ਲੁਧਿਆਣਾ ''ਚ 5 ਸਾਲਾ ਬੱਚੀ ਦੀ ਸੜਕ ਹਾਦਸੇ ''ਚ ਦਰਦਨਾਕ ਮੌਤ
Monday, Oct 26, 2026 - 02:37 PM (IST)
ਲੁਧਿਆਣਾ (ਰਾਜ)- ਬੱਸ ਸਟੈਂਡ ਦੇ ਬਾਹਰ ਐਤਵਾਰ ਨੂੰ ਇਕ ਦਰਦਨਾਕ ਸੜਕ ਹਾਦਸੇ ਵਿਚ 5 ਸਾਲਾ ਮਾਸੂਮ ਬੱਚੀ ਦੀ ਜਾਨ ਚਲੀ ਗਈ। ਬੱਚੀ ਆਪਣੇ ਦਾਦੇ ਨਾਲ ਉੱਤਰ ਪ੍ਰਦੇਸ਼ ਸਥਿਤ ਆਪਣੇ ਜੱਦੀ ਪਿੰਡ ਜਾਣ ਲਈ ਬੱਸ ਸਟੈਂਡ ਪਹੁੰਚੀ ਸੀ। ਮੇਨ ਰੋਡ ਪਾਰ ਕਰਦੇ ਸਮੇਂ ਇਕ ਤੇਜ਼ ਰਫ਼ਤਾਰ ਛੋਟੇ ਹਾਥੀ ਨੇ ਬੱਚੀ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ, ਜਿਸ ਨਾਲ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਹਾਦਸੇ ਤੋਂ ਬਾਅਦ ਮਾਸੂਮ ਦੀ ਲਾਸ਼ ਦੇਖ ਕੇ ਪਰਿਵਾਰਕ ਮੈਂਬਰਾਂ ਵਿਚ ਚੀਕ-ਚਿਹਾੜਾ ਪੈ ਗਿਆ। ਸੂਚਨਾ ਮਿਲਦਿਆਂ ਹੀ ਚੌਕੀ ਕੋਚਰ ਮਾਰਕੀਟ ਦੀ ਪੁਲਸ ਟੀਮ ਮੌਕੇ ’ਤੇ ਪਹੁੰਚੀ ਅਤੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਜਾਣਕਾਰੀ ਦਿੰਦਿਆਂ ਮੋਨੂ ਯਾਦਵ ਨੇ ਦੱਸਿਆ ਕਿ ਉਹ ਤਾਜਪੁਰ ਰੋਡ ਮੱਛੀ ਅੱਡਾ ਵਿਖੇ ਮਜ਼ਦੂਰੀ ਦਾ ਕੰਮ ਕਰਦਾ ਹੈ। ਉਸ ਦੇ ਪਿਤਾ ਬੱਚਿਆਂ ਨੂੰ ਆਪਣੇ ਨਾਲ ਪਿੰਡ ਲੈ ਕੇ ਜਾਣ ਲਈ ਲੁਧਿਆਣਾ ਆਏ ਸਨ। ਪਰਿਵਾਰ ਵਿਚ ਪਹਿਲਾਂ ਛੋਟੀ ਧੀ ਨੂੰ ਪਿੰਡ ਭੇਜਣ ਦੀ ਯੋਜਨਾ ਸੀ ਪਰ 5 ਸਾਲਾ ਵੱਡੀ ਧੀ ਅਨੰਨਿਆ ਵੀ ਆਪਣੇ ਦਾਦੇ ਨਾਲ ਪਿੰਡ ਜਾਣ ਦੀ ਜ਼ਿੱਦ ਫੜ ਕੇ ਬੈਠ ਗਈ ਤਾਂ ਅਸੀਂ ਉਸ ਨੂੰ ਦਾਦੇ ਨਾਲ ਜਾਣ ਦਿੱਤਾ। ਮੈਂ ਖ਼ੁਦ ਆਪਣੀ ਲਾਡਲੀ ਨੂੰ ਆਟੋ ਵਿਚ ਬੈਠਾ ਕੇ ਬੱਸ ਸਟੈਂਡ ਛੱਡ ਕੇ ਆਇਆ ਸੀ।
ਦਾਦਾ ਆਪਣੀ ਪੋਤੀ ਅਨੰਨਿਆ ਦਾ ਹੱਥ ਫੜ ਕੇ ਬੱਸ ਫੜਨ ਲਈ ਬੱਸ ਸਟੈਂਡ ਦੇ ਸਾਹਮਣੇ ਵਾਲੀ ਮੁੱਖ ਸੜਕ ਪਾਰ ਕਰ ਰਹੇ ਸਨ, ਜਦੋਂ ਉਕਤ ਹਾਦਸਾ ਵਾਪਰ ਗਿਆ। ਹਾਦਸੇ ਤੋਂ ਬਾਅਦ ਚਾਲਕ ਵਾਹਨ ਫ਼ਰਾਰ ਹੋ ਗਿਆ। ਜਾਂਚ ਅਧਿਕਾਰੀ ਹਰਵਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਨੇ ਘਟਨਾ ਸਥਾਨ ਅਤੇ ਆਸ-ਪਾਸ ਦੇ ਰਸਤਿਆਂ ’ਤੇ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਰਿਕਾਰਡਿੰਗ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ, ਤਾਂ ਜੋ ਲੋਡਿੰਗ ਵਾਹਨ ਦੇ ਨੰਬਰ ਅਤੇ ਫ਼ਰਾਰ ਚਾਲਕ ਦੀ ਪਛਾਣ ਕੀਤੀ ਜਾ ਸਕੇ।
