਵਿਧਾਇਕਾਂ ਵਿੱਚੋਂ ਤਜਰਬੇਕਾਰ ਸਨ ਤੇ ਵਿਸ਼ੇਸ਼ ਸਥਾਨ ਚਾਹੁੰਦੇ ਸਨ ਜੋ ਸੰਯੋਗਵੱਸ ਫੂਲਕਾ ਸਾਹਿਬ ਦੇ ਵਿਰੋਧੀ ਧਿਰ ਦੇ ਲੀਡਰ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਤੋਂ ਬਾਅਦ ਮਿਲ ਵੀ ਗਿਆ।

'ਆਪ' 'ਚ ਖਹਿਰੇ ਦੇ ਵਿਗੜੇ ਟਰੈਕ ਦੇ ਮੁੱਖ ਕਾਰਨ
ਉਸ ਵੱਕਾਰੀ ਅਹੁਦੇ 'ਤੇ ਹੋਣ ਕਰਕੇ ਰੁਤਬਾ ਵਧਿਆ ਤੇ ਕਈ ਮਿਸਾਲੀ ਕੰਮ ਵੀ ਕੀਤੇ, ਮਸਲਨ ਰਾਣਾ ਗੁਰਜੀਤ ਸਿੰਘ ਦਾ ਮੰਤਰੀਪੁਣੇ ਤੋਂ ਹੱਥ ਧੁਆਉਣੇ। ਸਮਾਂ ਬਦਲਿਆ ਤਾਂ ਪਾਰਟੀ ਦੀਆਂ ਨੀਤੀਆਂ ਨਾਲ ਇਤਫਾਕ ਦਾ ਸੰਤੁਲਨ ਵਿਗੜਣ ਲੱਗਾ। ਖਹਿਰਾ ਜੀ ਨੂੰ ਪਾਰਟੀ ਨੂੰ ਦਿੱਲੀ ਜਾਕੇ ਰਿਪੋਰਟ ਕਾਰਡ ਦੇਣਾ ਆਪਣੀ ਤੌਹੀਨ ਲੱਗਣ ਲੱਗਾ।

ਫਿਰ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਦੀ ਮਜੀਠੀਆ ਕੋਲੋਂ ਮੰਗੀ ਮੁਆਫ਼ੀ ਨੇ ਅੱਗ ਵਿੱਚ ਘਿਓ ਦਾ ਕੰਮ ਕੀਤਾ। ਵਿਧਾਨ ਸਭਾ ਵਿੱਚ ਬਗਾਵਤ ਦਾ ਬਿਗਲ ਵੱਜ ਗਿਆ, ਖਹਿਰੇ ਤੇ ਬੈਂਸ ਨੇ ਲਕੀਰ ਖਿੱਚ ਦਿੱਤੀ, ਸਿਆਸੀ ਪੱਖੋਂ ਅੱਲੜ੍ਹ ਵਿਧਾਇਕਾਂ ਨੂੰ ਸਵਾਲ ਪਾ ਦਿੱਤਾ ਗਿਆ, " ਦਿੱਲੀ (ਕੇਜਰੀਵਾਲ) ਕਿ (ਖਹਿਰਾ) ਪੰਜਾਬ?

ਇਹ ਵੀ ਪੜ੍ਹੋ : ਖਹਿਰਾ ਸਮੇਤ ਬਾਕੀ ਵਿਧਾਇਕਾਂ ਦੇ ਕਾਂਗਰਸ 'ਚ ਸ਼ਾਮਿਲ ਹੋਣ 'ਤੇ ਡਾ. ਧਰਮਵੀਰ ਗਾਂਧੀ ਦੀ ਪੰਜਾਬੀਆਂ ਨੂੰ ਸਲਾਹ

ਜਦੋਂ 'ਆਪ' ਆਗੂਆਂ ਲਈ ਬਣੀ ਵੱਡੀ ਮੁਸੀਬਤ 
ਉਸ ਬੇਹੱਦ ਦੁਚਿੱਤੀ ਵਾਲੇ ਮਾਹੌਲ ਨੂੰ ਤਲਵੰਡੀ ਸਾਬੋ ਤੋਂ ਵਿਧਾਇਕ ਪ੍ਰੋਫ਼ੈਸਰ ਬਲਜਿੰਦਰ ਕੌਰ ਅਤੇ ਕੋਟਕਪੂਰਾ ਤੋਂ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੇ ਬੜੀ ਸੂਝਬੂਝ ਤੇ ਠਰੰਮੇ ਨਾਲ ਕਾਬੂ ਕੀਤਾ ਅਤੇ ਵਿਧਾਇਕਾਂ ਨੂੰ ਸਮਝਾਇਆ ਕਿ ਤੁਰੰਤ ਫ਼ੈਸਲਾ ਲੈਣ ਨਾਲੋਂ ਦਿੱਲੀ ਜਾਇਆ ਜਾਵੇ ਤੇ ਆਪਣੀ ਸ਼ੰਕਾ ਨਵਿਰਤ ਕਰ ਲਈ ਜਾਵੇ। ਸੋ ਇਹਨਾਂ ਕੋਸ਼ਿਸ਼ਾਂ ਸਦਕਾ ਪਾਸਾ ਪਲਟਣ ਤੋਂ ਬਚ ਗਿਆ ਪਰ ਵਿਧਾਇਕ ਦੋ ਧੜਿਆਂ ਵਿੱਚ ਵੰਡੇ ਗਏ। ਉਸ ਤੋਂ ਬਾਅਦ ਖਹਿਰਾ ਜੀ ਨੇ ਹਰ ਪਲੇਟਫਾਰਮ 'ਤੇ ਪਾਰਟੀ ਨਾਲੋਂ ਬੈਂਸ ਧੜੇ ਨੂੰ ਵੱਧ ਤਰਜੀਹ ਦੇਣੀ ਸ਼ੁਰੂ ਕਰ ਦਿੱਤੀ। ਉਸਤੋਂ ਬਾਅਦ ਖਹਿਰਾ ਜੀ ਆਪਣੇ ਵਿਧਾਇਕਾਂ ਨੂੰ ਨਾਲ ਲੈਕੇ  ਇੱਕ ਵੱਖਰੀ ਲੀਹ 'ਤੇ ਚੱਲ ਪਏ, ਜੋ ਦੂਜੀ ਲੀਹ ਦੇ ਚੱਲ ਤਾਂ ਬਰਾਬਰ ਰਹੀ ਸੀ ਪਰ ਦੂਜੀ ਲੀਹ ਨਾਲ ਮਿਲਣ ਤੋਂ ਅਸਮਰੱਥ ਸੀ।

ਖਹਿਰਾ ਨੇੇ ਬਠਿੰਡੇ ਇਕੱਠ ਕਰਕੇ  ਛੇੜਿਆ ਸੀ ਨਵਾਂ ਰਾਗ 
ਫਿਰ ਸੁਖਪਾਲ ਸਿੰਘ ਖਹਿਰਾ ਵੱਲੋਂ ਬਠਿੰਡੇ ਵਿਖੇ ਇਕੱਠ ਸੱਦਿਆ ਗਿਆ। ਪਾਰਟੀ ਦਾ ਵਲੰਟੀਅਰ ਭੰਬਲਭੂਸੇ ਦਾ ਸ਼ਿਕਾਰ ਹੋ ਗਿਆ। ਮੇਰੇ ਜ਼ਿਲ੍ਹੇ ਅੰਮ੍ਰਿਤਸਰ ਦੀ ਲੀਡਰਸ਼ਿਪ ਵੀ ਦੋਫਾੜ ਹੋ ਗਈ। ਜਿਹੜੇ ਉਸ ਸੱਦੇ ਤੇ ਚਲੇ ਗਏ ਉਹ ਲਕੀਰ ਤੋਂ ਪਾਰ ਵਾਲੀ ਗਿਣਤੀ ਵਿੱਚ ਆ ਗਏ ਤੇ ਬਾਕੀ ਆਰ ਵਾਲੀ ਗਿਣਤੀ ਵਿੱਚ।

ਵੀਹ ਸੌ ਉੱਨੀ ਵਿੱਚ ਲੋਕ ਸਭਾ ਚੋਣਾਂ ਆ ਗਈਆਂ, ਖਹਿਰਾ ਸਾਬ ਨੇ ਨਵੀਂ ਪਾਰਟੀ ਬਣਾਕੇ ਉਹਦੇ ਚੋਣ ਨਿਸ਼ਾਨ 'ਤੇ ਜਾ ਬਠਿੰਡੇ ਵਾਲੀ ਸਭ ਤੋਂ ਤੱਤੀ ਸੀਟ 'ਤੇ ਜਾ ਚੋਣ ਲੜੀ। ਇਸ ਦਿਲਵਧੀ ਪਿੱਛੇ ਸ਼ਾਇਦ ਬਠਿੰਡੇ ਵਾਲਾ ਇਕੱਠ ਤੇ ਬਰਗਾੜੀ ਮੋਰਚੇ ਮੌਕੇ ਕਾਲੀਆਂ ਪੱਟੀਆਂ ਵਾਲੀ ਸੰਗਤ ਦੇ ਹੋਏ ਇਕੱਠ ਦੀ ਮ੍ਰਿਗ ਤ੍ਰਿਸ਼ਨਾ ਆਪਣਾ ਜਲਵਾ ਵਿਖਾ ਰਹੀ ਸੀ। ਖਹਿਰਾ ਜੀ ਨੂੰ ਆਪਣੇ ਵਿੱਚ ਸੂਬੇ ਦੇ ਪੱਧਰ ਦਾ ਦੇਉ ਕੱਦ ਵਿਖਾਈ ਦੇ ਰਿਹਾ ਸੀ ਪਰ ਚੋਣਾਂ ਦੇ ਆਏ ਨਤੀਜੇ ਨੇ ਅੱਖਾਂ ਅੱਗੇ ਆਇਆ ਕੱਖ ਵਗ੍ਹਾ ਮਾਰਿਆ।

ਇੱਕ ਆਮ ਸ਼ਹਿਰੀ ਤੋਂ ਵੱਧਕੇ ਸਿਆਸੀ ਸੂਝ ਰੱਖਣ ਦੇ ਬਾਵਜੂਦ ਇੰਨਾ ਕੁਝ ਹੋਣ ਦੇ ਬਾਵਜੂਦ ਵੀ ਵਿਧਾਇਕੀ ਖਾਰਜ ਕਰਨ ਵਾਲਾ ਅਧਿਕਾਰ ਕਿਹੜੇ ਕਨੂੰਨ ਤਹਿਤ ਠੰਢੇ ਬਸਤੇ ਵਿੱਚ ਪਾ ਛੱਡਿਆ ? ਇਹ ਸਵਾਲ ਮੇਰੇ ਮਨ ਮਸਤਕ ਵਿੱਚ ਜਦੋਂ ਖੌਰੂ ਪਾਉਂਦਾ ਹੈ ਤਾਂ ਮੈਂ ਸਿਵਾਏ ਸ਼ਰਮਿੰਦਾ ਹੋਣ ਦੇ ਕੁਝ ਨਹੀਂ ਕਰ ਸਕਦਾ।

ਇਹ ਵੀ ਪੜ੍ਹੋ : 'ਆਪ' ਦੇ ਬਾਗੀ ਵਿਧਾਇਕਾਂ ਮਗਰੋਂ ਕੈਪਟਨ ਕਰ ਸਕਦੇ ਨੇ ਨਵਾਂ ਧਮਾਕਾ, ਰਾਡਾਰ ’ਤੇ ਹੋਰ ਵੀ ਵਿਧਾਇਕ

ਖਹਿਰੇ ਦੇ ਸਾਥੀਆਂ ਦਾ ਤੋੜ ਵਿਛੋੜਾ
ਕਿਸਮਤ ਨੇ ਐਸਾ ਪੁੱਠਾ ਗੇੜਾ ਦਿੱਤਾ ਕਿ ਖਰੜ ਤੋਂ ਵਿਧਾਇਕ ਤੇ ਸਾਰੇ ਮੁੱਦਿਆਂ 'ਤੇ ਖਹਿਰਾ ਦੀ ਰੀੜ੍ਹ ਦੀ ਹੱਡੀ ਬਣ ਖਲੋਣ ਵਾਲੇ ਕੰਵਰ ਸੰਧੂ ਚੁੱਪ ਚੁਪੀਤੇ ਇਸਤੋਂ ਪਿੱਛੇ ਹੋ ਗਏ। ਇਹਨਾਂ ਦੀ ਅਣਬਣ ਖੁੱਲ੍ਹਕੇ ਸਾਹਮਣੇ ਨਹੀਂ ਆਈ ਪਰ ਦੋਹਵਾਂ ਧਿਰਾਂ ਵੱਲੋਂ ਵੱਟੀ ਚੁੱਪ ਹੀ ਬੜਾ ਕੁਝ ਕਹਿ ਰਹੇ ਸੀ।ਇਸਤੋਂ ਬਾਅਦ ਵਾਰੀ ਆਈ ਬੈਂਸ ਭਰਾਵਾਂ ਦੇ ਖਹਿਰਾ ਧੜੇ ਤੋਂ ਅੱਡ ਹੋਣ ਦੀ। ਇੱਕ ਦੂਜੇ ਦੇ ਸਾਹੀਂ ਸਾਹ ਲੈਣ ਵਾਲੇ ਖਹਿਰਾ ਤੇ ਬੈਂਸ ਇੱਕ ਝਟਕੇ ਨਾਲ ਹੀ ਪਿੱਛੇ ਹੋਕੇ ਬੈਠ ਗਏ। ਵਿਚਲੀ ਗੱਲ ਦੀ ਇਹਨਾਂ ਵੀ ਸੂਹ ਨਹੀਂ ਲੱਗਣ ਦਿੱਤੀ ਪਰ ਤੋੜ ਵਿਛੋੜਾ ਅਟੱਲ ਸੀ।ਫਿਰ ਖਹਿਰਾ ਜੀ ਦੇ ਮਹਿਲ ਦਾ ਪਹਿਲਾ ਥੰਮ ਨਾਜਰ ਸਿੰਘ ਮਾਨਸ਼ਾਹੀਆ ਦੇ ਰੂਪ ਵਿੱਚ ਡਿੱਗਾ ਜਦੋਂ ਉਹ ਆਪਣਾ ਜੁੱਲੀ ਬਿਸਤਰਾ ਚੁੱਕ ਕਾਂਗਰਸ ਦੇ ਵਰਾਂਡੇ ਵਿੱਚ ਜਾ ਵੜੇ। ਬਠਿੰਡੇ ਦਿਹਾਤੀ ਤੋਂ ਵਿਧਾਇਕ ਰੁਪਿੰਦਰ ਕੌਰ ਰੂਬੀ ਡਿੱਕੇ ਡੋਲੇ ਖਾਂਦੀ, ਕਦੀ ਇਧਰ, ਕਦੀ ਉਧਰ ਆਖਿਰ ਆਪ ਦੇ ਮੁੱਖ ਧੜੇ ਵਿੱਚ ਟਿੱਕ ਕੇ ਬੈਠ ਗਈ।

ਵਿਧਾਇਕਾਂ ਦੀਆਂ ਉਥਲ ਪੁਥਲ ਤੋਂ ਕੁਝ ਉਤਸ਼ਾਹ ਵਿੱਚ ਆਇਆ ਤੇ ਕੁਝ ਕਾਂਗਰਸੀ ਖੁੱਢਾਂ ਵੱਲੋ ਗੁਮਰਾਹ ਹੋਇਆ, ਦਲਜੀਤ ਸਿੰਘ ਚੀਮੇ ਵਰਗੇ ਦਿੱਗਜ ਲੀਡਰ ਨੂੰ ਹਰਾਉਣ ਵਾਲਾ, ਰੋਪੜ ਤੋਂ ਵਿਧਾਇਕ ਅਮਰਜੀਤ ਸਿੰਘ ਸੰਦੋਆ ਵੀ ਆਪਣੀ ਟਿੰਡ ਫਹੁੜੀ ਚੁੱਕ ਜਾ ਕਾਂਗਰਸ ਵਿੱਚ ਵੜ੍ਹਿਆ। ਖੈਰ ਉੱਥੇ ਕਾਂਗਰਸ ਦੇ ਨੌਜਵਾਨ ਬਰਿੰਦਰ ਢਿੱਲੋਂ ਨਾਲ ਇਹਦਾ 36 ਦਾ ਅੰਕੜਾ ਹੋਣ ਕਰਕੇ ਉਹਨੇ ਇਹਦੀ ਦਾਲ ਨਹੀਂ ਗਲਣ ਦਿੱਤੀ ਤੇ ਇਹ ਬਦਰੰਗ ਚਿੱਠੀ ਵਾਂਗ ਵਾਪਿਸ ਆਪਣੀ ਮਾਂ ਪਾਰਟੀ ਵਿੱਚ ਆ ਗਿਆ।

ਫਿਰ ਮਾਸਟਰ ਬਲਦੇਵ ਸਿੰਘ ਵੀ ਖਹਿਰੇ ਦੀ ਪਿੱਠ ਵਿੱਚ ਖੰਜਰ ਮਾਰ ਆਪ ਵਿੱਚ ਵਾਪਸੀ ਕਰ ਗਿਆ। ਹਾਲਾਂਕਿ ਬਲਦੇਵ ਸਿੰਘ ਵੀ ਖਹਿਰਾ ਦੀ ਬਣਾਈ ਪੰਜਾਬ ਏਕਤਾ ਪਾਰਟੀ ਦੇ ਚੋਣ ਨਿਸ਼ਾਨ ਤੇ ਉੱਨੀ ਵਾਲੀ ਲੋਕ ਸਭਾ ਚੋਣ ਫਰੀਦਕੋਟ ਹਲਕੇ ਤੋਂ ਲੜ ਹਟਿਆ ਸੀ। ਇਥੇ ਯਾਦ ਰੱਖਣ ਯੋਗ ਹੈ ਕਿ ਪਾਰਟੀ ਬਦਲਣ ਤੇ ਲਾਗੂ ਹੋਣ ਵਾਲਾ ਕਨੂੰਨ ਇਸ ਮੌਕੇ ਵੀ ਨਦਾਰਦ ਸੀ।

ਇਹ ਵੀ ਪੜ੍ਹੋ : ਵਾਹ ਉਏ ਪੰਜਾਬੀਓ! ਪੰਜਾਬ ’ਚ 15000 ’ਚੋਂ 11000 ਛੱਪੜਾਂ ’ਤੇ ਹੋ ਗਏ ਕਬਜ਼ੇ

ਇੱਕ ਹੋਰ ਵਿਧਾਇਕ ਜੱਗਾ ਹਿੱਸੋਵਾਲ ਵੀ ਲੁਕਣਮੀਟੀ ਖੇਡਦਾ ਖੇਡਦਾ ਆਖਿਰ ਆਪ ਵਿੱਚ ਹੀ ਵਾਪਿਸ ਜਾ ਟਿਕਿਆ।ਗੜ੍ਹਸ਼ੰਕਰ ਤੋਂ ਵਿਧਾਇਕ ਜੈ ਕਿਸ਼ਨ ਰੋੜੀ ਵੀ ਪਹਿਲਾਂ ਪਹਿਲ ਥਿੜਕਿਆ ਸੀ ਪਰ ਉਹ ਸਮਾਂ ਰਹਿੰਦੇ ਹੀ ਪਾਰਟੀ ਦੇ ਨਾਲ ਆਣ ਖੜ੍ਹਾ ਹੋਇਆ।ਇਸ ਤਰ੍ਹਾਂ ਤਾਸ਼ ਦੇ ਪੱਤਿਆਂ ਵਾਂਗ ਇੱਕ-ਇੱਕ ਕਰਕੇ ਉਪਰੋਕਤ ਵਿਧਾਇਕ ਸੁਖਪਾਲ ਸਿੰਘ ਖਹਿਰੇ ਦੇ ਪਲੇਟਫਾਰਮ ਤੋਂ ਢਹਿ ਗਏ।

ਖਹਿਰੇ ਦਾ 'ਖੁਦਮੁਖਤਿਆਰੀ'  ਰਾਗ
ਹੁਣ ਜੋ ਪੰਜਾਬ ਦੀਆਂ  ਸਫ਼ਾਂ ਵਿੱਚ ਖਬਰ ਆ ਰਹੀ ਹੈ ਕਿ ਹਮੇਸ਼ਾਂ ਪੰਜਾਬ ਦੇ ਹੱਕਾਂ 'ਤੇ ਪਹਿਰਾ ਦੇਣ ਦੀ ਗੱਲ ਕਰਨ ਵਾਲਾ ਤੇ ਪੈਰ-ਪੈਰ 'ਤੇ ਖੁਦਮੁਖਤਿਆਰੀ ਦੀ ਗੱਲ ਕਰਨ ਵਾਲਾ ਸੁਖਪਾਲ ਸਿੰਘ ਖਹਿਰਾ ਬਾਕੀ ਬਚੇ ਆਪਣੇ ਦੋ ਸਾਥੀਆਂ ਜਗਦੇਵ ਸਿੰਘ ਕਮਾਲੂ ਅਤੇ ਪਿਰਮਿਲ ਸਿੰਘ ਖਾਲਸਾ ਨੂੰ ਨਾਲ ਲੈਕੇ ਕੈਪਟਨ ਅਮਰਿੰਦਰ ਸਿੰਘ ਦੀ ਹਾਜ਼ਰੀ ਵਿੱਚ ਕਾਂਗਰਸ ਵਿੱਚ ਸ਼ਾਮਿਲ ਹੋ ਗਏ ਹਨ।ਇਤਫਾਕ ਵੇਖੋ ਕਿ ਖ਼ੁਦਮੁਖਤਿਆਰੀ 'ਤੇ ਪਹਿਰਾ ਦੇਣ ਵਾਲੇ ਸੁਖਪਾਲ ਸਿੰਘ ਖਹਿਰਾ ਉਹਨਾਂ ਦਿਨਾਂ ਵਿੱਚ ਕਾਂਗਰਸ ਵਿੱਚ ਸ਼ਾਮਿਲ ਹੋ ਰਹੇ ਹਨ ਜਦੋਂ ਸਾਰੇ ਕਾਂਗਰਸ ਦੇ ਵਿਧਾਇਕ, ਦਿੱਲੀ ਦਰਬਾਰ ਨੇ ਦਿੱਲੀ ਤਲਬ ਕੀਤੇ ਹੋਏ ਹਨ ਅਤੇ ਮੁੱਖ ਮੰਤਰੀ ਅਮਰਿੰਦਰ ਸਿੰਘ ਵੀ ਇਹਨਾਂ ਨੂੰ ਸ਼ਾਮਿਲ ਕਰਨ ਤੋਂ ਬਾਅਦ ਅਗਲੇ ਦਿਨ ਦਿੱਲੀ ਹਾਜਰੀ ਲਵਾਉਣ ਜਾ ਰਹੇ ਹਨ।

ਆਖਿਰ ਵਿੱਚ ਇਹ ਕਹਿਣਾ ਚਾਹਾਂਗਾ ਕਿ ਖਹਿਰਾ ਸਾਬ੍ਹ ਪਹਿਲਾਂ ਲੋੜ ਤੋਂ ਜਿਆਦਾ ਮਹਿਸੂਸ ਕਰਦੇ ਸਨ ਜਾਂ ਹੁਣ ਮਹਿਸੂਸ ਕਰਨ ਦੀ ਸ਼ਕਤੀ ਮਰ ਗਈ ਹੈ। ਇਹਨਾਂ ਤੇ ਉਹ ਪੰਜਾਬੀ ਕਹਾਵਤ ਪੂਰੀ ਫਿੱਟ ਬੈਠਦੀ ਹੈ, "ਜੱਟ ਹੋ ਗਿਆ ਮਚਲਾ ਤੇ ਖ਼ੁਦਾ ਨੂੰ ਲੈ ਗਏ ਚੋਰ"
- ਜਸਬੀਰ ਸਿੰਘ ਜੌਹਲ

ਨੋਟ: ਸੁਖਪਾਲ ਖਹਿਰਾ ਦੇ ਸਿਆਸੀ ਸਫ਼ਰ ਦੌਰਾਨ ਮੁੜ ਕਾਂਗਰਸ 'ਚ ਜਾਣ ਨੂੰ ਤੁਸੀਂ ਕਿਵੇਂ ਵੇਖਦੇ ਹੋ?


Harnek Seechewal

Content Editor

Related News