ਸਟੀਵੀਆ ਫਾਰਮਿੰਗ ਨੇ ਮਾਲਾਮਾਲ ਕੀਤੇ ਕਿਸਾਨ, ਸ਼ੂਗਰ ਦੇ ਮਰੀਜ਼ਾਂ ਲਈ ਹੈ ਬੇਹੱਦ ਫ਼ਾਇਦੇਮੰਦ
Wednesday, May 31, 2023 - 02:01 PM (IST)
ਚੰਡੀਗੜ੍ਹ (ਹਰੀਸ਼ਚੰਦਰ) : ਦੇਸ਼ ਵਿਚ ਰਿਵਾਇਤੀ ਖੇਤੀ ਦੇ ਨਾਲ ਹੀ ਹੁਣ ਅਗਾਂਹਵਧੂ ਕਿਸਾਨਾਂ ਨੇ ਔਸ਼ਧੀ ਬੂਟਿਆਂ ਦੀ ਖੇਤੀ ਨੂੰ ਵੀ ਦੇਸ਼ ਵਿਚ ਕਾਫ਼ੀ ਹਰਮਨਪਿਆਰਾ ਬਣਾ ਦਿੱਤਾ ਹੈ। ਕੇਂਦਰ ਅਤੇ ਰਾਜ ਸਰਕਾਰ ਵਲੋਂ ਔਸ਼ਧੀ ਬੂਟਿਆਂ ਦੀ ਖੇਤੀ ਨੂੰ ਬੜਾਵਾ ਦੇਣ ਕਾਰਣ ਵੀ ਕਿਸਾਨ ਇਸ ਨੂੰ ਲੈ ਕੇ ਉਤਸ਼ਾਹਿਤ ਹਨ। ਇਸ ਵਿਚ ਇਕ ਖ਼ਾਸ ਨਾਂ ਜੁੜਿਆ ਹੈ ਸਟੀਵੀਆ ਦਾ। ਬਾਜ਼ਾਰ ਵਿਚ ਸਟੀਵੀਆ ਦੀ ਮੰਗ ਹਰ ਸਾਲ ਵਧਦੀ ਜਾ ਰਹੀ ਹੈ।
ਦਰਅਸਲ ਇਸ ਦੇ ਸੁੱਕੇ ਪੱਤੇ ਡਾਇਬਿਟੀਜ਼ ਮਰੀਜ਼ਾਂ ਲਈ ਬੇਕਰੀ ਉਤਪਾਦ, ਕੋਲਡ ਡਰਿੰਕਸ ਅਤੇ ਮਠਿਆਈ ਆਦਿ ਬਣਾਉਣ ਵਿਚ ਕੰਮ ਆਉਂਦੇ ਹਨ। ਬਾਜ਼ਾਰ ਵਿਚ ਇਨ੍ਹਾਂ ਦੀ ਉੱਚੀ ਕੀਮਤ ਕਿਸਾਨ ਨੂੰ ਮਿਲਦੀ ਹੈ। ਸਟੀਵੀਆ ਦੇ ਗੁਣ ਬਿਲਕੁਲ ਉਹੀ ਹਨ, ਜੋ ਤੁਲਸੀ ਦੇ ਹਨ। ਇਹੀ ਕਾਰਨ ਹੈ ਕਿ ਲੋਕ ਇਸ ਨੂੰ ਮਿੱਠੀ ਤੁਲਸੀ ਵੀ ਕਹਿੰਦੇ ਹਨ। ਖ਼ਾਸ ਗੱਲ ਇਹ ਹੈ ਕਿ ਇਹ ਜ਼ੀਰੋ ਕੈਲੋਰੀ ਵਾਲਾ ਉਤਪਾਦ ਹੈ ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਦੇ ਇਸ ਵਿਭਾਗ ’ਚ ਨਿਕਲੀਆਂ ਨੌਕਰੀਆਂ, ਚਾਹਵਾਨਾਂ ਤੋਂ ਮੰਗੀਆਂ ਗਈਆਂ ਅਰਜ਼ੀਆਂ
ਕੈਂਡੀ ਪਲਾਂਟ ਤੋਂ ਮਿਲਦਾ ਹੈ ਇਹ ਨੈਚੂਰਲ ਸਵੀਟਨਰ
ਡਾਇਬਿਟੀਜ਼ ਮਰੀਜ਼ਾਂ ਵਿਚ ਰਿਵਾਇਤੀ ਚੀਨੀ (ਸ਼ੂਗਰ) ਦੇ ਬਦਲ ਦੇ ਰੂਪ ਵਿਚ ਸਟੀਵੀਆ ਨੂੰ ਕਾਫ਼ੀ ਹਰਮਨਪਿਆਰਤਾ ਹਾਸਿਲ ਹੋਈ ਹੈ। ਇਹ ਇਕ ਕੁਦਰਤੀ ਸਵੀਟਨਰ ਹੈ, ਜੋ ਸਟੀਵੀਆ ਰੇਬਾਊਡਿਆਨਾ ਬੂਟੇ ਤੋਂ ਪ੍ਰਾਪਤ ਹੁੰਦਾ ਹੈ, ਜਿਸ ਨੂੰ ਕੈਂਡੀ ਪਲਾਂਟ ਵੀ ਕਿਹਾ ਜਾਂਦਾ ਹੈ। ਸਵਾਦ ਦੀ ਗੱਲ ਕਰੀਏ ਤਾਂ ਸਟੀਵੀਆ ਬਹੁਤ ਤੇਜ਼ ਮਿਠਾਸ ਵਾਲਾ ਹੁੰਦਾ ਹੈ ਅਤੇ ਮੰਨਿਆ ਜਾਂਦਾ ਹੈ ਕਿ ਗੰਨੇ ਤੋਂ ਬਣੀ ਚੀਨੀ ਦੀ ਤੁਲਨਾ ਵਿਚ ਸਟੀਵੀਆ ਦੁੱਗਣੇ ਤੋਂ ਜ਼ਿਆਦਾ ਮਿੱਠਾ ਹੁੰਦਾ ਹੈ।
ਔਸ਼ਧੀ ਬੂਟਿਆਂ ਦੀ ਖੇਤੀ ’ਤੇ ਜ਼ੋਰ
ਪੰਜਾਬ ਦੇ ਕਿਸਾਨਾਂ ਨੇ ਵੱਡੇ ਪੈਮਾਨੇ ’ਤੇ ਇਸਦੀ ਕਾਸ਼ਤ ਕੀਤੀ ਹੋਈ ਹੈ। ਝੋਨਾ-ਕਣਕ ਦੇ ਮੱਕੜਜਾਲ ਵਿਚੋਂ ਨਿਕਲ ਕੇ ਹੁਣ ਕਿਸਾਨ ਫ਼ਸਲੀ ਵਿਭਿੰਨਤਾ ਦੇ ਦੌਰ ਵਿਚ ਫ਼ਲ-ਸਬਜ਼ੀਆਂ ਦੀ ਥਾਂ ਔਸ਼ਧੀ ਬੂਟਿਆਂ ਦੀ ਖੇਤੀ ’ਤੇ ਜ਼ੋਰ ਦੇ ਰਹੇ ਹਨ। ਇਹੀ ਕਾਰਣ ਹੈ ਕਿ ਸੂਬੇ, ਖਾ਼ਸ ਕਰ ਕੇ ਨਵਾਂਸ਼ਹਿਰ, ਲੁਧਿਆਣਾ, ਹੁਸ਼ਿਆਰਪੁਰ, ਜਲੰਧਰ ਆਦਿ ਜ਼ਿਲ੍ਹਿਆਂ ਵਿਚ ਸਟੀਵੀਆ ਦੀ ਖੇਤੀ ਦੇ ਕਈ ਵੱਡੇ ਫ਼ਾਰਮ ਨਜ਼ਰ ਆਉਂਦੇ ਹਨ। ਸਰਹੱਦੀ ਜ਼ਿਲ੍ਹਿਆਂ ਗੁਰਦਾਸਪੁਰ ਅਤੇ ਫਿਰੋਜ਼ਪੁਰ ’ਚ ਵੀ ਕਈ ਕਿਸਾਨ ਇਸਦੀ ਕਾਸ਼ਤ ਕਰਦੇ ਹਨ। ਚੀਨੀ ਤੋਂ ਜ਼ਿਆਦਾ ਮਿੱਠੇ ਸਟੀਵੀਆ ਦੀ ਖੇਤੀ ਦੇ ਜ਼ਰੀਏ ਕਿਸਾਨਾਂ ਨੇ ਲੋਕਾਂ ਦੀ ਜੀਭ ਦਾ ਸਵਾਦ ਤਾਂ ਬਦਲਿਆ ਹੀ, ਆਪਣੀ ਕਮਾਈ ਵੀ ਵਧਾਈ ਹੈ।
ਇਹ ਵੀ ਪੜ੍ਹੋ : ਹਵਸ 'ਚ ਅੰਨ੍ਹੇ ਸਹੁਰੇ ਨੇ ਧੀ ਵਰਗੀ ਨੂੰਹ ਨਾਲ ਟੱਪੀਆਂ ਹੱਦਾਂ, ਪੋਤੀ ਨਾਲ ਵੀ ਕੀਤੀਆਂ ਅਸ਼ਲੀਲ ਹਰਕਤਾਂ
ਨਾ ਜ਼ਿਆਦਾ ਸਿੰਚਾਈ ਅਤੇ ਨਾ ਹੀ ਦੇਖਭਾਲ ਦੀ ਲੋੋੜ
ਖੇਤੀਬਾੜੀ ਮਾਹਿਰਾਂ ਅਨੁਸਾਰ ਸਟੀਵੀਆ ਦਾ ਬੂਟਾ 5 ਸਾਲ ਤੱਕ ਸਾਲ ਵਿਚ 3-4 ਵਾਰ ਫ਼ਸਲ ਦਿੰਦਾ ਹੈ ਅਤੇ ਉਹ ਵੀ ਬਿਨਾਂ ਕਿਸੇ ਖ਼ਾਸ ਦੇਖਭਾਲ ਅਤੇ ਜ਼ਿਆਦਾ ਸਿੰਚਾਈ ਦੇ। ਇਕ ਕਿਲੋਗ੍ਰਾਮ ਚੀਨੀ ਦੇ ਉਤਪਾਦਨ ਲਈ ਗੰਨੇ ਨੂੰ ਜਿੱਥੇ 1500 ਲਿਟਰ ਤੱਕ ਪਾਣੀ ਦੀ ਲੋੜ ਪੈਂਦੀ ਹੈ, ਉੱਥੇ ਹੀ ਇਕ ਕਿਲੋਗ੍ਰਾਮ ਸਟੀਵੀਆ ਸਿਰਫ਼ 75 ਲਿਟਰ ਪਾਣੀ ਲੈਂਦਾ ਹੈ। ਔਸ਼ਧੀ ਬੂਟਾ ਹੋਣ ਕਾਰਣ ਇਸ ਨੂੰ ਕੀੜਾ ਆਦਿ ਵੀ ਨਹੀਂ ਲੱਗਦਾ। ਹੋਰ ਫ਼ਸਲਾਂ ’ਤੇ ਕਿਸਾਨਾਂ ਨੂੰ ਮਹਿੰਗੇ ਕੀਟਨਾਸ਼ਕਾਂ ਦਾ ਪ੍ਰਯੋਗ ਕਰਨਾ ਪੈਂਦਾ ਹੈ। ਇਕ ਏਕੜ ਵਿਚ ਸਟੀਵੀਆ ਦੇ 25 ਤੋਂ 30 ਹਜ਼ਾਰ ਤੱਕ ਬੂਟੇ ਸੌਖ ਨਾਲ ਬੀਜੇ ਜਾ ਸਕਦੇ ਹਨ।
ਡਾ. ਸਵਾਮੀਨਾਥਨ ਵਲੋਂ ਸਨਮਾਨਿਤ ਗਾਂਧੀ ਲਿਆਏ ਸਨ ਪੰਜਾਬ ਵਿਚ
ਨਵਾਂਸ਼ਹਿਰ ਜ਼ਿਲ੍ਹੇ ਵਿਚ ਪੇਸ਼ੇ ਤੋਂ ਟੈਕਸ ਕੰਸਲਟੈਂਟ ਰਾਜਪਾਲ ਗਾਂਧੀ ਕਹਿੰਦੇ ਹਨ ਕਿ ਉਹ ਸਭ ਤੋਂ ਪਹਿਲਾਂ ਪੰਜਾਬ ਵਿਚ ਸਟੀਵੀਆ ਲੈ ਕੇ ਆਏ ਸਨ। ਉਨ੍ਹਾਂ ਨੇ ਨੇੜੇ ਦੇ ਕਈ ਕਿਸਾਨਾਂ ਨੂੰ ਇਸ ਨਾਲ ਜੋੜਿਆ ਅਤੇ ਅੱਜ ਪੰਜਾਬ ਹੀ ਨਹੀਂ ਸਗੋਂ ਹਰਿਆਣਾ, ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਰਾਜਸਥਾਨ ਅਤੇ ਗੁਜਰਾਤ ਦੇ ਕਈ ਕਿਸਾਨਾਂ ਤੋਂ ਉਹ ਸਟੀਵੀਆ ਦੀ ਕਾਂਟ੍ਰੈਕਟ ਫਾਰਮਿੰਗ ਕਰਵਾਉਂਦੇ ਹਨ। ਇਨ੍ਹਾਂ ਕਿਸਾਨਾਂ ਨੂੰ ਸਟੀਵੀਆ ਦੇ ਬੀਜ਼ ਦੇ ਕੇ ਬਾਏ-ਬੈਕ ਐਗਰੀਮੈਂਟ ਤਹਿਤ ਉਨ੍ਹਾਂ ਤੋਂ ਇਸਦੀ ਫ਼ਸਲ ਖ਼ੁਦ ਖ਼ਰੀਦਦੇ ਹਨ। ਗਾਂਧੀ ਪ੍ਰਮੁੱਖ ਖੇਤੀਬਾੜੀ ਵਿਗਿਆਨੀ ਡਾ. ਸਵਾਮੀਨਾਥਨ ਤੋਂ ਪੁਰਸਕ੍ਰਿਤ (ਸਨਮਾਨਿਤ) ਹਨ।
ਇਹ ਵੀ ਪੜ੍ਹੋ : ਖੇਡ ਜਗਤ 'ਚ ਸੋਗ ਦੀ ਲਹਿਰ, ਪੰਜਾਬ ਦੇ ਖਿਡਾਰੀ ਦੀ ਅਮਰੀਕਾ 'ਚ ਦਰਦਨਾਕ ਮੌਤ
ਚੀਨ ਸਭ ਤੋਂ ਵੱਡਾ ਉਤਪਾਦਕ, ਜਾਪਾਨ-ਕੋਰੀਆ ਮੁੱਖ ਖਪਤਕਾਰ
ਗਲੋਬਲ ਮਾਰਕੀਟ ਵਿਚ ਸਟੀਵੀਆ ਦੀ ਮੰਗ ਤੇਜ਼ੀ ਨਾਲ ਵਧ ਰਹੀ ਹੈ। 2014 ਵਿਚ ਖੁਰਾਕ ਸਮੱਗਰੀ ਦੇ ਤੌਰ ’ਤੇ ਸਟੀਵੀਆ ਦੀ ਸੰਸਾਰਕ ਖਪਤ ਕਰੀਬ 5,100 ਟਨ ਸੀ, ਜੋ ਹੁਣ ਕਰੀਬ 9,000 ਟਨ ਦਾ ਅੰਕੜਾ ਛੂਹ ਰਹੀ ਹੈ। ਖ਼ਾਸ ਗੱਲ ਇਹ ਹੈ ਕਿ ਜਾਪਾਨ ਅਤੇ ਕੋਰੀਆ ਸਟੀਵੀਆ ਦੇ ਮੁੱਖ ਖਪਤਕਾਰ ਹਨ, ਜਦ ਕਿ ਚੀਨ ਦੁਨੀਆ ਭਰ ਵਿਚ ਇਸਦਾ ਸਭ ਤੋਂ ਵੱਡਾ ਉਤਪਾਦਕ ਹੈ। ਕੌਂਸਲ ਆਫ ਸਾਇੰਟੀਫਿਕ ਐਂਡ ਇੰਡਸਟ੍ਰੀਅਲ ਰਿਸਰਚ ਦੇ ਪਾਲਮਪੁਰ ਸਥਿਤ ਇੰਸਟੀਚਿਊਟ ਆਫ ਹਿਮਾਲੀਅਨ ਬਾਇਓਰਿਸੋਰਸ ਟੈਕਨੋਲਾਜੀ (ਸੀ. ਐੱਸ. ਆਈ. ਆਰ. -ਆਈ. ਐੱਚ. ਬੀ. ਟੀ.) ਨੇ ਬਿਹਤਰ ਉਤਪਾਦਕਤਾ ਅਤੇ ਗੁਣਵੱਤਾ ਲਈ ਕਾਰੋਬਾਰੀ ਫ਼ਸਲ ਵਜੋਂ ਸਟੀਵੀਆ ਨੂੰ ਪੇਸ਼ ਕੀਤਾ ਹੈ।
ਸਟੀਵੀਆ ਦੇ ਫ਼ਾਇਦੇ
ਸਟੀਵੀਆ ਵਿਚ ਐਂਟੀਆਕਸੀਡੈਂਟ ਯੋਗਿਕ ਲਾਵੋਨੋਈਡਸ, ਟ੍ਰਾਈਟਰਪੇਨਸ, ਟੈਨਿਨ, ਕੈਫਿਕ ਐਸਿਡ ਅਤੇ ਕਵੈਕਸੇਟੀਨ ਪਾਏ ਜਾਂਦੇ ਹਨ। ਇਸ ਵਿਚ ਫਾਈਬਰ, ਪ੍ਰੋਟੀਨ, ਆਇਰਨ, ਪੋਟਾਸ਼ੀਅਮ, ਮੈਗਨੀਸ਼ੀਅਮ, ਸੋਡੀਅਮ, ਵਿਟਾਮਿਨ-ਏ ਅਤੇ ਵਿਟਾਮਿਨ-ਸੀ ਵੀ ਸ਼ਾਮਿਲ ਹਨ। ਇਸ ਕਾਰਣ ਇਸ ਨੂੰ ਭਾਰ ਘਟਾਉਣ ਅਤੇ ਹੱਡੀਆਂ ਨੂੰ ਮਜ਼ਬੂਤ ਬਣਾਉਣ ਵਿਚ ਕਾਰਗਰ ਮੰਨਿਆ ਜਾਂਦਾ ਹੈ। ਹਾਈ ਬਲਡ ਪ੍ਰੈਸ਼ਰ ਦੇ ਮਰੀਜ਼ਾਂ ਲਈ ਵੀ ਸਟੀਵਿਆ ਨੂੰ ਠੀਕ ਮੰਨਿਆ ਗਿਆ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ