ਜ਼ਿਲ੍ਹਾ ਮੈਜਿਸਟ੍ਰੇਟ ਵਲੋਂ ਲਾਈ ਗਈ ਸਖ਼ਤ ਪਾਬੰਦੀ, 2 ਮਹੀਨਿਆਂ ਤੱਕ ਰਹੇਗੀ ਲਾਗੂ
Saturday, Feb 08, 2025 - 11:35 AM (IST)
ਫਿਰੋਜ਼ਪੁਰ (ਪਰਮਜੀਤ ਸੋਢੀ) : ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਫਿਰੋਜ਼ਪੁਰ ਡਾ. ਨਿਧੀ ਕੁਮੁਦ ਬੰਬਾਹ ਪੀ. ਸੀ. ਐੱਸ. ਨੇ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ 2023 ਦੀ ਧਾਰਾ-163 ਅਧੀਨ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਕਿਸੇ ਵਿਅਕਤੀ ਵਲੋਂ ਕਿਸੇ ਤਰੀਕੇ ਨਾਲ ਕਿਸੇ ਵੀ ਯੰਤਰ ਰਾਹੀਂ ਜੇਲ੍ਹ ਖੇਤਰ 'ਚ ਕਾਨੂੰਨੀ ਤੌਰ ’ਤ ਵੈਧ, ਲਾਗੂ ਅਤੇ ਪ੍ਰਵਾਨਿਤ ਪ੍ਰਕਿਰਿਆ ਨੂੰ ਛੱਡ ਕੇ ਕਿਸੇ ਵੀ ਵਸਤੂ ਜਾਂ ਪਦਾਰਥ ਜਾਂ ਸਮੱਗਰੀ, ਨੂੰ ਜੇਲ੍ਹ ਵਿੱਚ ਰੱਖਣਾ ਵਰਜਿਤ ਹੈ। ਇਨ੍ਹਾਂ ਵਸਤੂਆਂ ਨੂੰ ਸਿੱਧੇ ਜਾਂ ਅਸਿੱਧੇ ਤੌਰ ’ਤੇ ਅੰਦਰ ਲਿਜਾਣ ਜਾਂ ਉਸ ਨੂੰ ਕਬਜ਼ੇ 'ਚ ਰੱਖਣ ’ਤੇ ਪਾਬੰਦੀ ਲਗਾਈ ਗਈ ਹੈ।
ਉਨ੍ਹਾਂ ਕਿਹਾ ਕਿ ਧਿਆਨ 'ਚ ਆਇਆ ਹੈ ਕਿ ਕਾਨੂੰਨੀ ਤੌਰ ’ਤੇ ਪ੍ਰਵਾਨਿਤ ਪ੍ਰਕਿਰਿਆ ਨੂੰ ਛੱਡ ਕੇ ਜੇਲ੍ਹਾਂ 'ਚ ਲਾਗੂ ਹੋਣ ਵਾਲੀਆਂ ਵਸਤੂਆਂ, ਸਮੱਗਰੀ ਅਤੇ ਉਪਕਰਣ ਤੋਂ ਇਲਾਵਾ ਜੋ ਵਸਤਾਂ/ ਸਮੱਗਰੀ ਪੰਜਾਬ ਜੇਲ੍ਹ ਨਿਯਮ, 2022 ਜਾਂ ਕਿਸੇ ਹੋਰ ਕਾਨੂੰਨ ਦੇ ਅਧੀਨ ਵਰਜਿਤ ਹਨ, ਦੇ ਦਾਖ਼ਲੇ ਨਾਲ ਇਨ੍ਹਾਂ ਦੀ ਵਰਤੋਂ ਗੈਰ-ਕਾਨੂੰਨੀ ਗਤੀਵਿਧੀਆਂ ਲਈ ਕੀਤੀ ਜਾ ਸਕਦੀ ਹੈ। ਜੇਲ੍ਹ ਦੇ ਖੇਤਰ 'ਚ ਪਾਬੰਦੀਸ਼ੁਦਾ ਵਸਤੂਆਂ ਦਾ ਦਾਖ਼ਲਾ ਅਤੇ ਗੈਰ-ਕਾਨੂੰਨੀ ਤਰੀਕਿਆਂ ਨਾਲ ਜੇਲ੍ਹ 'ਚ ਕੈਦੀਆਂ ਲਈ ਇਨ੍ਹਾਂ ਦੀ ਉਪਲਬੱਧਤਾ ਉਕਤ ਖੇਤਰ ਦੇ ਅੰਦਰ ਅਤੇ ਬਾਹਰ ਅਪਰਾਧਾਂ ਨੂੰ ਸ਼ੁਰੂ ਕਰਨ ਦਾ ਸੰਕੇਤ ਦਿੰਦੀ ਹੈ।
ਇਸ ਕਾਰਨ ਅਮਨ-ਸ਼ਾਂਤੀ ਭੰਗ ਹੋਣ ਦੀ ਬਹੁਤ ਸੰਭਾਵਨਾ ਹੁੰਦੀ ਹੈ ਅਤੇ ਇਹ ਅਪਰਾਧ ਗੰਭੀਰ ਰੂਪ ਧਾਰਨ ਕਰ ਲੈਂਦੇ ਹਨ। ਮਨੁੱਖੀ ਜੀਵਨ ਲਈ ਖ਼ਤਰਾ, ਜਨਤਕ ਸੁਰੱਖਿਆ, ਸੁਰੱਖਿਆ ਅਤੇ ਜੇਲ੍ਹ ਦੇ ਅੰਦਰ ਅਤੇ ਬਾਹਰ ਜਨਤਕ ਜਾਇਦਾਦ ਨੂੰ ਖ਼ਤਰਾ ਹੋਣ ਦੀ ਸੰਭਾਵਨਾ ਬਣ ਸਕਦੀ ਹੈ। ਇਸ ਲਈ ਅਮਨ-ਕਾਨੂੰਨ ਦੀ ਸਥਿਤੀ ਨੂੰ ਬਰਕਰਾਰ ਰੱਖਣ, ਜਨਤਕ ਸੁਰੱਖਿਆ ਨੂੰ ਬਣਾਈ ਰੱਖਣ, ਜਨਤਕ ਸੰਪਤੀ ਨੂੰ ਨੁਕਸਾਨ ਤੋਂ ਬਚਾਉਣ ਦੇ ਟੀਚੇ ਨਾਲ ਆਮ ਜਨਤਾ ਦੀ ਸੁਰੱਖਿਆ ਦੇ ਹਿੱਤ ਵਿੱਚ ਇਹ ਨਿਰਦੇਸ਼ ਜਾਰੀ ਕੀਤੇ ਗਏ ਹਨ। ਇਹ ਹੁਕਮ ਜਾਰੀ ਹੋਣ ਦੀ ਤਾਰੀਖ਼ ਤੋਂ 2 ਮਹੀਨੇ ਤੱਕ ਲਾਗੂ ਰਹਿਣਗੇ।