ਔਰਤਾਂ ਨੂੰ ਵਿਦੇਸ਼ਾਂ ''ਚ ਗੁਲਾਮ ਬਣਾਉਣ ਵਾਲੇ ਟ੍ਰੈਵਲ ਏਜੰਟਾਂ ਖਿਲਾਫ ਹੋਵੇ ਸਖ਼ਤ ਕਾਰਵਾਈ : ਸੁਖਬੀਰ

07/27/2019 7:45:18 PM

ਚੰਡੀਗੜ੍ਹ,(ਅਸ਼ਵਨੀ/ਚਾਵਲਾ) : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਅੱਠ ਮਹੀਨਿਆਂ ਤੋਂ ਇਰਾਕ ਵਿਚ ਫਸੇ ਰਹਿਣ ਮਗਰੋਂ ਵਤਨ ਪਰਤੇ ਸੱਤ ਪੰਜਾਬੀ ਨੌਜਵਾਨਾਂ ਦਾ ਸਵਾਗਤ ਕੀਤਾ ਤੇ ਪੰਜਾਬ ਸਰਕਾਰ ਕੋਲੋਂ ਉਨ੍ਹਾਂ ਠੱਗ ਟ੍ਰੈਵਲ ਏਜੰਟਾਂ ਖ਼ਿਲਾਫ ਸਖ਼ਤ ਕਾਰਵਾਈ ਦੀ ਮੰਗ ਕੀਤੀ, ਜਿਹੜੇ ਪੰਜਾਬੀ ਲੜਕੀਆਂ ਨੂੰ ਵਿਦੇਸ਼ਾਂ 'ਚ ਨੌਕਰੀ ਦਿਵਾਉਣ ਦੀ ਆੜ 'ਚ ਗੁਲਾਮਾਂ ਵਜੋਂ ਵੇਚਣ ਲਈ ਜ਼ਿੰਮੇਵਾਰ ਹਨ। ਇਥੇ ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਹਰਸਿਮਰਤ ਬਾਦਲ ਤੇ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਸਮੇਤ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਅਕਾਲੀ ਦਲ ਪ੍ਰਧਾਨ ਨੇ ਵਿਦੇਸ਼ ਮੰਤਰਾਲੇ ਦਾ ਧੰਨਵਾਦ ਕੀਤਾ, ਜਿਸ ਨੇ ਸੱਤ ਲੜਕਿਆਂ ਦੀ ਵਾਪਸੀ ਲਈ ਇਰਬਿਲ ਦੇ ਕੌਂਸਲ ਜਨਰਲ ਨੂੰ ਦਖ਼ਲ ਦੇਣ ਅਤੇ ਲੋੜੀਂਦੇ ਕਦਮ ਚੁੱਕਣ ਲਈ ਨਿਰਦੇਸ਼ ਦਿੱਤਾ। ਉਨ੍ਹਾਂ ਨੇ ਅਕਾਲੀ ਦਲ ਦੇ ਵਰਕਰਾਂ ਦਾ ਵੀ ਧੰਨਵਾਦ ਕੀਤਾ, ਜਿਨ੍ਹਾਂ ਨੇ ਇਨ੍ਹਾਂ ਨੌਜਵਾਨਾਂ ਦੀ ਵਾਪਸੀ ਲਈ ਟਿਕਟਾਂ ਦਾ ਪ੍ਰਬੰਧ ਕੀਤਾ।

ਇਸ ਬਾਰੇ ਵਿਸਥਾਰ 'ਚ ਜਾਣਕਾਰੀ ਦਿੰਦਿਆਂ ਅਕਾਲੀ ਦਲ ਪ੍ਰਧਾਨ ਨੇ ਕਿਹਾ ਕਿ ਟ੍ਰੈਵਲ ਏਜੰਟਾਂ ਵਲੋਂ ਇਨ੍ਹਾਂ ਨੌਜਵਾਨਾਂ ਨਾਲ ਖਾਣੇ ਅਤੇ ਰਹਿਣ ਦੇ ਬੰਦੋਬਸਤ ਤੋਂ ਇਲਾਵਾ 700 ਤੋਂ 800 ਡਾਲਰ ਪ੍ਰਤੀ ਮਹੀਨਾ ਤਨਖਾਹ ਦਿਵਾਉਣ ਦਾ ਵਾਅਦਾ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਪਰ ਇਰਾਕ ਪਹੁੰਚਣ 'ਤੇ ਉਨ੍ਹਾਂ ਨੂੰ ਪਤਾ ਚੱਲਿਆ ਕਿ ਉਨ੍ਹਾਂ ਨਾਲ ਧੋਖਾ ਕੀਤਾ ਗਿਆ ਸੀ। ਏਜੰਟ ਨੇ ਲੋੜੀਂਦੀਆਂ ਪ੍ਰਵਾਨਗੀਆਂ ਨਹੀਂ ਹਾਸਲ ਕੀਤੀਆਂ ਸਨ ਤੇ ਉਨ੍ਹਾਂ ਕੋਲ ਕੰਮ ਕਰਨ ਦਾ ਕੋਈ ਪਰਮਿਟ ਨਹੀਂ ਸੀ। ਉਨ੍ਹਾਂ ਕਿਹਾ ਕਿ ਇਸ ਕਰਕੇ ਇਨ੍ਹਾਂ ਨੌਜਵਾਨਾਂ ਨੂੰ ਕੋਈ ਰੁਜ਼ਗਾਰ ਨਹੀਂ ਮਿਲਿਆ ਅਤੇ ਉਲਟਾ ਉੁਨ੍ਹਾਂ 'ਤੇ ਰੋਜ਼ਾਨਾ ਜੁਰਮਾਨਾ ਲੱਗਦਾ ਸੀ, ਜੋ ਕਿ ਅੱਠ ਮਹੀਨਿਆਂ 'ਚ 14 ਹਜ਼ਾਰ ਡਾਲਰ ਹੋ ਗਿਆ ਸੀ।

ਅਕਾਲੀ ਦਲ ਪ੍ਰਧਾਨ ਨੇ ਕਿਹਾ ਕਿ ਹਰਸਿਮਰਤ ਬਾਦਲ ਵਲੋਂ ਡਾ. ਜੈਸ਼ੰਕਰ ਤਕ ਕੀਤੀ ਪਹੁੰਚ ਮਗਰੋਂ ਵਿਦੇਸ਼ ਮੰਤਰਾਲੇ ਨੇ ਇਸ ਮਾਮਲੇ 'ਚ ਦਖ਼ਲ ਦਿੱਤਾ ਅਤੇ ਇਰਬਿਲ ਦੇ ਕੌਂਸਲ ਜਨਰਲ ਨੇ ਕਿਸੇ ਸਪਾਂਸਰ ਰਾਹੀਂ ਜੁਰਮਾਨੇ ਦੀ ਅਦਾਇਗੀ ਕਰਵਾ ਕੇ ਇਸ ਮਸਲੇ ਨੂੰ ਹੱਲ ਕਰਵਾਇਆ। ਇਸ ਮੌਕੇ ਬੋਲਦਿਆਂ ਅਕਾਲੀ ਦਲ ਦੇ ਜਨਰਲ ਸਕੱਤਰ (ਯੁਵਕ ਮਾਮਲੇ) ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਖੁਲਾਸਾ ਕੀਤਾ ਕਿ ਕਾਂਗਰਸੀ ਆਗੂਆਂ ਨੇ ਉਸ ਏਜੰਟ ਨੂੰ ਸ਼ਰਨ ਦਿੱਤੀ ਸੀ, ਜਿਸ ਨੇ ਪੰਜਾਬੀ ਨੌਜਵਾਨਾਂ ਨੂੰ ਵਿਦੇਸ਼ ਭੇਜਿਆ ਸੀ। ਉਹਨਾਂ ਕਿਹਾ ਕਿ ਇਹ ਰੁਝਾਣ ਨੂੰ ਤੁਰੰਤ ਨੱਥ ਪਾਉਣ ਦੀ ਲੋੜ ਹੈ। ਉਨ੍ਹਾਂ ਮੰਗ ਕੀਤੀ ਕਿ ਮੁਸੀਬਤ ਵਿਚ ਫਸੇ ਪਰਵਾਸੀ ਭਾਰਤੀਆਂ ਦੀ ਮਦਦ ਲਈ ਪੰਜਾਬ ਸਰਕਾਰ ਇਕ ਆਨਲਾਇਨ ਸ਼ਿਕਾਇਤ ਸਿਸਟਮ ਸ਼ੁਰੂ ਕਰੇ।


Related News