ਅੱਜ ਮਿਲੇਗਾ ਸ਼ਹਿਰ ਨੂੰ ਦੂਜਾ ਟਰਾਮਾ ਸੈਂਟਰ, ਮਰੀਜ਼ਾਂ ਨੂੰ ਮਿਲੇਗੀ ਰਾਹਤ
Friday, Aug 08, 2025 - 09:43 AM (IST)

ਚੰਡੀਗੜ੍ਹ (ਪਾਲ) : ਚੰਡੀਗੜ੍ਹ ਹੀ ਨਹੀਂ ਸਗੋਂ ਨੇੜਲੇ ਖੇਤਰਾਂ ਲਈ ਵੀ ਰਾਹਤ ਦੀ ਗੱਲ ਹੈ ਕਿ ਜੀ. ਐੱਮ. ਸੀ. ਐੱਚ. 'ਚ ਇੱਕ ਨਵਾਂ ਐਮਰਜੈਂਸੀ ਕਮ ਟਰਾਮਾ ਸੈਂਟਰ ਬਣ ਕੇ ਤਿਆਰ ਹੋ ਗਿਆ ਹੈ। ਰਾਜਪਾਲ ਸ਼ੁੱਕਰਵਾਰ ਨੂੰ ਇਸਦਾ ਉਦਘਾਟਨ ਕਰਨਗੇ। ਇਹ ਸ਼ਹਿਰ ਦਾ ਦੂਜਾ ਸਮਰਪਿਤ ਟਰੌਮਾ ਸੈਂਟਰ ਹੋਵੇਗਾ। ਸਵੇਰੇ 10 ਵਜੇ ਉਦਘਾਟਨ ਤੋਂ ਬਾਅਦ ਰਾਜਪਾਲ ਮੁੱਖ ਮਹਿਮਾਨ ਵਜੋਂ ਜੀ. ਐੱਮ. ਸੀ. ਐੱਚ. ਦੇ ਬਲਾਕ-ਓ ਵਿਚ ਆਯੋਜਿਤ 11ਵੇਂ ਕਨਵੋਕੇਸ਼ਨ ਵਿਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਣਗੇ। ਇਹ ਸਮਾਰੋਹ ਇਸ ਸੰਸਥਾ ਦਾ ਪਹਿਲਾ ਸਾਂਝਾ ਕਨਵੋਕੇਸ਼ਨ ਹੋਵੇਗਾ, ਜਿਸ ਵਿਚ ਇੱਕੋ ਪਲੇਟਫਾਰਮ ’ਤੇ ਵੱਖ-ਵੱਖ ਕੋਰਸਾਂ ਦੇ ਵਿਦਿਆਰਥੀਆਂ ਨੂੰ ਡਿਗਰੀਆਂ ਦਿੱਤੀਆਂ ਜਾਣਗੀਆਂ। ਕਨਵੋਕੇਸ਼ਨ ਸਮਾਰੋਹ ਸਵੇਰੇ 10:30 ਵਜੇ ਸ਼ੁਰੂ ਹੋਵੇਗਾ। ਕੋਵਿਡ ਕਾਰਨ ਜੀ. ਐੱਮ. ਸੀ. ਐੱਚ. ਦਾ ਟਰਾਮਾ ਸ਼ੁਰੂ ਕਰਨ ਵਿਚ ਦੇਰੀ ਹੋਈ। ਇਹ ਨਵਾਂ ਬਲਾਕ ਐਮਰਜੈਂਸੀ ਅਤੇ ਟਰਾਮਾ ਸੇਵਾਵਾਂ ਵਿਚ ਵੱਡਾ ਬਦਲਾਅ ਲਿਆਏਗਾ। ਇਸ ਸਮੇਂ ਜੇਕਰ ਅਸੀਂ ਤਿੰਨ ਵੱਡੇ ਹਸਪਤਾਲ ਪੀ.ਜੀ.ਆਈ., ਘੱਟ ਐਮਰਜੈਂਸੀ ਵਾਲੇ 16 ਹਸਪਤਾਲ ਅਤੇ 32 ਹਸਪਤਾਲਾਂ ਦੀ ਗੱਲ ਕਰੀਏ, ਤਾਂ ਟਰਾਮਾ ਅਤੇ ਐਮਰਜੈਂਸੀ ਵਿਚ ਕੁੱਲ 320 ਬੈੱਡ ਹਨ, ਪਰ ਮਰੀਜ਼ਾਂ ਦੀ ਗਿਣਤੀ 2-3 ਗੁਣਾ ਜ਼ਿਆਦਾ ਹੈ।
ਸ਼ਹਿਰ ਦੇ ਤਿੰਨ ਹਸਪਤਾਲਾਂ ਦੇ ਟਰਾਮਾ ਸੈਂਟਰਾਂ ਦੀ ਹਾਲਤ
ਸ਼ਹਿਰ ਦੇ ਤਿੰਨ ਵੱਡੇ ਹਸਪਤਾਲਾਂ ਵਿਚ ਐਮਰਜੈਂਸੀ ਅਤੇ ਟਰਾਮਾ ਸਹੂਲਤਾਂ ਹਨ, ਪਰ ਮਰੀਜ਼ਾਂ ਦਾ ਬੋਝ ਇੰਨਾ ਵੱਧ ਗਿਆ ਹੈ ਕਿ ਮੌਜੂਦਾ ਸਿਸਟਮ ਲਗਾਤਾਰ ਢਹਿ-ਢੇਰੀ ਹੋ ਰਿਹਾ ਹੈ। ਪੀ. ਜੀ. ਆਈ. ਵਿਚ 100 ਬਿਸਤਰਿਆਂ ਵਾਲੇ ਐਮਰਜੈਂਸੀ ਅਤੇ ਟਰਾਮਾ ਯੂਨਿਟ ਹਨ, ਪਰ ਔਸਤਨ 250 ਤੋਂ 300 ਮਰੀਜ਼ ਇੱਥੇ ਹਰ ਰੋਜ਼ ਪਹੁੰਚਦੇ ਹਨ। ਸੈਕਟਰ 16 ਜੀ.ਐੱਮ.ਐੱਸ.ਐੱਚ. ਵਿਚ ਵੀ ਸਿਰਫ਼ 70 ਬਿਸਤਰਿਆਂ ਦੀ ਸਹੂਲਤ ਹੈ, ਜਦੋਂ ਕਿ ਆਉਣ ਵਾਲੇ ਮਰੀਜ਼ਾਂ ਦੀ ਗਿਣਤੀ ਰੋਜ਼ਾਨਾ 100 ਤੋਂ ਵੱਧ ਹੈ। ਜੀ. ਐੱਮ. ਸੀ.ਐੱਚ.-32 ਵਿਚ ਸਿਰਫ਼ 50 ਬਿਸਤਰੇ ਹਨ ਪਰ ਹਰ ਰੋਜ਼ ਲਗਭਗ 120 ਮਰੀਜ਼ ਦਾਖਲ ਹੁੰਦੇ ਹਨ।
42.65 ਕਰੋੜ ਦੀ ਲਾਗਤ, ਦੋ ਸਾਲਾਂ ਦੀ ਦੇਰੀ ਤੋਂ ਬਾਅਦ ਹੁਣ ਤਿਆਰ
283 ਬਿਸਤਰਿਆਂ ਵਾਲੀ ਸਹੂਲਤ ਹੈ। ਨਾਜ਼ੁਕ ਮਰੀਜ਼ਾਂ ਲਈ ਆਈ. ਸੀ. ਯੂ., ਸਥਿਰ ਸਥਿਤੀ ਵਿਚ ਆਉਣ ਵਾਲੇ ਮਰੀਜ਼ਾਂ ਲਈ ਵੱਖਰਾ ਵਾਰਡ, ਛੂਤ ਵਾਲੇ ਮਰੀਜ਼ਾਂ ਲਈ ਆਈਸੋਲੇਸ਼ਨ ਯੂਨਿਟ ਅਤੇ ਤੁਰਨ ਵਾਲੇ ਮਰੀਜ਼ਾਂ ਲਈ ਐਂਬੂਲੇਟਰੀ ਦੇਖਭਾਲ ਦਾ ਵੱਖਰਾ ਪ੍ਰਬੰਧ। ਇਲਾਜ ਨੂੰ ਤੇਜ਼ ਅਤੇ ਸਹੀ ਬਣਾਉਣ ਲਈ ਇੱਥੇ ਡਿਜੀਟਲ ਐਕਸ-ਰੇ, ਸੀਟੀ ਸਕੈਨ, ਐੱਮ.ਆਰ.ਆਈ. ਅਤੇ ਕਲੀਨਿਕਲ ਲੈਬ ਵਰਗੀਆਂ ਇਮੇਜਿੰਗ ਸਹੂਲਤਾਂ ਵੀ ਉਪਲਬਧ ਹਨ। ਤੁਰੰਤ ਸਰਜਰੀ ਦੀ ਲੋੜ ਪੈਣ ’ਤੇ ਇੱਥੇ ਦੋ ਵੱਡੇ ਆਪ੍ਰੇਸ਼ਨ ਥੀਏਟਰ ਅਤੇ ਇੱਕ ਮਾਈਨਰ ਓ.ਟੀ. ਵੀ ਬਣਾਇਆ ਗਿਆ ਹੈ। ਇੱਕ ਪੋਸਟ ਆਪਰੇਟਿਵ ਵਾਰਡ ਵੀ ਹੋਵੇਗਾ। ਇੱਕ ਦੋ ਮੰਜ਼ਿਲਾ ਬੇਸਮੈਂਟ ਪਾਰਕਿੰਗ ਬਣਾਈ ਗਈ ਹੈ, ਜਿੱਥੇ 60 ਕਾਰਾਂ ਅਤੇ 144 ਦੋਪਹੀਆ ਵਾਹਨ ਪਾਰਕ ਕੀਤੇ ਜਾ ਸਕਦੇ ਹਨ। ਇਸ ਟਰਾਮਾ ਬਲਾਕ ਦਾ ਨੀਂਹ ਪੱਥਰ 2019 ਵਿਚ ਰੱਖਿਆ ਗਿਆ ਸੀ। ਇਸਨੂੰ ਕੁੱਲ 42.65 ਕਰੋੜ ਰੁਪਏ ਦੀ ਲਾਗਤ ਨਾਲ ਬਣਾਇਆ ਗਿਆ ਹੈ।