ਨਹਿਰ ''ਚੋਂ ਮਿਲੀ ਨੌਜਵਾਨ ਦੀ ਲਾਸ਼, ਹਾਲਤ ਦੇਖ ਕੰਬ ਗਏ ਸਭ ਦੇ ਦਿਲ

04/08/2024 5:03:42 PM

ਮੋਗਾ (ਆਜ਼ਾਦ) : ਥਾਣਾ ਬੱਧਨੀ ਕਲਾਂ ਅਧੀਨ ਪੈਂਦੇ ਇਲਾਕੇ ਦੌਧਰ ਨਹਿਰ ਵਿਚੋਂ ਇਕ ਵਿਅਕਤੀ ਦੀ ਗਲੀ ਸੜੀ ਲਾਸ਼ ਮਿਲੀ ਹੈ, ਜਿਸ ਦੇ ਹੱਥ ਪੈਰ ਬੰਨ੍ਹੇ ਹੋਏ ਸਨ। ਇਸ ਦਾ ਪਤਾ ਲੱਗਣ ’ਤੇ ਥਾਣਾ ਬੱਧਨੀ ਕਲਾਂ ਦੇ ਮੁੱਖ ਅਫਸਰ ਰਮਨ ਕੁਮਾਰ ਅਤੇ ਲੋਪੋਂ ਪੁਲਸ ਚੌਂਕੀ ਦੇ ਇੰਚਾਰਜ ਸਰਦਾਰਾ ਸਿੰਘ ਪੁਲਸ ਪਾਰਟੀ ਸਮੇਤ ਮੌਕੇ ’ਤੇ ਪੁੱਜੇ ਅਤੇ ਆਸ-ਪਾਸ ਦੇ ਲੋਕਾਂ ਤੋਂ ਪੁੱਛਗਿੱਛ ਤੋਂ ਇਲਾਵਾ ਲਾਸ਼ ਦਾ ਨਿਰੀਖਣ ਕੀਤਾ ਅਤੇ ਇਸ ਦੀ ਜਾਣਕਾਰੀ ਸਮਾਜ ਸੇਵਾ ਸੁਸਾਇਟੀ ਨੂੰ ਦਿੱਤੀ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਲੋਪੋ ਪੁਲਸ ਚੌਂਕੀ ਦੇ ਇੰਚਾਰਜ ਸਰਦਾਰਾ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੀ ਉਮਰ 35-40 ਸਾਲ ਦੇ ਕਰੀਬ ਲੱਗ ਰਹੀ ਹੈ ਅਤੇ ਉਸ ਨੇ ਕਮੀਜ ਪਜਾਮਾ ਪਾਇਆ ਹੋਇਆ ਹੈ। ਲਾਸ਼ ਕਰੀਬ 10-12 ਦਿਨ ਪੁਰਾਣੀ ਲੱਗ ਰਹੀ ਹੈ ਕਿਉਂਕਿ ਉਹ ਪੁਰੀ ਤਰ੍ਹਾਂ ਗਲ ਚੁੱਕੀ ਸੀ, ਜਿਸ ਨੂੰ ਬਹੁਤ ਮੁਸ਼ਕਲ ਨਾਲ ਸਮਾਜ ਸੇਵਾ ਸੁਸਾਇਟੀ ਵੱਲੋਂ ਬਾਹਰ ਕੱਢ ਕੇ ਸਿਵਲ ਹਸਪਤਾਲ ਮੋਗਾ ਪਹੁੰਚਾਇਆ, ਜਿਥੇ ਉਸ ਨੂੰ ਪਛਾਣ ਲਈ 72 ਘੰਟੇ ਲਈ ਰੱਖਿਆ ਗਿਆ ਹੈ।

ਉਨ੍ਹਾਂ ਕਿਹਾ ਕਿ ਇਸ ਸਬੰਧ ਵਿਚ ਸੋਸ਼ਲ ਮੀਡੀਆ ’ਤੇ ਪੋਸਟ ਵਾਇਰਲ ਕਰਨ ਤੋਂ ਇਲਾਵਾ ਪਿੰਡਾਂ ਦੇ ਲੋਕਾਂ ਨੂੰ ਵੀ ਜਾਣਕਾਰੀ ਦਿੱਤੀ ਗਈ ਹੈ ਤਾਂ ਕਿ ਲਾਸ਼ ਦੀ ਪਛਾਣ ਹੋ ਸਕੇ। ਉਨ੍ਹਾਂ ਕਿਹਾ ਕਿ ਸ਼ੱਕ ਕੀਤਾ ਜਾ ਰਿਹਾ ਹੈ ਕਿ ਉਕਤ ਵਿਅਕਤੀ ਨੂੰ ਕਿਸੇ ਰੰਜਿਸ਼ ਤਹਿਤ ਹੱਥ ਪੈਰ ਬੰਨ੍ਹ ਕੇ ਨਹਿਰ ਵਿਚ ਸੁੱਟਿਆ ਗਿਆ ਹੈ। ਜਾਂਚ ਤੋਂ ਬਾਅਦ ਜਾਂ ਪਛਾਣ ਹੋਣ ਤੋਂ ਬਾਅਦ ਹੀ ਉਕਤ ਮਾਮਲੇ ਦਾ ਪਰਦਾਫਾਸ਼ ਹੋ ਸਕੇਗਾ। ਥਾਣਾ ਮੁਖੀ ਅਤੇ ਚੌਕੀ ਇੰਚਾਰਜ ਨੇ ਕਿਹਾ ਕਿ ਜੇਕਰ ਕੋਈ ਵੀ ਵਿਅਕਤੀ ਇਸ ਅਣਪਛਾਤੀ ਲਾਸ਼ ਸਬੰਧੀ ਕੋਈ ਜਾਣਕਾਰੀ ਰੱਖਦਾ ਹੈ ਤਾਂ ਉਹ ਸਾਡੇ ਨਾਲ ਸੰਪਰਕ ਕਰ ਸਕਦਾ ਹੈ।


Gurminder Singh

Content Editor

Related News