ਸ਼ੈਲਰ ਮਾਲਕਾਂ ਦੀ ਹੜਤਾਲ ਕਾਰਨ ਮੰਡੀਆਂ ’ਚ ਲੱਗੇ ਝੋਨੇ ਦੇ ਅੰਬਾਰ, 6 ਲੱਖ ਬੋਰੀ ਢੋਆ-ਢੁਆਈ ਦੇ ਇੰਤਜ਼ਾਰ ’ਚ

Saturday, Oct 14, 2023 - 06:15 PM (IST)

ਸ਼ੈਲਰ ਮਾਲਕਾਂ ਦੀ ਹੜਤਾਲ ਕਾਰਨ ਮੰਡੀਆਂ ’ਚ ਲੱਗੇ ਝੋਨੇ ਦੇ ਅੰਬਾਰ, 6 ਲੱਖ ਬੋਰੀ ਢੋਆ-ਢੁਆਈ ਦੇ ਇੰਤਜ਼ਾਰ ’ਚ

ਮਾਛੀਵਾੜਾ ਸਾਹਿਬ (ਟੱਕਰ) : ਸ਼ੈਲਰ ਮਾਲਕਾਂ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਕੀਤੀ ਗਈ ਹੜਤਾਲ ਕਾਰਨ ਮਾਛੀਵਾੜਾ ਦੀਆਂ ਮੰਡੀਆਂ ਵਿਚ ਝੋਨੇ ਦੇ ਅੰਬਾਰ ਲੱਗਣੇ ਸ਼ੁਰੂ ਹੋ ਗਏ ਹਨ ਅਤੇ ਆੜ੍ਹਤੀ ਤੇ ਕਿਸਾਨ ਪ੍ਰੇਸ਼ਾਨ ਦਿਖਾਈ ਦੇ ਰਹੇ ਹਨ। ਸ਼ੈਲਰ ਮਾਲਕਾਂ ਦੀ ਹੜਤਾਲ ਅੱਜ ਚੌਥੇ ਦਿਨ ਵਿਚ ਦਾਖਲ ਹੋ ਗਈ ਅਤੇ ਮੰਡੀਆਂ ’ਚੋਂ ਇਕ ਵੀ ਬੋਰੀ ਲਿਫਟਿੰਗ ਨਹੀਂ ਹੋਈ ਜਿਸ ਕਾਰਨ ਸਾਰੇ ਪਾਸੇ ਬੋਰੀ ਦੀਆਂ ਧਾਕਾਂ ਦੇਖਣ ਨੂੰ ਮਿਲ ਰਹੀਆਂ ਹਨ। ਲਿਫਟਿੰਗ ਨਾ ਹੋਣ ਕਾਰਨ ਮੰਡੀਆਂ ਵਿਚ ਫਸਲ ਵੇਚਣ ਆਉਣ ਵਾਲੇ ਕਿਸਾਨਾਂ ਨੂੰ ਫੜ੍ਹਾਂ ਦੀ ਘਾਟ ਵੀ ਪੈਣ ਲੱਗ ਪਈ ਹੈ ਅਤੇ ਜੇਕਰ ਹਾਲਾਤ ਇਹੀ ਰਹੇ ਤਾਂ ਕਿਸਾਨਾਂ ਨੂੰ ਝੋਨਾ ਮੰਡੀ ਦੇ ਬਾਹਰ ਸੜਕਾਂ ’ਤੇ ਉਤਾਰਨਾ ਪਵੇਗਾ। ਅੱਜ ਆੜ੍ਹਤੀ ਐਸੋ. ਦੇ ਪ੍ਰਧਾਨ ਹਰਜਿੰਦਰ ਸਿੰਘ ਖੇੜਾ ਨੇ ਦੱਸਿਆ ਕਿ ਹੁਣ ਤੱਕ 9 ਲੱਖ 40 ਹਜ਼ਾਰ ਝੋਨੇ ਦੀ ਬੋਰੀ ਖਰੀਦ ਹੋ ਚੁੱਕੀ ਹੈ ਜਿਸ ’ਚੋਂ ਕਰੀਬ 3.50 ਲੱਖ ਦੀ ਲਿਫਟਿੰਗ ਹੋਈ ਜਦਕਿ ਕਰੀਬ 6 ਲੱਖ ਬੋਰੀ ਖੁੱਲ੍ਹੇ ਅਸਮਾਨ ਹੇਠ ਢੋਆ-ਢੁਆਈ ਦਾ ਇੰਤਜ਼ਾਰ ਕਰ ਰਹੀ ਹੈ। 

ਪ੍ਰਧਾਨ ਖੇੜਾ ਨੇ ਦੱਸਿਆ ਕਿ ਕਰੀਬ 1 ਲੱਖ ਕੁਇੰਟਲ ਤੋਂ ਵੱਧ ਫਸਲ ਕਿਸਾਨ ਮੰਡੀਆਂ ਵਿਚ ਵੇਚਣ ਨੂੰ ਲੈ ਕੇ ਆਏ ਬੈਠੇ ਹਨ ਪਰ ਸ਼ੈਲਰ ਮਾਲਕਾਂ ਦੀ ਹੜਤਾਲ ਕਾਰਨ ਉਹ ਬੋਰੀਆਂ ’ਚ ਨਹੀਂ ਭਰ ਰਹੇ। ਉਨ੍ਹਾਂ ਦੱਸਿਆ ਕਿ ਸਰਕਾਰ ਨੂੰ ਸ਼ੈਲਰ ਮਾਲਕਾਂ ਨਾਲ ਮੀਟਿੰਗ ਕਰ ਤੁਰੰਤ ਉਨ੍ਹਾਂ ਦੀਆਂ ਮੰਗਾਂ ਦਾ ਹੱਲ ਕੱਢਣਾ ਚਾਹੀਦਾ ਹੈ ਨਹੀਂ ਤਾਂ ਆਉਣ ਵਾਲੇ ਦਿਨਾਂ ’ਚ ਵੱਡੀ ਪ੍ਰੇਸ਼ਾਨੀ ਖੜ੍ਹੀ ਹੋ ਸਕਦੀ ਹੈ। ਦੂਸਰੇ ਪਾਸੇ ਕਿਸਾਨਾਂ ਨੇ ਕਿਹਾ ਕਿ ਜਦੋਂ ਵੀ ਉਹ ਮੰਡੀਆਂ ਵਿਚ ਫਸਲ ਲੈ ਕੇ ਆਉਂਦੇ ਹਨ ਤਾਂ ਕਦੇ ਮਜ਼ਦੂਰ, ਕਦੇ ਆੜ੍ਹਤੀ ਤੇ ਕਦੇ ਸ਼ੈਲਰ ਮਾਲਕ ਹੜਤਾਲ ’ਤੇ ਚਲੇ ਜਾਂਦੇ ਹਨ ਅਤੇ ਪ੍ਰੇਸ਼ਾਨੀ ਉਨ੍ਹਾਂ ਨੂੰ ਝੱਲਣੀ ਪੈਂਦੀ ਹੈ। ਕਿਸਾਨਾਂ ਨੇ ਕਿਹਾ ਕਿ ਉਹ ਤਾਂ ਪਹਿਲਾਂ ਹੀ ਹੜ੍ਹਾਂ ਦੀ ਮਾਰ ਕਾਰਨ ਆਰਥਿਕ ਮੰਦਹਾਲੀ ਦੇ ਦੌਰ ’ਚੋਂ ਗੁਜ਼ਰ ਰਹੇ ਹਨ ਅਤੇ ਹੁਣ ਜਦੋਂ ਫਸਲ ਵੇਚਣ ਆ ਰਹੇ ਹਨ ਤਾਂ ਹੜਤਾਲਾਂ ਕਾਰਨ ਉਨ੍ਹਾਂ ਨੂੰ ਕਈ ਦਿਨ ਖੱਜਲ-ਖੁਆਰ ਹੋਣਾ ਪੈ ਰਿਹਾ ਹੈ।

ਖਰੀਦ ਏਜੰਸੀਆਂ ਵਲੋਂ ਅੱਜ ਝੋਨਾ ਖਰੀਦਿਆ ਗਿਆ

ਸ਼ੈਲਰ ਮਾਲਕਾਂ ਦੀ ਹੜਤਾਲ ਦੇ ਬਾਵਜੂਦ ਖਰੀਦ ਏਜੰਸੀਆਂ ਵਲੋਂ ਅੱਜ ਮੰਡੀਆਂ ਵਿਚ ਜਾ ਕੇ ਕਿਸਾਨਾਂ ਦੀ ਜੋ ਸੁੱਕੀ ਫਸਲ ਹੈ, ਉਸਦਾ ਭਾਅ ਲਗਾਇਆ ਜਾ ਰਿਹਾ ਹੈ। ਦੂਸਰੇ ਪਾਸੇ ਆੜ੍ਹਤੀਆਂ ਨੇ ਕਿਹਾ ਕਿ ਬੇਸ਼ੱਕ ਏਜੰਸੀਆਂ ਵਲੋਂ ਝੋਨਾ ਖਰੀਦ ਲਿਆ ਗਿਆ ਪਰ ਸ਼ੈਲਰ ਮਾਲਕ ਹੜਤਾਲ ’ਤੇ ਹੋਣ ਕਾਰਨ ਲਿਫਟਿੰਗ ਨਹੀਂ ਹੋਣੀ ਇਸ ਲਈ ਇਹ ਰੇੜਕਾ ਕਿਸਾਨਾਂ ਤੇ ਆੜ੍ਹਤੀਆਂ ’ਤੇ ਹੀ ਭਾਰੂ ਪੈ ਰਿਹਾ ਹੈ।


author

Gurminder Singh

Content Editor

Related News