ਗੈਸ ਕੰਪਨੀਆਂ ਵੱਲੋਂ ਗਾਹਕਾਂ ਲਈ ਸਖ਼ਤ ਹਦਾਇਤ ; ਨਾ ਕੀਤਾ ਇਹ ਕੰਮ ਤਾਂ ਸਬਸਿਡੀ ''ਤੇ ਲੱਗ ਜਾਵੇਗੀ ''ਬ੍ਰੇਕ''
Monday, Dec 02, 2024 - 04:52 AM (IST)
ਮਾਲੇਰਕੋਟਲਾ (ਸ਼ਹਾਬੂਦੀਨ)- ਦੇਸ਼ ਭਰ ਦੀਆਂ ਤਿੰਨੋਂ ਪ੍ਰਮੁੱਖ ਗੈਸ ਕੰਪਨੀਆਂ ਹਿੰਦੋਸਤਾਨ ਗੈਸ, ਭਾਰਤ ਗੈਸ ਅਤੇ ਇੰਡੇਨ ਗੈਸ ਵੱਲੋਂ ਮੌਜੂਦਾ ਸਮੇਂ ਦੌਰਾਨ ਰਸੋਈ ਗੈਸ ਖਪਤਕਾਰਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਈ ਰੱਖਣ ਲਈ ਮੁਫਤ ‘ਚ ਸੁਰੱਖਿਆ ਜਾਂਚ ਅਤੇ ਜਾਗਰੂਕਤਾ ਮੁਹਿੰਮ ਚਲਾਈ ਜਾ ਰਹੀ ਹੈ। ਇਸ ਮੁਹਿੰਮ ਦਾ ਮਕਸਦ ਹੈ ਕਿ ਘਰੇਲੂ ਗੈਸ ਸਿਲੰਡਰ, ਗੈਸੀ ਚੁੱਲੇ, ਰੈਗੂਲੇਟਰ ਅਤੇ ਸੁਰੱਖਿਆ ਪਾਈਪ ਆਦਿ ਦੀ ਜ਼ਮੀਨੀ ਪੱਧਰ ’ਤੇ ਜਾਂਚ-ਪੜਤਾਲ ਕਰਕੇ ਗੈਸ ਸਿਲੰਡਰ ਕਾਰਨ ਹੋਣ ਵਾਲੇ ਸੰਭਾਵਿਤ ਮਾਰੂ ਹਾਦਸਿਆਂ ਤੋਂ ਬਚਾਅ ਕੀਤਾ ਜਾ ਸਕੇ।
ਗੈਸ ਕੰਪਨੀਆਂ ਵੱਲੋਂ ਜਾਰੀ ਕੀਤੇ ਗਏ ਨਿਯਮਾਂ ਅਤੇ ਸ਼ਰਤਾਂ ਮੁਤਾਬਕ ਹਰ ਗੈਸ ਏਜੰਸੀ ਦੇ ਡੀਲਰ ਅਤੇ ਡਲਿਵਰੀਮੈਨ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਸਬੰਧਤ ਖਪਤਕਾਰਾਂ ਦੇ ਰਸੋਈ ਘਰਾਂ ’ਚ ਲੱਗੇ ਗੈਸੀ ਚੁੱਲਿਆਂ, ਗੈਸ ਸਿਲੰਡਰ ਅਤੇ ਸੁਰੱਖਿਆ ਪਾਈਪ ਦੀ ਬਾਰੀਕੀ ਨਾਲ ਜਾਂਚ ਕਰੇ। ਇਸ ਦੌਰਾਨ ਜੇਕਰ ਗੈਸ ਪਾਈਪ ਕੱਟੀ-ਫਟੀ ਜਾਂ ਖਸਤਾ ਹਾਲਤ ’ਚ ਹੈ ਤਾਂ ਗੈਸ ਕੰਪਨੀਆਂ ਵੱਲੋਂ ਨਿਰਧਾਰਿਤ ਕੀਤੀਆਂ ਸ਼ਰਤਾਂ ਮੁਤਾਬਕ ਖਸਤਾਹਾਲ ਹੋ ਚੁੱਕੀ ਗੈਸ ਸੁਰੱਖਿਆ ਪਾਈਪ ਨੂੰ ਤੁਰੰਤ ਬਦਲਣ ਲਈ ਖਪਤਕਾਰਾਂ ਨੂੰ ਪ੍ਰੇਰਿਤ ਕੀਤਾ ਜਾਵੇ ਤਾਂ ਕਿ ਛੋਟੀਆਂ-ਛੋਟੀਆਂ ਸਾਵਧਾਨੀਆਂ ਅਪਣਾ ਕੇ ਭਵਿੱਖ ’ਚ ਹੋਣ ਵਾਲੇ ਕਿਸੇ ਵੀ ਤਰ੍ਹਾਂ ਦੇ ਵੱਡੇ ਹਾਦਸਿਆਂ ਨੂੰ ਟਾਲਿਆ ਜਾ ਸਕੇ।
ਇਹ ਵੀ ਪੜ੍ਹੋ- ਸਿਰ ’ਤੇ 'ਕਫ਼ਨ' ਬੰਨ੍ਹ ਸ਼ੰਭੂ ਤੋਂ ਦਿੱਲੀ ਪੈਦਲ ਚੱਲੇਗਾ ਕਿਸਾਨਾਂ ਦਾ ਜਥਾ, ਚਾਰ ਪੜ੍ਹਾਵਾਂ ’ਤੇ ਰੁਕ ਕੇ ਠੰਡ ’ਚ ਕੱਟੇਗਾ ਰਾਤਾਂ
ਜ਼ਿਕਰਯੋਗ ਹੈ ਕਿ ਜਦੋਂ ਵੀ ਕੋਈ ਖਪਤਕਾਰ ਕਿਸੇ ਗੈਸ ਏਜੰਸੀ ਤੋਂ ਕੁਨੈਕਸ਼ਨ ਖਰੀਦਦਾ ਹੈ ਤਾਂ ਸਬੰਧਤ ਗੈਸ ਕੰਪਨੀ ਵੱਲੋਂ ਖ਼ਪਤਕਾਰ ਦੀ ਇੰਸੋਰੈਂਸ ਆਟੋਮੈਟਿਕ ਤਰੀਕੇ ਨਾਲ ਹੀ ਕਰ ਦਿੱਤੀ ਜਾਂਦੀ ਹੈ। ਅਜਿਹੇ ’ਚ ਖੁਦਾ ਨਾ ਖਾਸਤਾ ਜਦੋਂ ਕਦੇ ਵੀ ਘਰੇਲੂ ਗੈਸ ਸਿਲੰਡਰ ਕਾਰਨ ਹੋਣ ਵਾਲੇ ਹਾਦਸੇ ਦੌਰਾਨ ਕੋਈ ਆਰਥਿਕ ਨੁਕਸਾਨ ਜਾਂ ਫਿਰ ਕਿਸੇ ਦੀ ਜਾਨ ਚਲੀ ਜਾਂਦੀ ਹੈ ਤਾਂ ਸਬੰਧਤ ਗੈਸ ਕੰਪਨੀ ਵੱਲੋਂ ਖਪਤਕਾਰਾਂ ਦੇ ਹੋਏ ਨੁਕਸਾਨ ਦੀ ਭਰਪਾਈ ਕਰਨ ਸਮੇਤ ਮੌਤ ਹੋਣ ਦੀ ਸਥਿਤੀ ‘ਚ ਇੰਸ਼ੋਰੈਂਸ ਦੇ ਰੂਪ ’ਚ ਖਪਤਕਾਰ ਦੇ ਪਰਿਵਾਰ ਨੂੰ ਭਾਰੀ ਮੁਆਵਜ਼ਾ ਦਿੱਤਾ ਜਾਂਦਾ ਹੈ ਪਰ ਇਸ ਦੇ ਲਈ ਗੈਸ ਕੰਪਨੀਆਂ ਵੱਲੋਂ ਨਿਰਧਾਰਤ ਕੀਤੇ ਨਿਯਮਾਂ ਅਤੇ ਸ਼ਰਤਾਂ ਦੀ ਪਾਲਣਾ ਕਰਨਾ ਅਤਿ-ਜ਼ਰੂਰੀ ਹੈ।
ਮੌਜੂਦਾ ਸਮੇਂ ਦੌਰਾਨ ਗੈਸ ਕੰਪਨੀਆਂ ਵੱਲੋਂ ਖਪਤਕਾਰਾਂ ਦੀ ਸੁਰੱਖਿਆ ਨੂੰ ਧਿਆਨ ’ਚ ਰੱਖਦੇ ਜਿਥੇ ਮੁਫਤ ਸੁਰੱਖਿਆ ਜਾਂਚ ਕੀਤੀ ਜਾ ਰਹੀ ਹੈ, ਉਥੇ ਬਾਇਓਮੀਟ੍ਰਿਕ ਪ੍ਰਣਾਲੀ ਰਾਹੀਂ ਖਪਤਕਾਰ ਨੂੰ ਕੇ.ਵਾਈ.ਸੀ. ਯੋਜਨਾਂ ਵਰਗੀ ਵੱਡਮੁੱਲੀ ਯੋਜਨਾਂ ਨਾਲ ਵੀ ਜੋੜਿਆ ਜਾ ਰਿਹਾ ਹੈ ਤਾਂ ਕਿ ਖਪਤਕਾਰਾਂ ਨੂੰ ਗੈਸ ਕੰਪਨੀਆਂ ਵੱਲੋਂ ਮਿਲਣ ਵਾਲੀ ਹਰੇਕ ਸਹੂਲਤ ਦਾ ਲਾਭ ਮਿਲ ਸਕੇ। ਕੰਪਨੀ ਵੱਲੋਂ ਨਿਰਧਾਰਿਤ ਨਿਯਮਾਂ ਦੀ ਪਾਲਣਾ ਨਾ ਕਰਨ ਵਾਲੇ ਖਪਤਕਾਰਾਂ ਨੂੰ ਮਿਲਣ ਵਾਲੀ ਸਬਸਿਡੀ ਰਾਸ਼ੀ ’ਤੇ ਬ੍ਰੇਕ ਵੀ ਲੱਗ ਸਕਦੀ ਹੈ, ਜਿਸ ਲਈ ਜ਼ਰੂਰੀ ਹੈ ਕਿ ਉਹ ਏਜੰਸੀ ਡੀਲਰ ਕੋਲ ਜਾ ਕੇ ਬਾਇਓਮੀਟ੍ਰਿਕ ਪ੍ਰਣਾਲੀ ਨਾਲ ਹੋਣ ਵਾਲੀ ਕੇ.ਵਾਈ.ਸੀ. ਜ਼ਰੂਰ ਕਰਵਾਉਣ।
ਇਹ ਵੀ ਪੜ੍ਹੋ- ਭੂਆ ਕੋਲ ਆਏ ਮੁੰਡੇ ਦੇ ਦੋਸਤ ਹੀ ਬਣ ਗਏ 'ਵੈਰੀ', ਬੰਦ ਕੋਠੀ 'ਚੋਂ ਅਜਿਹੀ ਹਾਲਤ 'ਚ ਮਿਲੀ ਲਾਸ਼, ਕਿ...
ਕੀ ਕਹਿੰਦੇ ਹਨ ਡੀਲਰ ?
ਸਥਾਨਕ ਐੱਚ.ਪੀ. ਗੈਸ ਏਜੰਸੀ ਦੇ ਨੁਮਾਇੰਦੇ ਜਗਰੂਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਘਰੇਲੂ ਗੈਸ ਖਪਤਕਾਰਾਂ ਨੂੰ ਮੁਫਤ ਸੁਰੱਖਿਆ ਜਾਂਚ ਦਾ ਲਾਭ ਪਹੁੰਚਾਉਣ ਲਈ ਮੁਲਾਜ਼ਮਾਂ ਦੀਆਂ ਤਿੰਨ ਵਿਸ਼ੇਸ ਟੀਮਾਂ ਬਣਾਈਆਂ ਗਈਆਂ ਹਨ, ਜਿਸ ਦੇ ਤਹਿਤ ਉਕਤ ਟੀਮ ਦੇ ਮੁਲਾਜ਼ਮ ਘਰ-ਘਰ ਜਾ ਕੇ ਘਰੇਲੂ ਗੈਸ ਸਿਲੰਡਰ, ਗੈਸੀ ਚੁੱਲੇ ਰੈਗੂਲੇਟਰ ਤੇ ਸੁਰੱਖਿਆ ਪਾਈਪ ਨੂੰ ਮੁਫਤ ‘ਚ ਚੈੱਕ ਕਰ ਰਹੇ ਹਨ। ਉਨ੍ਹਾਂ ਖਪਤਕਾਰਾਂ ਨੂੰ ਅਪੀਲ ਕੀਤੀ ਕਿ ਉਹ ਗੈਸ ਕੰਪਨੀ ਵੱਲੋਂ ਚਲਾਈ ਗਈ ਇਸ ਮੁਹਿੰਮ ਦਾ ਮੁਫਤ ਲਾਭ ਉਠਾਉਣ।
ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਏਜੰਸੀ ਦੇ ਦਫਤਰ ’ਚ ਖਪਤਕਾਰਾਂ ਨੂੰ ਮੁਫਤ ’ਚ ਬਾਇਓਮੀਟ੍ਰਿਕ ਪ੍ਰਣਾਲੀ ਰਾਹੀਂ ਕੇ.ਵਾਈ.ਸੀ. ਯੋਜਨਾਂ ਨਾਲ ਜੋੜਿਆ ਜਾ ਰਿਹਾ ਹੈ, ਜਿਸ ਦਾ ਮਕਸਦ ਇਹ ਹੈ ਕਿ ਮੌਜੂਦਾ ਸਮੇਂ ਦੌਰਾਨ ਕੰਪਨੀ ਨਾਲ ਜੁੜੇ ਹਰ ਖਪਤਕਾਰ ਦੀ ਜਾਣਕਾਰੀ ਕੰਪਨੀ ਤੱਕ ਪਹੁੰਚਾਈ ਜਾ ਸਕੇ।
ਇਹ ਵੀ ਪੜ੍ਹੋ- ਨਾਨਕੇ ਪਿੰਡ ਤੋਂ ਪਰਤਦੇ ਸਮੇਂ ਹੋ ਗਈ ਅਣਹੋਣੀ ; ਮਾਂ ਸਾਹਮਣੇ ਜਵਾਨ ਪੁੱਤ ਦੀ ਤੜਫ਼-ਤੜਫ਼ ਨਿਕਲੀ ਜਾਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e