ਨੌਜਵਾਨ ਕੁੜੀ ਨੂੰ ਕਤਲ ਕਰਕੇ ਨਹਿਰ ਵਿਚ ਸੁੱਟੀ ਲਾਸ਼ ਮਿਲੀ

04/11/2024 5:44:20 PM

ਫਿਰੋਜ਼ਪੁਰ (ਕੁਮਾਰ,ਗੁਰਮੇਲ ਸੇਖਵਾਂ) : ਪਿੰਡ ਨਿਜ਼ਾਮਦੀਨ ਵਾਲਾ ਵਿਖੇ ਨਹਿਰ ’ਚੋਂ ਪੁਲ ਕੋਲੋਂ 25/30 ਸਾਲਾ ਲੜਕੀ ਦੀ ਲਾਸ਼ ਮਿਲੀ, ਜਿਸ ਦੇ ਗਲੇ ’ਤੇ ਗਲਾ ਘੁੱਟ ਕੇ ਮਾਰਨ ਅਤੇ ਸਿਰ ’ਤੇ ਸੱਟਾਂ ਦੇ ਨਿਸ਼ਾਨ ਹਨ। ਇਸ ਮਾਮਲੇ ਸਬੰਧੀ ਥਾਣਾ ਮਖੂ ਦੀ ਪੁਲਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ ਕਤਲ ਦਾ ਮਾਮਲਾ ਦਰਜ ਕਰਕੇ ਲਾਸ਼ ਨੂੰ ਸ਼ਨਾਖਤ ਲਈ ਸਿਵਲ ਹਸਪਤਾਲ ਜ਼ੀਰਾ ਵਿਖੇ ਰਖਵਾਇਆ ਹੈ। ਜਾਣਕਾਰੀ ਦਿੰਦਿਆਂ ਥਾਣਾ ਮਖੂ ਦੇ ਐੱਸ.ਐੱਚ.ਓ. ਇੰਸਪੈਕਟਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਸ਼ਿਕਾਇਤਕਰਤਾ ਮੁਦੱਈ ਵੀਰ ਸਿੰਘ ਪੁੱਤਰ ਸੁਖਦੇਵ ਸਿੰਘ ਨੇ ਪੁਲਸ ਨੂੰ ਦਿੱਤੇ ਬਿਆਨਾਂ ਵਿਚ ਦੱਸਿਆ ਕਿ ਉਹ ਮੋਟਰਸਾਈਕਲ ’ਤੇ ਸਵਾਰ ਹੋ ਕੇ ਸਵੇਰੇ 8:30 ਵਜੇ ਆਪਣੇ ਪਿੰਡ ਤੋਂ ਜ਼ੀਰਾ ਵੱਲ ਜਾ ਰਿਹਾ ਸੀ।

ਇਸ ਦੌਰਾਨ ਜਦੋਂ ਉਹ ਬੰਗਾਲੀ ਵਾਲਾ ਪੁਲ ਨਹਿਰ ਅਤੇ ਪੁਲ ਨੇੜੇ ਪਹੁੰਚਿਆ ਤਾਂ ਉਸਨੇ ਦੇਖਿਆ ਕਿ ਕੁਝ ਲੋਕ ਇਕੱਠੇ ਹੋਏ ਖੜ੍ਹੇ ਸਨ ਅਤੇ ਪੁਲ ਦੇ ਨੇੜੇ ਨਹਿਰ ਵਿਚ 25/30 ਸਾਲ ਦੀ ਅਣਪਛਾਤੀ ਲੜਕੀ ਦੀ ਲਾਸ਼ ਪਈ ਸੀ ਜਿਸਦੇ ਪੀਲੇ ਰੰਗ ਦੀ ਟੀ-ਸ਼ਰਟ ਅਤੇ ਭੂਰੇ ਰੰਗ ਦੀ ਲੋਅਰ ਪਹਿਨੀ ਹੋਈ ਹੈ, ਉਸ ਦਾ ਕੱਦ ਲਗਭਗ 5 ਫੁੱਟ 3/4 ਇੰਚ ਹੈ ਅਤੇ ਰੰਗ ਗੋਰਾ ਹੈ, ਉਸਦੀ ਗਰਦਨ ’ਤੇ ਗਲਾ ਘੁੱਟਣ ਦੇ ਨਿਸ਼ਾਨ ਹਨ ਅਤੇ ਸਿਰ ’ਤੇ ਕਾਫੀ ਸੱਟਾਂ ਹਨ। ਉਨ੍ਹਾਂ ਦੱਸਿਆ ਕਿ ਬਿਆਨ ਦੇਣ ਵਾਲੇ ਵਿਅਕਤੀ ਨੇ ਦੱਸਿਆ ਕਿ ਕੁਝ ਅਣਪਛਾਤੇ ਵਿਅਕਤੀਆਂ ਨੇ ਲੜਕੀ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ ਅਤੇ ਸਿਰ ’ਤੇ ਵਾਰ ਕਰ ਕੇ ਲਾਸ਼ ਨੂੰ ਨਹਿਰ ’ਚ ਸੁੱਟ ਦਿੱਤਾ। ਇੰਸਪੈਕਟਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਇਸ ਘਟਨਾ ਸਬੰਧੀ ਪੁਲਸ ਵਲੋਂ ਕਾਰਵਾਈ ਕੀਤੀ ਜਾ ਰਹੀ ਹੈ।


Anuradha

Content Editor

Related News