ਟਰਾਂਸਫਾਰਮਰ ਤੋਂ ਸਿੱਧੀ ਕੁੰਡੀ ਲਾ ਕੇ ਬਿਜਲੀ ਚੋਰੀ ਕਰਦਾ ਕਾਬੂ

Thursday, Feb 22, 2018 - 07:41 AM (IST)

ਪੱਟੀ,   (ਬੇਅੰਤ)-  ਪਾਵਰਕਾਮ ਵਿਭਾਗ ਦੀ ਟੀਮ ਵੱਲੋਂ ਐੱਸ. ਡੀ. ਓ. ਦਵਿੰਦਰ ਸਿੰਘ ਦੀ ਅਗਵਾਈ ਹੇਠ ਪਿੰਡ ਘਰਿਆਲਾ ਵਿਖੇ ਇਕ ਖਪਤਕਾਰ ਨੂੰ ਬਿਜਲੀ ਚੋਰੀ ਕਰਨ ਦੇ ਦੋਸ਼ 'ਚ ਕਾਬੂ ਕਰਨ ਤੇ ਜੁਰਮਾਨਾ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ।
 ਇਸ ਸਬੰਧੀ ਜਾਣਕਾਰੀ ਦਿੰਦੇ ਪਾਵਰਕਾਮ ਪੱਟੀ ਦੇ ਐਕਸੀਅਨ ਗੁਰਮੁੱਖ ਸਿੰਘ ਨੇ ਦੱਸਿਆ ਕਿ ਬਿਜਲੀ ਵਿਭਾਗ ਦੀ ਟੀਮ ਨੂੰ ਪਿੰਡ ਘਰਿਆਲਾ ਵਿਚ ਇਕ ਖਪਤਕਾਰ ਵੱਲੋਂ ਬਿਜਲੀ ਚੋਰੀ ਕਰਨ ਦੀ ਸੂਚਨਾ ਮਿਲੀ ਸੀ। ਜਦੋਂ ਟੀਮ ਮੌਕੇ 'ਤੇ ਪਹੁੰਚੀ ਤਾਂ ਮੁਲਜ਼ਮ ਆਤਮਾ ਸਿੰਘ ਜਿਸਦਾ ਬਿਜਲੀ ਬਿੱੱਲ 40 ਹਜ਼ਾਰ ਰੁਪਏ ਬਕਾਇਆ ਪਿਆ ਸੀ, ਟਰਾਂਸਫਾਰਮਰ ਤੋਂ ਸਿੱਧੀ ਕੁੰਡੀ ਲਾ ਕੇ ਬਿਜਲੀ ਚੋਰੀ ਕਰ ਰਿਹਾ ਸੀ। ਖਪਤਕਾਰ ਆਤਮਾ ਸਿੰਘ ਨੂੰ ਟੀਮ ਵੱਲੋਂ ਘੇਰਨ 'ਤੇ ਉਸ ਨੇ ਗਾਲੀ ਗਲੋਚ ਕਰਨਾ ਸ਼ੁਰੂ ਕਰ ਦਿੱਤਾ। ਟੀਮ ਨੇ ਇਸ ਘਟਨਾ ਦੀ ਸੂਚਨਾ ਉੱਚ ਅਧਿਕਾਰੀਆਂ ਤੇ ਘਰਿਆਲਾ ਚੌਕੀ ਪੁਲਸ ਨੂੰ ਦਿੱਤੀ। ਮੌਕੇ 'ਤੇ ਆਏ ਪੁਲਸ ਅਧਿਕਾਰੀ ਥਾਣਾ ਮੁਖੀ ਹਰਦਰਸ਼ਨ ਸਿੰਘ ਤੇ ਪੁਲਸ ਟੀਮ ਨੇ ਸਥਿਤੀ 'ਤੇ ਕਾਬੂ ਪਾ ਲਿਆ ਤੇ ਮਾਮਲੇ ਦੀ ਜਾਂਚ ਕਰਨ ਲੱਗ ਪਏ।
 ਐੱਸ. ਡੀ. ਓ. ਦਵਿੰਦਰ ਸਿੰਘ ਨੇ ਦੱਸਿਆ ਕਿ ਦੋਸ਼ੀ ਖਪਤਕਾਰ ਆਤਮਾ ਸਿੰਘ ਨੂੰ ਬਿਜਲੀ ਚੋਰੀ ਕਰਨ ਤੇ ਬਕਾਇਆ ਬਿਜਲੀ ਬਿੱਲ ਅਦਾ ਨਾ ਕਰਨ 'ਤੇ 85 ਹਜ਼ਾਰ ਰੁਪਏ ਜੁਰਮਾਨਾ ਕੀਤਾ ਤੇ ਬਕਾਇਆ ਬਿੱਲ 40 ਹਜ਼ਾਰ ਰੁਪਏ ਅਦਾ ਕਰਨ ਦੇ ਹੁਕਮ ਦਿੱਤੇ। ਦੋਸ਼ੀ ਖਪਤਕਾਰ ਆਤਮਾ ਸਿੰਘ ਨੇ ਸਾਰਾ ਬਕਾਇਆ ਕੁੱਲ 1 ਲੱਖ 25 ਬਿਜਲੀ ਵਿਭਾਗ ਨੂੰ ਨਕਦ ਅਦਾ ਕਰ ਦਿੱਤਾ।


Related News