ਪੰਜਾਬ 'ਚ ਕਿਸਾਨ ਨਾਲ 2,65,75000 ਦੀ ਵੱਡੀ ਠੱਗੀ, ਮਾਮਲਾ ਜਾਣ ਰਹਿ ਜਾਓਗੇ ਹੈਰਾਨ

Wednesday, Aug 13, 2025 - 06:24 PM (IST)

ਪੰਜਾਬ 'ਚ ਕਿਸਾਨ ਨਾਲ 2,65,75000 ਦੀ ਵੱਡੀ ਠੱਗੀ, ਮਾਮਲਾ ਜਾਣ ਰਹਿ ਜਾਓਗੇ ਹੈਰਾਨ

ਮਾਛੀਵਾੜਾ ਸਾਹਿਬ (ਟੱਕਰ) : ਮਾਛੀਵਾੜਾ ਇਲਾਕੇ ਦੇ ਕਿਸਾਨ ਮਹਿੰਦਰ ਸਿੰਘ ਨਾਲ 2 ਕਰੋੜ 65 ਲੱਖ 75 ਹਜ਼ਾਰ ਰੁਪਏ ਦੀ ਵੱਡੀ ਸਾਈਬਰ ਠੱਗੀ ਵੱਜਣ ਦਾ ਮਾਮਲਾ ਸਾਹਮਣੇ ਆਇਆ ਹੈ। ਉਸ ਨੂੰ ਈ.ਡੀ. ਦੇ ਫ਼ਰਜ਼ੀ ਅਧਿਕਾਰੀ ਬਣ ਕੇ ਕਾਲਾਂ ਆਈਆਂ ਜਿਸ ਤਹਿਤ ਵੱਡਾ ਸਕੈਂਡਲ ਨਾਲ ਤਾਰਾਂ ਜੁੜਨ ਦਾ ਡਰਾਵਾ ਦੇ ਕੇ ਉਸ ਕੋਲੋਂ ਵੱਖ-ਵੱਖ ਖਾਤਿਆਂ ਵਿਚ ਪੈਸੇ ਟਰਾਂਸਫਰ ਕਰਵਾ ਲਏ ਗਏ। ਸਾਈਬਰ ਠੱਗੀ ਦਾ ਸ਼ਿਕਾਰ ਹੋਏ ਮਹਿੰਦਰ ਸਿੰਘ ਨੇ ਪੁਲਸ ਕੋਲ ਬਿਆਨ ਦਰਜ ਕਰਵਾਏ ਕਿ ਉਹ ਖੇਤੀਬਾੜੀ ਦਾ ਕੰਮ ਕਰਦਾ ਹੈ ਜਿਸ ਨੂੰ 9 ਜੂਨ 2025 ਨੂੰ ਦੇਰ ਰਾਤ ਇਕ ਫੋਨ ਆਇਆ ਕਿ ਉਹ ਟਰਾਈ (ਟੈਲੀਕਾਮ ਰੈਗੂਲੇਟਰੀ ਅਥਾਰਟੀ ਆਫ਼ ਇੰਡੀਆ) ਦਾ ਮੁਲਾਜ਼ਮ ਬੋਲ ਰਿਹਾ ਹੈ। ਉਸਨੇ ਕਿਹਾ ਕਿ ਇਕ ਨਾਮੀ ਏਅਰਲਾਈਨ ਕੰਪਨੀ ਦੇ ਮਾਲਕ ਘਰ ਜਦੋਂ ਸੀ.ਬੀ.ਆਈ. ਤੇ ਈ.ਡੀ. ਨੇ ਰੇਡ ਮਾਰੀ ਸੀ ਤਾਂ ਉਸ ਦੌਰਾਨ ਉੱਥੋਂ 247 ਏਟੀਐੱਮ ਕਾਰਡ ਤੇ 58 ਕਰੋੜ ਰੁਪਏ ਨਕਦ ਬਰਾਮਦ ਹੋਏ ਸਨ ਅਤੇ ਇਸ ਕੰਪਨੀ ਦੇ ਮਾਲਕ ਨੇ ਕਿਸਾਨ ਮਹਿੰਦਰ ਸਿੰਘ ਦੇ ਜਾਅਲੀ ਬੈਂਕ ਖਾਤੇ ਦਾ ਏ.ਟੀ.ਐੱਮ. ਕਾਰਡ ਵਰਤ ਕੇ ਕਿਸੇ ਨੂੰ ਵੇਚ ਦਿੱਤਾ ਹੈ ਜਿਸ ਕਾਰਨ ਹੁਣ ਤੁਹਾਡੀਆਂ ਸਾਰੀਆਂ ਬੈਂਕ ਡਿਟੇਲਾਂ ਦੀ ਜਾਂਚ ਕੀਤੀ ਜਾਣੀ ਹੈ। ਬਿਆਨਕਰਤਾ ਅਨੁਸਾਰ ਇਸ ਵਿਅਕਤੀ ਨਾਲ ਕਈ ਵਾਰ ਗੱਲ ਹੋਈ ਅਤੇ ਫਿਰ ਉਸ ਨੂੰ ਵਿਜੈ ਖੰਨਾ ਨਾਮਕ ਵਿਅਕਤੀ ਦਾ ਫੋਨ ਆਇਆ ਜਿਸ ਨੇ ਕਿਹਾ ਕਿ ਉਹ ਈ.ਡੀ. (ਇੰਨਫੋਰਸਮੈਂਟ ਡਿਪਾਰਟਮੈਂਟ) ਤੋਂ ਬੋਲ ਰਿਹਾ ਹੈ ਜਿਸ ਨੂੰ ਉਸਦੇ ਸਾਰੇ ਬੈਂਕ ਖਾਤਿਆਂ ਦੀ ਜਾਂਚ ਕਰਨ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਈ.ਡੀ. ਦੇ ਫ਼ਰਜ਼ੀ ਅਧਿਕਾਰੀ ਨੇ ਇਹ ਵੀ ਕਿਹਾ ਕਿ ਜੇਕਰ ਉਸਨੇ ਅੱਗੇ ਕਿਸੇ ਨਾਲ ਗੱਲ ਕੀਤੀ ਤਾਂ ਉਸ ਨੂੰ 2 ਤੋਂ 3 ਸਾਲ ਦੀ ਸਜ਼ਾ ਹੋ ਜਾਵੇਗੀ ਅਤੇ ਨਾਲ ਹੀ ਇਹ ਕਿਹਾ ਕਿ ਤੁਹਾਡੇ ਅਕਾਊਂਟ ਵਿਚ 1.25 ਲੱਖ ਰੁਪਏ ਛੱਡ ਕੇ ਬਾਕੀ ਸਾਰੇ ਪੈਸਿਆਂ ਦੀ ਜਾਂਚ ਕਰਨੀ ਪਵੇਗੀ। 

ਇਹ ਵੀ ਪੜ੍ਹੋ : ਪੰਜਾਬ ਦੇ ਇਸ ਨੈਸ਼ਨਲ ਹਾਈਵੇ 'ਤੇ ਇਕੱਠੇ ਹੋ ਗਏ ਕਿਸਾਨ, ਕੀਤਾ ਪ੍ਰਦਰਸ਼ਨ

ਫਿਰ ਦੂਸਰੇ ਦਿਨ ਇਕ ਮਾਣਯੋਗ ਸੁਪਰੀਮ ਕੋਰਟ ਦਾ ਦਸਤਾਵੇਜ਼ ਵੱਟਸਐਪ ਰਾਹੀਂ ਭੇਜਿਆ ਗਿਆ ਜਿਸ ਵਿਚ ਉਸਨੂੰ ਹਦਾਇਤ ਕੀਤੀ ਗਈ ਕਿ ਉਹ 51 ਲੱਖ ਰੁਪਏ ਡੀ.ਪੀ.ਐੱਸ. ਦੇ ਬੈਂਕ ਦੇ ਖਾਤਾ ਨੰਬਰ ਵਿਚ ਟਰਾਂਸਫਰ ਕਰੇ। ਕਿਸਾਨ ਮਹਿੰਦਰ ਸਿੰਘ ਵਲੋਂ 51 ਲੱਖ ਰੁਪਏ ਈ.ਡੀ. ਦੇ ਫ਼ਰਜ਼ੀ ਅਧਿਕਾਰੀ ਵਲੋਂ ਦੱਸੇ ਖਾਤਾ ਨੰਬਰ ਵਿਚ ਟਰਾਂਸਫਰ ਕਰ ਦਿੱਤੇ ਗਏ। ਇੱਥੇ ਹੀ ਬੱਸ ਨਹੀਂ ਕਿਸਾਨ ਵਲੋਂ ਇਸ ਈ.ਡੀ. ਦੇ ਫ਼ਰਜ਼ੀ ਅਧਿਕਾਰੀ ਵਲੋਂ ਕਹਿਣ ’ਤੇ ਹੋਰ ਕਈ ਵੱਖ-ਵੱਖ ਖਾਤਿਆਂ ਵਿਚ ਕੁੱਲ 2 ਕਰੋੜ 65 ਲੱਖ 75 ਹਜ਼ਾਰ ਰੁਪਏ ਟਰਾਂਸਫਰ ਕਰ ਦਿੱਤਾ ਗਿਆ। ਹੈਰਾਨੀ ਦੀ ਗੱਲ ਇਹ ਵੀ ਰਹੀ ਕਿ ਇਹ ਫ਼ਰਜ਼ੀ ਅਧਿਕਾਰੀ ਜੋ ਕਿ ਕਿਸਾਨ ਵਲੋਂ ਪੈਸੇ ਟਰਾਂਸਫਰ ਕੀਤੇ ਜਾਂਦੇ ਸਨ ਉਸਦੀ ਰਿਸੀਦ ਵੀ ਭੇਜਦਾ ਸੀ ਕਿ ਸਾਡੇ ਵਿਭਾਗ ਨੂੰ ਤੁਹਾਡੇ ਵਲੋਂ ਦਿੱਤੇ ਪੈਸੇ ਮਿਲ ਗਏ ਹਨ। ਕਿਸਾਨ ਮਹਿੰਦਰ ਸਿੰਘ ਨੇ ਬਿਆਨ ਵਿਚ ਦੱਸਿਆ ਕਿ ਇਸ ਸਾਈਬਰ ਠੱਗੀ ਦੌਰਾਨ ਉਸ ਨੂੰ ਈ.ਡੀ. ਦੇ 3 ਵੱਖ-ਵੱਖ ਇੰਚਾਰਜਾਂ ਨੇ ਬਦਲ ਬਦਲ ਕੇ ਫੋਨ ਕੀਤੇ। ਕਿਸਾਨ ਮਹਿੰਦਰ ਸਿੰਘ ਨੂੰ ਜਦੋਂ ਆਪਣੇ ਨਾਲ ਠੱਗੀ ਦਾ ਅਹਿਸਾਸ ਹੋਣ ਲੱਗਾ ਤਾਂ ਉਸਨੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕੀਤਾ ਅਤੇ ਫਿਰ ਪੁਲਸ ਜ਼ਿਲਾ ਖੰਨਾ ਦੇ ਸਾਈਬਰ ਵਿਭਾਗ ਨੂੰ ਸ਼ਿਕਾਇਤ ਦਰਜ ਕਰਵਾਈ। ਪੁਲਸ ਜ਼ਿਲਾ ਖੰਨਾ ਦੇ ਸਾਈਬਰ ਵਿਭਾਗ ਵਲੋਂ ਕਿਸਾਨ ਮਹਿੰਦਰ ਸਿੰਘ ਨਾਲ 2.65 ਕਰੋੜ ਰੁਪਏ ਦੀ ਇਸ ਵੱਡੀ ਠੱਗੀ ਸਬੰਧੀ ਅਣਪਛਾਤੇ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ। 

ਇਹ ਵੀ ਪੜ੍ਹੋ : ਸਿੱਖਿਆ ਮੰਤਰੀ ਨੇ ਕਰ 'ਤੀ ਕਾਰਵਾਈ, ਮੁਅੱਤਲ ਕੀਤਾ ਸਿੱਖਿਆ ਅਧਿਕਾਰੀ

ਬੈਂਕ ਖਾਤਿਆਂ ਦੀ ਜਾਂਚ ਕੀਤੀ ਜਾ ਰਹੀ, ਜਲਦ ਮੁਲਜ਼ਮ ਫੜ ਲਵਾਂਗੇ: ਐੱਸ.ਪੀ.

ਇਸ ਸਬੰਧੀ ਜਦੋਂ ਐੱਸ.ਪੀ. ਪਵਨਜੀਤ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਕਿਸਾਨ ਮਹਿੰਦਰ ਸਿੰਘ ਨਾਲ ਜੋ ਠੱਗੀ ਵੱਜੀ ਹੈ ਉਸ ਸਬੰਧੀ ਮਾਮਲਾ ਦਰਜ ਕਰਕੇ ਉਨ੍ਹਾਂ ਬੈਂਕ ਖਾਤਿਆਂ ਦੀ ਜਾਂਚ ਕੀਤੀ ਜਾ ਰਹੀ ਹੈ ਜਿਸ ਵਿਚ ਇਹ ਪੈਸੇ ਟਰਾਂਸਫਰ ਕੀਤੇ ਗਏ। ਉਨ੍ਹਾਂ ਕਿਹਾ ਕਿ ਸਾਈਬਰ ਵਿਭਾਗ ਦੀਆਂ ਟੀਮਾਂ ਇਸ ਠੱਗੀ ਸਬੰਧੀ ਬਾਰੀਕੀ ਨਾਲ ਜਾਂਚ ਕਰ ਰਹੀਆਂ ਹਨ ਅਤੇ ਜਲਦ ਹੀ ਮੁਲਜ਼ਮ ਫੜ ਲਏ ਜਾਣਗੇ। ਐੱਸ.ਪੀ. ਪਵਨਜੀਤ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਲੋਕ ਇਨ੍ਹਾਂ ਸ਼ਾਤਿਰ ਠੱਗਾਂ ਤੋਂ ਸੁਚੇਤ ਰਹਿਣ ਅਤੇ ਜੇਕਰ ਉਨ੍ਹਾਂ ਨੂੰ ਅਜਿਹੀਆਂ ਕਾਲਾਂ ਆਉਂਦੀਆਂ ਹਨ ਤਾਂ ਉਨ੍ਹਾਂ ਨੂੰ ਅਣਗੌਲਿਆਂ ਕਰਨ ਜਾਂ ਫਿਰ ਤੁਰੰਤ ਸਾਈਬਰ ਵਿਭਾਗ ਦੇ 1930 ਨੰਬਰ ’ਤੇ ਆਪਣੀ ਸ਼ਿਕਾਇਤ ਦਰਜ ਕਰਵਾਉਣ।

ਇਹ ਵੀ ਪੜ੍ਹੋ : ਪੰਜਾਬ ਦੇ ਇਨ੍ਹਾਂ ਜ਼ਿਲ੍ਹਿਆਂ ਲਈ ਖ਼ਤਰੇ ਦੀ ਘੰਟੀ, ਲਗਾਤਾਰ ਵਿਗੜ ਰਹੇ ਹਾਲਾਤ

ਠੱਗਾਂ ਕੋਲ ਲੋਕਾਂ ਦੇ ਬੈਂਕ ਖਾਤਿਆਂ ਦੀ ਡਿਟੇਲ ਕਿਵੇਂ ਪਹੁੰਚ ਰਹੀ?

ਵੱਡੀਆਂ ਸਾਈਬਰ ਠੱਗੀਆਂ ਵਿਚ ਇਹ ਦੇਖਣ ’ਚ ਆਇਆ ਹੈ ਕਿ ਇਹ ਸ਼ਾਤਰ ਠੱਗ ਉਨ੍ਹਾਂ ਨੂੰ ਆਪਣਾ ਨਿਸ਼ਾਨਾ ਬਣਾਉਂਦਾ ਹਨ ਜਿਨ੍ਹਾਂ ਦੇ ਬੈਂਕ ਖਾਤਿਆਂ ਵਿਚ ਕਰੋੜਾਂ ਰੁਪਏ ਦੀ ਰਾਸ਼ੀ ਜਮ੍ਹਾਂ ਪਈ ਹੈ। ਇਸ ਤੋਂ ਪਹਿਲਾਂ ਵੀ ਮਾਛੀਵਾੜਾ ਇਲਾਕੇ ਦੇ ਇਕ ਕਿਸਾਨ ਨਾਲ ਕਰੋੜਾਂ ਰੁਪਏ ਠੱਗੀ ਵੱਜੀ ਜਿਸ ਦੇ ਖਾਤੇ ਵਿਚ ਵੀ ਕਾਫ਼ੀ ਪੈਸੇ ਸਨ। ਇਸ ਮਾਮਲੇ ਵਿਚ ਖੰਨਾ ਪੁਲਸ ਨੇ ਜੋ ਠੱਗ ਫੜੇ ਉਹ ਇਕ ਬੈਂਕ ਮੁਲਾਜ਼ਮ ਨਿਕਲਿਆ। ਹੁਣ ਦੂਜੀ ਠੱਗੀ ਫਿਰ ਮਾਛੀਵਾੜਾ ਇਲਾਕੇ ਦੇ ਕਿਸਾਨ ਨਾਲ ਕਰੋੜਾਂ ਰੁਪਏ ਦੀ ਵੱਜੀ ਜਿਸ ਦੇ ਖਾਤੇ ਵਿਚ ਵੀ ਕਾਫ਼ੀ ਰਾਸ਼ੀ ਪਈ ਜਿਸ ਕਾਰਨ ਇਹ ਵੱਡਾ ਸਵਾਲ ਹੋ ਗਿਆ ਕਿ ਠੱਗਾਂ ਕੋਲ ਬੈਂਕ ਖਾਤਿਆਂ ਦੀ ਡਿਟੇਲ ਕਿਵੇਂ ਪਹੁੰਚਦੀ ਹੈ ਜਿਸ ਨੂੰ ਰੋਕਣ ਲਈ ਬੈਂਕਾਂ ਨੂੰ ਵੀ ਸਖ਼ਤ ਕਦਮ ਉਠਾਉਣੇ ਪੈਣਗੇ।

ਇਹ ਵੀ ਪੜ੍ਹੋ : ਵੱਡੀ ਵਾਰਦਾਤ ਨਾਲ ਕੰਬਿਆ ਜਲੰਧਰ, ਪਰਿਵਾਰ ਦੇ ਸਾਹਮਣੇ ਨੌਜਵਾਨ ਦਾ ਕਤਲ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇
https://whatsapp.com/channel/0029Va94hsaHAdNVur4L170e


author

Gurminder Singh

Content Editor

Related News