9ਵੀਂ ਜਮਾਤ ਦੀ ਵਿਦਿਆਰਥਣ ਦੀ ਲਾਸ਼ ਨਹਿਰ ''ਚੋਂ ਬਰਾਮਦ, ਦੂਸਰੀ ਲਾਪਤਾ

07/21/2017 7:34:26 PM

ਬਲਾਚੌਰ (ਬੈਂਸ/ਬ੍ਰਹਮਪੁਰੀ) : ਬਲਾਚੌਰ ਗੜ੍ਹਸ਼ੰਕਰ ਮਾਰਗ 'ਤੇ ਸਥਿਤ ਸੈਂਟੀਨਲ ਪਬਲਿਕ ਸਕੂਲ ਦੀ 9ਵੀਂ ਜਮਾਤ ਵਿਚ ਪੜ੍ਹਦੀ ਵਿਦਿਆਰਥਣ ਦੀ ਮ੍ਰਿਤਕ ਦੇਹ ਨੇੜਲੇ ਪਿੰਡ ਮਹਿਤਪੁਰ ਨੇੜੇ ਬਿਸਤ ਦੁਆਬ ਨਹਿਰ ਵਿਚੋਂ ਮਿਲਣ ਕਾਰਨ ਇਲਾਕੇ ਵਿਚ ਦਹਿਸ਼ਤ ਅਤੇ ਸੋਗ ਦਾ ਮਾਹੌਲ ਬਣ ਗਿਆ ਹੈ। ਸ਼ੁਕਰਵਾਰ ਦੁਪਹਿਰ ਤੋਂ ਬਾਅਦ ਲਗਭਗ ਸਾਢੇ ਤਿੰਨ ਵਜੇ ਮਹਿਤਪੁਰ ਪਿੰਡ ਨੇੜੇ ਰਹਿੰਦੇ ਨੌਜਵਾਨਾਂ ਬਿਸਤ ਦੁਆਬ ਨਹਿਰ ਵਿਚ ਪੀਰਾਂ ਦੀ ਜਗ੍ਹਾ ਦੇ ਸਾਹਮਣੇ ਸ਼ਮਸ਼ਾਨਘਾਟ ਨੇੜੇ ਇਕ ਮ੍ਰਿਤਕ ਦੇਹ ਪਾਣੀ ਵਿਚ ਰੁੜੀ ਜਾਂਦੀ ਦੇਖੀ ਜਿਸਦਾ ਸਿਰ ਪਾਣੀ ਤੋਂ ਬਾਹਰ ਨਜ਼ਰ ਆ ਰਿਹਾ ਸੀ ਤੁਰੰਤ ਇਨਾਂ ਯੁਵਕਾਂ ਨੇ ਇਸਦੀ ਸੂਚਨਾ ਮਹਿਤਪੁਰ ਪਿੰਡ ਵਾਸੀਆਂ ਨੂੰ ਦਿੱਤੀ। ਕੁਝ ਨੌਜਵਾਨਾਂ ਨੇ ਨਹਿਰ ਵਿਚੋਂ ਮ੍ਰਿਤਕ ਦੇਹ ਨੂੰ ਬਾਹਰ ਕੱਢਿਆ ਤੇ ਮਹਿਸੂਸ ਕੀਤਾ ਕਿ ਮ੍ਰਿਤਕ ਦੇਹ ਦਾ ਤਾਪਮਾਨ ਅਜੇ ਆਮ ਵਿਅਕਤੀ ਦੇ ਸਰੀਰ ਦੇ ਤਾਪਮਾਨ ਜਿੰਨਾਂ ਸੀ। ਉਨ੍ਹਾਂ ਤੁਰੰਤ ਬਲਾਚੌਰ ਥਾਣੇ ਇਸ ਬਾਰੇ ਸੂਚਿਤ ਕੀਤਾ। ਮ੍ਰਿਤਕ ਦੇਹ ਨੂੰ ਉਲੱਦਣੀ ਪਿੰਡ ਦੇ ਚੈਰੀਟੇਬਲ ਹਸਪਤਾਲ ਵਿਖੇ ਪਹੁੰਚਾਇਆ।
ਮ੍ਰਿਤਕਾ ਦੀ ਪਛਾਣ ਮਨੂੰ ਪੁੱਤਰੀ ਜਸਵੰਤ ਸਿੰਘ ਵਾਸੀ ਪਿੰਡ ਸੁੱਧਾਮਾਜਰਾ ਵਜੋਂ ਹੋਈ ਹੈ। ਸਕੂਲੀ ਵਰਦੀ ਤੋਂ ਇਹ ਸਪੱਸ਼ਟ ਹੋ ਗਿਆ ਕਿ ਮ੍ਰਿਤਕਾ ਸੈਂਟੀਨਲ ਪਬਲਿਕ ਸਕੂਲ ਬਲਾਚੌਰ ਦੀ ਵਿਦਿਆਰਥਣ ਹੈ। ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਥਾਣਾ ਮੁਖੀ ਹਰਜਿੰਦਰ ਸਿੰਘ ਪੁਲਸ ਪਾਰਟੀ ਸਹਿਤ ਘਟਨਾਂ ਵਾਲੀ ਥਾਂ 'ਤੇ ਪੁੱਜੇ। ਇਸੇ ਤਰਾਂ ਖਬਰ ਲਿਖੇ ਜਾਣ ਤੱਕ ਸੈਂਟੀਨਲ ਪਬਲਿਕ ਸਕੂਲ ਦੀ ਦੂਜੀ ਵਿਦਿਆਰਥਣ ਰੁਪਿੰਦਰਜੀਤ ਕੌਰ ਪੁੱਤਰੀ ਕੁਲਵੰਤ ਸਿੰਘ ਕੌਮ ਜੱਟ ਵਾਸੀ ਪਿੰਡ ਚਾਹਲ ਜੋ ਘਰ ਨਹੀ ਪਹੁੰਚੀ। ਜਿਸਦਾ ਪਰਿਵਾਰ ਵੀ ਘਟਨਾਂ ਵਾਲੀ ਥਾਂ 'ਤੇ ਰੌਂਦੇ ਵਿਲਕਦੇ ਨਜ਼ਰ ਆਇਆ। ਸੂਤਰਾਂ ਅਨੁਸਾਰ ਰੁਪਿੰਦਰ ਭੁਲੇਖੇ ਨਾਲ ਸਕੂਲ 'ਚ ਆਪਣੇ ਨਾਲ ਮੋਬਾਇਲ ਲੈ ਆਈ ਸੀ ਜਿਸ ਬਾਰੇ ਸਕੂਲ ਤੋਂ ਰੁਪਿੰਦਰਜੀਤ ਕੌਰ ਦੇ ਘਰ ਇਸ ਬਾਰੇ ਸੂਚਿਤ ਕਰ ਦਿੱਤਾ ਸੀ। ਰੁਪਿੰਦਰਜੀਤ ਦੇ ਪਿਤਾ ਕੁਲਵੰਤ ਸਿੰਘ ਨੇ ਇਸ ਗੱਲ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਇਸ ਬਾਰੇ ਉਨ੍ਹਾਂ ਨੂੰ ਕੱਲ ਸਕੂਲ ਬੁਲਾਇਆ ਗਿਆ ਸੀ।
ਦੂਜੀ ਲਾਪਤਾ ਵਿਦਿਆਰਥਣ ਦੀ ਭਾਲ 'ਚ ਪਿੰਡ ਵਾਸੀ ਨਹਿਰ ਕਿਨਾਰੇ ਭਾਲ 'ਚ ਰੁਝੇ ਹੋਏ ਸਨ। ਮ੍ਰਿਤਕ ਮਨੂੰ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਮਨੂੰ ਪੜ੍ਹਾਈ ਚ ਬਹੁਤ ਹੁਸ਼ਿਆਰ ਸੀ ਤੇ ਕਿਸੇ ਕਿਸਮ ਦਾ ਪੜ੍ਹਾਈ ਦਾ ਦਬਾਅ ਉਸ 'ਤੇ ਨਹੀਂ ਸੀ। ਉਨ੍ਹਾਂ ਖਦਸ਼ਾ ਜ਼ਾਹਿਰ ਕੀਤਾ ਕਿ ਉਨ੍ਹਾਂ ਦੀ ਪੁੱਤਰੀ ਦੀ ਮੌਤ ਯੋਜਨਾਬੱਧ ਤਰੀਕੇ ਦਾ ਨਤੀਜਾ ਹੈ। ਥਾਣਾ ਮੁਖੀ ਨੇ ਗੱਲਬਾਤ ਦੌਰਾਨ ਦੱਸਿਆ ਕਿ ਸਾਰੀ ਘਟਨਾਂ ਦੀ ਜਾਂਚ ਕੀਤੀ ਜਾ ਰਹੀ ਹੈ।


Related News