11ਵੀਂ ਜਮਾਤ ਦੀ ਵਿਦਿਆਰਥਣ ਨੂੰ ਨਾਮਲੂਮ ਵਾਹਨ ਚਾਲਕ ਨੇ ਮਾਰੀ ਟੱਕਰ, ਮੌਤ

Monday, Apr 29, 2024 - 04:11 PM (IST)

11ਵੀਂ ਜਮਾਤ ਦੀ ਵਿਦਿਆਰਥਣ ਨੂੰ ਨਾਮਲੂਮ ਵਾਹਨ ਚਾਲਕ ਨੇ ਮਾਰੀ ਟੱਕਰ, ਮੌਤ

ਸਾਹਨੇਵਾਲ/ਕੁਹਾੜਾ (ਜਗਰੂਪ) : ਘਰ ਤੋਂ ਕੋਚਿੰਗ ਲੈਣ ਗਈ ਇਕ 16 ਸਾਲਾ ਕੁੜੀ ਨੂੰ ਨਾਮਲੂਮ ਵਾਹਨ ਵਲੋਂ ਜ਼ਖਮੀ ਕਰ ਦਿੱਤਾ ਗਿਆ। ਉਸ ਦੀ ਇਲਾਜ ਦੌਰਾਨ ਮੌਤ ਹੋ ਗਈ। ਘਟਨਾ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਸਾਹਨੇਵਾਲ ਦੀ ਚੌਂਕੀ ਕੰਗਣਵਾਲ ਦੇ ਇੰਚਾਰਜ ਸਬ ਇੰਸ. ਜਸਵੀਰ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਦਿੱਤੇ ਗਏ ਬਿਆਨਾਂ 'ਚ ਕੁੜੀ ਦੇ ਪਿਤਾ ਰਾਧੇ ਸ਼ਿਆਮ ਬਨਰਾ ਪੁੱਤਰ ਸਿੰਘ ਰਾਏ ਬਨਰਾ ਨੇ ਦੱਸਿਆ ਕਿ ਉਸ ਦੀ ਧੀ ਖੁਸ਼ੀ ਗਿਆਰਵੀਂ ਜਮਾਤ ਦੀ ਵਿਦਿਆਰਥਣ ਸੀ ਅਤੇ ਸਰਕਾਰੀ ਸਕੂਲ ਜਵਾਹਰ ਕੈਂਪ ਲੁਧਿਆਣਾ 'ਚ ਪੜ੍ਹਦੀ ਸੀ।

ਸਕੂਲ ਦੀ ਛੁੱਟੀ ਤੋਂ ਬਾਅਦ ਉਹ ਘਰ ਤੋਂ ਸਾਹਨੇਵਾਲ ਕੋਚਿੰਗ ਲੈਣ ਲਈ ਗਈ ਪਰ ਜਦੋਂ ਸ਼ਾਮ 5 ਵਜੇ ਵਾਪਸ ਆਉਂਦੇ ਸਮੇਂ ਆਟੋ 'ਚੋਂ ਉਤਰ ਕੇ ਸੜਕ ਪਾਰ ਕਰਨ ਲੱਗੀ ਤਾਂ ਕੋਈ ਨਾਮਲੂਮ ਵਾਹਨ ਚਾਲਕ ਉਸ ਨੂੰ  ਟੱਕਰ ਮਾਰ ਗਿਆ। ਜਿਸ ਨਾਲ ਉਹ ਗੰਭੀਰ ਜਖਮੀ ਹੋ ਗਈ। ਰਾਧੇ ਸ਼ਿਆਮ ਨੇ ਦੱਸਿਆ ਕਿ ਘਟਨਾ ਸਥਾਨ ਤੋਂ ਉਸ ਨੂੰ  ਕਿਸੇ ਵਿਅਕਤੀ ਦਾ ਫੋਨ ਆਇਆ ਕਿ ਕੁੜੀ ਹਾਦਸੇ ਦਾ ਸ਼ਿਕਾਰ ਹੋ ਗਈ ਹੈ, ਜਿਸ 'ਤੇ ਉਹ ਤੁਰੰਤ ਆਪਣੀ ਪਤਨੀ ਨਾਲ ਘਟਨਾ ਸਥਾਨ 'ਤੇ ਪਹੁੰਚਿਆ ਅਤੇ ਆਪਣੀ ਧੀ ਨੂੰ ਨਜ਼ਦੀਕ ਹੀ ਪੈਂਦੇ ਹਸਪਤਾਲ ਲੈ ਗਿਆ, ਪਰ ਜ਼ਖਮਾਂ ਦੀ ਤਾਬ ਨਾ ਝੱਲਦੀ ਹੋਈ ਉਸ ਦੀ ਧੀ ਖੁਸ਼ੀ ਰੱਬ ਨੂੰ ਪਿਆਰੀ ਹੋ ਗਈ।

ਥਾਣੇਦਾਰ ਜਸਵੀਰ ਸਿੰਘ ਨੇ ਦੱਸਿਆ ਕਿ ਪੁਲਸ ਨੇ ਰਾਧੇ ਸ਼ਿਆਮ ਬਨਰਾ ਦੇ ਬਿਆਨਾ 'ਤੇ ਮਾਮਲਾ ਦਰਜ ਕਰਕੇ ਸੀ. ਸੀ. ਟੀ. ਵੀ. ਦੇ ਸਹਾਰੇ ਅਣਪਛਾਤੇ ਵਾਹਨ ਅਤੇ ਚਾਲਕ ਦੀ ਭਾਲ ਕਰ ਰਹੀ ਹੈ। ਖੁਸ਼ੀ ਦਾ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਗਈ ਹੈ।


author

Babita

Content Editor

Related News