ਪੁਲਸ ਨੇ ਗ੍ਰਿਫ਼ਤਾਰ ਕੀਤੇ ਪਿਓ-ਪੁੱਤ, ਕਰਤੂਤ ਜਾਣ ਹੋਵੇਗੀ ਹੈਰਾਨੀ

Saturday, Aug 09, 2025 - 01:47 PM (IST)

ਪੁਲਸ ਨੇ ਗ੍ਰਿਫ਼ਤਾਰ ਕੀਤੇ ਪਿਓ-ਪੁੱਤ, ਕਰਤੂਤ ਜਾਣ ਹੋਵੇਗੀ ਹੈਰਾਨੀ

ਨਾਭਾ (ਖੁਰਾਣਾ, ਭੂਪਾ) : ਨਸ਼ਿਆਂ ਖਿਲਾਫ ਛੇੜੀ ਮੁਹਿੰਮ ਤਹਿਤ ਨਾਭਾ ਦੀ ਪੁਲਸ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ, ਜਦੋਂ ਨਾਭਾ ਪੁਲਸ ਵੱਲੋਂ ਪਿਓ-ਪੁੱਤ ਕੋਲੋਂ ਨਸ਼ੇ ਵਾਲੀਆਂ ਗੋਲੀਆਂ ਦੀ ਖੇਪ ਅਤੇ ਡਰੱਗ ਮਨੀ ਬਰਾਮਦ ਕਰਨ ਦਾ ਦਾਅਵਾ ਕੀਤਾ ਗਿਆ। ਐੱਸ. ਐੱਚ. ਓ. ਕੋਤਵਾਲੀ ਨਾਭਾ ਸਰਬਜੀਤ ਸਿੰਘ ਚੀਮਾ ਦੀ ਹਾਜ਼ਰੀ ’ਚ ਡੀ. ਐੱਸ. ਪੀ. ਮਨਦੀਪ ਕੌਰ ਚੀਮਾ ਨੇ ਦੱਸਿਆ ਕਿ ਨਾਭਾ ਕੋਤਵਾਲੀ ਪੁਲਸ ਨੂੰ ਖੁਫੀਆ ਜਾਣਕਾਰੀ ਮਿਲੀ ਕਿ ਨਾਭਾ ਦੇ ਅਲੌਹਰਾਂ ਗੇਟ ਸਥਿਤ ਇਕ ਕੈਮਿਸਟ ਦੀ ਦੁਕਾਨ ’ਤੇ ਨਸ਼ੇ ਵਾਲੀਆਂ ਗੋਲੀਆਂ ਧੜੱਲੇ ਨਾਲ ਵੇਚੀਆਂ ਜਾ ਰਹੀਆਂ ਹਨ। ਕੋਤਵਾਲੀ ਦੇ ਐੱਸ. ਐੱਚ. ਓ. ਸਰਬਜੀਤ ਸਿੰਘ ਚੀਮਾ ਅਤੇ ਡੀ. ਐੱਸ. ਪੀ. ਅਤੇ ਡਰੱਗ ਇੰਸਪੈਕਟਰ ਦੀ ਸਾਂਝੀ ਟੀਮ ਵੱਲੋਂ ਜਦੋਂ ਉਕਤ ਕੈਮਿਸਟ ਦੀ ਦੁਕਾਨ ’ਤੇ ਛਾਪਾਮਾਰੀ ਕੀਤੀ ਗਈ ਤਾਂ ਕਥਿਤ ਮੁਲਜ਼ਮਾਂ ਪਾਸੋਂ ਨਸ਼ੇ ਵਾਲੀਆਂ ਗੋਲੀਆਂ ਅਤੇ ਡਰੱਗ ਮਨੀ ਬਰਾਮਦ ਹੋਈ। ਮੁਲਜ਼ਮਾਂ ਦੀ ਪਛਾਣ ਮਨਪ੍ਰੀਤ ਸਿੰਘ ਅਤੇ ਪ੍ਰਤਾਪ ਸਿੰਘ ਵਾਸੀਆਨ ਪਾਂਡੂਸਰ ਮੁਹੱਲਾ ਨਾਭਾ ਦੇ ਰੂਪ ’ਚ ਹੋਈ ਹੈ।

ਉਪਰੋਕਤ ਪੁਲਸ ਅਤੇ ਡਰੱਗ ਇੰਸਪੈਕਟਰ ਦੀ ਸਾਂਝੀ ਟੀਮ ਵੱਲੋਂ ਜਦੋਂ ਮੁਕਤ ਮੁਲਜ਼ਮਾਂ ਕੋਲੋਂ ਪੁੱਛਗਿੱਛ ਕੀਤੀ ਗਈ ਤਾਂ ਉਨ੍ਹਾਂ ਮੰਨਿਆ ਕਿ ਉਹ ਲੰਬੇ ਸਮੇਂ ਤੋਂ ਨਸ਼ੇ ਦੀਆਂ ਗੋਲੀਆਂ ਵੇਚਣ ਦਾ ਵਪਾਰ ਕਰ ਰਹੇ ਹਨ। ਮੁਲਜ਼ਮਾਂ ਦੀ ਨਿਸ਼ਾਨਦੇਹੀ ’ਤੇ ਜਦੋਂ ਉਕਤ ਪਿਓ-ਪੁੱਤ ਦੇ ਘਰ ਤਲਾਸ਼ੀ ਲਈ ਗਈ ਤਾਂ ਉੱਥੋਂ 11740 ਨਸ਼ੇ ਵਾਲੀਆਂ ਗੋਲੀਆਂ ਨਾਲ 2 ਲੱਖ 7 ਹਜ਼ਾਰ ਰੁਪਏ ਡਰੱਗ ਮਨੀ ਬਰਾਮਦ ਕੀਤੀ ਗਈ।

ਐੱਸ. ਐੱਚ. ਓ. ਕੋਤਵਾਲੀ ਇੰਸਪੈਕਟਰ ਸਰਬਜੀਤ ਸਿੰਘ ਚੀਮਾ ਨੇ ਦੱਸਿਆ ਕਿ ਉਕਤ ਪਿਓ-ਪੁੱਤ ਤੋਂ ਬਰਾਮਦ ਨਸ਼ੇ ਵਾਲੀਆਂ ਗੋਲੀਆਂ ’ਚ ਟਰਾਮਾਡੋਲ ਅਤੇ ਐਲਪਰੋਜਮ ਜਿਹੀਆਂ ਪਾਬੰਦੀਸ਼ੁਦਾ ਨਸ਼ੇ ਵਾਲੀਆਂ ਗੋਲੀਆਂ ਬਰਾਮਦ ਹੋਈਆਂ ਹਨ, ਜਿਸ ਕਾਰਨ ਨਾਭਾ ਪੁਲਸ ਵੱਲੋਂ ਉਕਤ ਪਿਓ-ਪੁੱਤ ਨੂੰ ਤੁਰੰਤ ਹਿਰਾਸਤ ’ਚ ਲੈ ਕੇ ਐੱਨ. ਡੀ. ਪੀ. ਐੱਸ. ਦੀ ਧਾਰਾ 22 ਅਤੇ 29 ਅਧੀਨ ਮਾਮਲਾ ਦਰਜ ਕਰ ਲਿਆ ਗਿਆ ਹੈ।


author

Gurminder Singh

Content Editor

Related News