ਸ੍ਰੀ ਹੇਮਕੁੰਟ ਸਾਹਿਬ ਯਾਤਰਾ 'ਤੇ ਨਿਕਲੇ ਨੌਜਵਾਨ ਨਾਲ ਵਾਪਰੀ ਅਣਹੋਣੀ! ਮੰਜੀ ਸਾਹਿਬ ਨੇੜੇ ਹੋਈ ਦਰਦਨਾਕ ਮੌਤ

Wednesday, Jun 10, 2026 - 04:57 PM (IST)

ਸ੍ਰੀ ਹੇਮਕੁੰਟ ਸਾਹਿਬ ਯਾਤਰਾ 'ਤੇ ਨਿਕਲੇ ਨੌਜਵਾਨ ਨਾਲ ਵਾਪਰੀ ਅਣਹੋਣੀ! ਮੰਜੀ ਸਾਹਿਬ ਨੇੜੇ ਹੋਈ ਦਰਦਨਾਕ ਮੌਤ

ਖੰਨਾ (ਵਿਪਨ): ਸ੍ਰੀ ਹੇਮਕੁੰਟ ਸਾਹਿਬ ਯਾਤਰਾ 'ਤੇ ਨਿਕਲੇ ਲੁਧਿਆਣਾ ਦੇ ਇਕ ਨੌਜਵਾਨ ਦੀ ਖੰਨਾ 'ਚ ਸੜਕ ਹਾਦਸੇ ਦੌਰਾਨ ਮੌਤ ਹੋ ਗਈ। ਹਾਦਸਾ ਜੀ. ਟੀ. ਰੋਡ ਸਥਿਤ ਮੰਜੀ ਸਾਹਿਬ ਨੇੜੇ ਵਾਪਰਿਆ, ਜਿੱਥੇ ਮੋਟਰਸਾਈਕਲ ਬੇਕਾਬੂ ਹੋ ਕੇ ਸੜਕ ਕੰਢੇ ਲੱਗੀ ਰੇਲਿੰਗ ਨਾਲ ਜਾ ਟਕਰਾਇਆ। ਹਾਦਸੇ ਵਿਚ ਨੌਜਵਾਨ ਦੀ ਮੌਕੇ 'ਤੇ ਹੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ 23 ਸਾਲਾ ਜਤਿੰਦਰ ਸਿੰਘ ਵਾਸੀ ਪ੍ਰਤਾਪ ਸਿੰਘ ਰੋਡ, ਹੈਬੋਵਾਲ (ਲੁਧਿਆਣਾ) ਵਜੋਂ ਹੋਈ ਹੈ। 

ਜਾਣਕਾਰੀ ਮੁਤਾਬਕ ਲੁਧਿਆਣਾ ਤੋਂ ਤਕਰੀਬਨ 30 ਨੌਜਵਾਨ ਮੋਟਰਸਾਈਕਲਾਂ 'ਤੇ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਲਈ ਰਵਾਨਾ ਹੋਏ ਸਨ। ਜਦੋਂ ਜੱਥਾ ਖੰਨਾ 'ਚ ਮੰਜੀ ਸਾਹਿਬ ਨੇੜੇ ਪਹੁੰਚਿਆ ਤਾਂ ਸੜਕ 'ਤੇ ਪਏ ਟੋਏ ਕਾਰਨ ਜਤਿੰਦਰ ਸਿੰਘ ਦਾ ਮੋਟਰਸਾਈਕਲ ਅਚਾਨਕ ਬੇਕਾਬੂ ਹੋ ਗਿਆ।  ਸੰਤੁਲਨ ਵਿਗੜਣ ਮਗਰੋਂ ਬਾਈਕ ਰੇਲਿੰਗ ਨਾਲ ਟਕਰਾ ਗਈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਜਤਿੰਦਰ ਦੀ ਧੋਣ 'ਤੇ ਗੰਭੀਰ ਸੱਟ ਲੱਗੀ ਤੇ ਉਸ ਦੀ ਮੌਕੇ 'ਤੇ  ਹੀ ਮੌਤ ਹੋ ਗਈ। ਘਟਨਾ ਮਗਰੋਂ ਸਾਥੀ ਯਾਤਰੀਆਂ ਨੇ ਤੁਰੰਤ ਪੁਲਸ ਨੂੰ ਸੂਚਨਾ ਦਿੱਤੀ। ਪੁਲਸ ਨੇ ਮੌਕੇ 'ਤੇ ਪਹੁੰਚ  ਕੇ ਲਾਸ਼ ਨੂੰ ਕਬਜ਼ੇ ਵਿਚ ਲੈ ਲਿਆ ਤੇ ਸਿਵਲ ਹਸਪਤਾਲ ਪਹੁੰਚਾਇਆ। ਪੁਲਸ ਚੌਕੀ ਕੋਰਟ ਦੇ ਮੁਖੀ ਕਰਮਜੀਤ ਸਿੰਘ ਨੇ ਦੱਸਿਆ ਕਿ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਅਧਾਰ 'ਤੇ ਧਾਰਾ 194 ਬੀ. ਐੱਨ. ਐੱਸ. ਦੇ ਤਹਿਤ ਕਾਰਵਾਈ ਕਰਨ ਮਗਰੋਂ ਪੋਸਟਮਾਰਟਮ ਮਗਰੋਂ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਗਈ ਹੈ।

ਨਵੇਂ ਘਰ 'ਚ ਰਹਿਣ ਦਾ ਸੁਪਨਾ ਅਧੂਰਾ ਛੱਡ ਗਿਆ ਜਤਿੰਦਰ

23 ਸਾਲਾ ਜਤਿੰਦਰ ਸਿੰਘ ਪੇਸ਼ੇ ਤੋਂ ਇਲੈਕਟ੍ਰੀਸ਼ੀਅਨ ਸੀ ਤੇ ਇਕ ਸਧਾਰਨ ਪਰਿਵਾਰ ਨਾਲ ਸਬੰਧਤ ਸੀ। ਪਰਿਵਾਰ ਕਈ ਸਾਲਾਂ ਤੋਂ ਕਿਰਾਏ ਦੇ ਮਕਾਨ ਵਿਚ ਰਹਿ ਰਿਹਾ ਸੀ। ਨਿੱਕੀ ਉਮਰੇ ਹੀ ਉਸ ਨੇ ਘਰ ਦੀ ਜ਼ਿੰਮੇਵਾਰੀ ਆਪਣੇ ਮੋਢਿਆਂ 'ਤੇ ਲੈ ਲਈ ਸੀ। ਮਿਹਨਤ-ਮਜ਼ਦੂਰੀ ਕਰ ਕੇ ਉਹ ਪਰਿਵਾਰ ਦਾ ਪਾਲਣ-ਪੋਸ਼ਣ ਕਰ ਰਿਹਾ ਸੀ। ਪਰਿਵਾਰ ਮੁਤਾਬਕ, ਜਤਿੰਦਰ ਪਿਛਲੇ ਕੁਝ ਸਮੇਂ ਤੋਂ ਆਪਣੇ ਮਾਪਿਆਂ ਲਈ ਛੋਟਾ ਜਿਹਾ ਘਰ ਬਣਵਾ ਰਿਹਾ ਸੀ। ਦਿਨ-ਰਾਤ ਮਿਹਨਤ ਕਰ ਕੇ ਉਸ ਨੇ ਜੋ ਵੀ ਬਚਤ ਕੀਤੀ ਸੀ, ਉਸ ਨੂੰ ਆਪਣਾ ਘਰ ਬਣਾਉਣ ਵਿਚ ਲਗਾ ਦਿੱਤਾ। ਘਰ ਦਾ ਨਿਰਮਾਣ ਕਾਰਜ ਅਜੇ ਵੀ ਜਾਰੀ ਸੀ ਤੇ ਪਰਿਵਾਰ ਛੇਤੀ ਹੀ ਨਵੇਂ ਮਕਾਨ ਵਿਚ ਰਹਿਣ ਦੇ ਸੁਪਨੇ ਸੰਜੋਈ ਬੈਠਾ ਸੀ, ਪਰ ਹੋਣੀ ਨੂੰ ਕੁਝ ਹੋਰ ਹੀ ਮਨਜ਼ੂਰ ਸੀ। 
 


author

Anmol Tagra

Content Editor

Related News