ਸਪਰੇਅ ਨਾਲ ਬੇਹੋਸ਼ ਕਰ ਕੇ ਘਰ ''ਚ ਕੀਤੀ ਚੋਰੀ

Monday, Jun 11, 2018 - 06:07 AM (IST)

ਲੁਧਿਆਣਾ, (ਰਿਸ਼ੀ)- ਥਾਣਾ ਦੁੱਗਰੀ ਦੇ ਇਲਾਕੇ ਨਿਰਮਲ ਨਗਰ 'ਚ ਪਰਿਵਾਰ ਨੂੰ ਸਪਰੇਅ ਨਾਲ ਬੇਹੋਸ਼ ਕਰ ਕੇ ਚੋਰ ਘਰ ਪਏ ਲੱਖਾਂ ਦੇ ਸਾਮਾਨ 'ਤੇ ਹੱਥ ਸਾਫ ਕਰ ਗਏ। ਇਸ ਮਾਮਲੇ 'ਚ ਪੁਲਸ ਅਣਪਛਾਤੇ ਚੋਰਾਂ ਖਿਲਾਫ ਧਾਰਾ 457, 380 ਤਹਿਤ ਕੇਸ ਦਰਜ ਕਰ ਕੇ ਜਾਂਚ 'ਚ ਜੁਟ ਗਈ ਹੈ। 
ਜਾਣਕਾਰੀ ਦਿੰਦਿਆਂ ਘਰ ਦੇ ਮਾਲਕ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਉਹ ਲੇਬਰ ਦਾ ਕੰਮ ਕਰਦਾ ਹੈ। ਉਸ ਦੀ ਪਤਨੀ ਅਤੇ ਛੋਟੀ ਬੇਟੀ ਪਿੰਡ ਗਏ ਹੋਏ ਹਨ। 7 ਜੂਨ ਰਾਤ ਲਗਭਗ 2 ਵਜੇ ਉਹ ਆਪਣੇ ਕਮਰੇ ਵਿਚ ਸੌਣ ਚਲਾ ਗਿਆ। ਜਦੋਂਕਿ ਵੱਡਾ ਬੇਟਾ ਅਤੇ ਬੇਟੀ ਛੱਤ 'ਤੇ ਸੁੱਤੇ ਪਏ ਸਨ। ਸਵੇਰੇ ਲਗਭਗ 5.30 ਵਜੇ ਬੇਟੇ ਨੇ ਉੱਠ ਕੇ ਹੇਠਾਂ ਆ ਕੇ ਦੇਖਿਆ ਤਾਂ ਘਰ ਦਾ ਸਾਰਾ ਸਾਮਾਨ ਖਿੱਲਰਿਆ ਪਿਆ ਸੀ ਅਤੇ ਉਸ ਦਾ ਸਿਰ ਚਕਰਾਅ ਰਿਹਾ ਸੀ। ਸੁਖਵਿੰਦਰ ਅਨੁਸਾਰ ਛੱਤ ਦੇ ਰਸਤਿਓਂ ਘਰ 'ਚ ਦਾਖਲ ਹੋਏ ਚੋਰ ਸਾਰਿਆਂ ਨੂੰ ਬੇਹੋਸ਼ ਕਰ ਕੇ 3 ਮੋਬਾਇਲ ਫੋਨ, 15 ਹਜ਼ਾਰ ਕੈਸ਼, ਸੋਨੇ ਦੀ ਚੇਨ, ਅੰਗੂਠੀ, ਲੈਪਟਾਪ ਅਤੇ ਹੋਰ ਸਾਮਾਨ ਲੈ ਗਏ। 

ਮੁਹੱਲੇ ਦੇ ਕੈਮਰੇ 'ਚ ਕੈਦ ਇਕ ਚੋਰ 
ਪੀੜਤ ਅਨੁਸਾਰ ਉਨ੍ਹਾਂ ਦੇ ਮੁਹੱਲੇ 'ਚ ਇਕ ਜਗ੍ਹਾ ਕੈਮਰਾ ਲੱਗਿਆ ਹੋਇਆ ਹੈ, ਜਿਸ ਵਿਚ ਦਿਖਾਈ ਦੇ ਰਿਹਾ ਹੈ ਕਿ ਸਵੇਰੇ 4.10 ਵਜੇ ਇਕ ਨੌਜਵਾਨ ਮੋਟਰਸਾਈਕਲ 'ਤੇ ਉਨ੍ਹਾਂ ਦੇ ਘਰ ਵੱਲੋਂ ਗੁਜ਼ਰ ਰਿਹਾ ਹੈ, ਜਿਸ 'ਤੇ ਉਨ੍ਹਾਂ ਨੂੰ ਸ਼ੱਕ ਹੈ ਪਰ ਫੁਟੇਜ ਵਿਚ ਉਸ ਦਾ ਚਿਹਰਾ ਸਾਫ ਨਹੀਂ ਦਿਖਾਈ ਦੇ ਰਿਹਾ।

ਇਕੋ ਵਾਰੀ ਤਿੰਨ ਘਰਾਂ 'ਚ ਚੋਰੀ
ਚੋਰਾਂ ਵਲੋਂ ਇਕੋ ਵਾਰੀ ਤਿੰਨ ਘਰਾਂ ਵਿਚ ਚੋਰੀ ਕੀਤੀ ਗਈ। ਸੁਖਵਿੰਦਰ ਦੇ ਘਰ ਚੋਰੀ ਕਰਨ ਤੋਂ ਬਾਅਦ ਚੋਰ ਗੁਆਂਢ ਦੇ ਦੋ ਘਰਾਂ 'ਚ ਵੀ ਛੱਤ ਦੇ ਰਸਤਿਓਂ ਦਾਖਲ ਹੋ ਕੇ 5 ਮੋਬਾਇਲ ਫੋਨ ਚੋਰੀ ਕਰ ਕੇ ਲੈ ਗਏ। ਚੋਰਾਂ ਨੇ ਗੁਆਂਢੀ ਵਿਕਰਮਜੀਤ ਸਿੰਘ ਦੇ ਘਰੋਂ 3 ਅਤੇ ਪਰਮਜੀਤ ਸਿੰਘ ਦੇ ਘਰੋਂ 2 ਮੋਬਾਇਲ ਫੋਨ ਚੋਰੀ ਕੀਤੇ। 
5.30 ਵਜੇ ਕੀਤਾ ਕੰਟਰੋਲ ਰੂਮ 'ਤੇ ਫੋਨ, ਡੇਢ ਘੰਟੇ ਬਾਅਦ ਆਇਆ ਡਿਊਟੀ ਅਫਸਰ
ਪੀੜਤ ਅਨੁਸਾਰ ਉਨ੍ਹਾਂ ਨੇ 5.30 ਵਜੇ ਪੁਲਸ ਕੰਟਰੋਲ ਰੂਮ 'ਤੇ ਫੋਨ ਕੀਤਾ ਤਾਂ ਪੀ. ਸੀ. ਆਰ. ਮੁਲਾਜ਼ਮ ਮੌਕੇ 'ਤੇ ਪਹੁੰਚ ਗਏ ਅਤੇ ਡਿਊਟੀ ਅਫਸਰ ਦੇ ਆਉਣ ਦੀ ਗੱਲ ਕਹਿ ਕੇ ਚਲੇ ਗਏ। ਲਗਭਗ ਡੇਢ ਘੰਟੇ ਬਾਅਦ ਡਿਊਟੀ ਅਫਸਰ ਆਇਆ ਅਤੇ ਡਿਟੇਲ ਨੋਟ ਕਰਨ ਲੱਗ ਪਿਆ। ਪੀੜਤ ਅਨੁਸਾਰ ਉਨ੍ਹਾਂ ਦੇ ਤਿੰਨ ਮੋਬਾਇਲ ਨੰਬਰਾਂ 'ਚੋਂ ਦੋ ਨੰਬਰ ਉਸ ਸਮੇਂ ਆਨ ਸਨ, ਜਿਨ੍ਹਾਂ 'ਤੇ ਏ. ਐੱਸ. ਆਈ. ਨੇ ਖੁਦ ਵੀ ਫੋਨ ਕੀਤਾ ਪਰ ਕਿਸੇ ਨੇ ਫੋਨ ਨਹੀਂ ਚੁੱਕਿਆ। ਉਨ੍ਹਾਂ ਨੇ ਉਸੇ ਸਮੇਂ ਨੰਬਰ ਨੂੰ ਟਰੇਸ 'ਤੇ ਲਾਉਣ ਦੀ ਗੱਲ ਕਹੀ ਪਰ ਏ. ਐੱਸ. ਆਈ. ਨੇ ਇਕ ਨਾ ਸੁਣੀ ਅਤੇ ਸਵੇਰੇ 9 ਵਜੇ ਦੋਵੇਂ ਨੰਬਰ ਬੰਦ ਹੋ ਗਏ।


Related News