ਇਤਿਹਾਸਕ ਗੁਰਦੁਆਰਾ ਮੰਜੀ ਸਾਹਿਬ ''ਚ ਗੋਲੀਬਾਰੀ, ਸੰਤ ਬਲਦੇਵ ਸਿੰਘ ਦੇ ਕਮਰੇ ''ਤੇ ਅੰਨ੍ਹੇਵਾਹ ਫਾਇਰਿੰਗ

Wednesday, Oct 28, 2026 - 12:05 PM (IST)

ਇਤਿਹਾਸਕ ਗੁਰਦੁਆਰਾ ਮੰਜੀ ਸਾਹਿਬ ''ਚ ਗੋਲੀਬਾਰੀ, ਸੰਤ ਬਲਦੇਵ ਸਿੰਘ ਦੇ ਕਮਰੇ ''ਤੇ ਅੰਨ੍ਹੇਵਾਹ ਫਾਇਰਿੰਗ

ਹਲਵਾਰਾ (ਲਾਡੀ ਸਿੱਧੂ) : ਪੰਜਾਬ ਵਿਚ ਅਮਨ-ਕਾਨੂੰਨ ਦੀ ਸਥਿਤੀ ਨੂੰ ਲੈ ਕੇ ਚੱਲ ਰਹੀ ਚਰਚਾ ਦਰਮਿਆਨ ਧਾਰਮਿਕ ਅਸਥਾਨਾਂ ’ਤੇ ਗੋਲੀਬਾਰੀ ਦੀਆਂ ਲਗਾਤਾਰ ਵਾਪਰ ਰਹੀਆਂ ਘਟਨਾਵਾਂ ਨੇ ਲੋਕਾਂ ਦੀ ਚਿੰਤਾ ਵਧਾ ਦਿੱਤੀ ਹੈ। ਜਗਰਾਓਂ ਦੇ ਪਿੰਡ ਗਗੜਾ ਤੋਂ ਬਾਅਦ ਹੁਣ ਹਲਵਾਰਾ ਇਲਾਕੇ ਦੇ ਪਿੰਡ ਰਾਜੋਆਣਾ ਕਲਾਂ ਵਿਖੇ ਸਥਿਤ ਇਤਿਹਾਸਕ ਗੁਰਦੁਆਰਾ ਮੰਜੀ ਸਾਹਿਬ ਵਿਚ ਗੋਲੀਆਂ ਚੱਲਣ ਦੀ ਘਟਨਾ ਸਾਹਮਣੇ ਆਈ ਹੈ। ਬੁੱਧਵਾਰ ਤੜਕੇ ਕਰੀਬ 3 ਵਜੇ ਵਾਪਰੀ ਇਸ ਵਾਰਦਾਤ ਨੇ ਇਲਾਕੇ ਵਿਚ ਸਹਿਮ ਦਾ ਮਾਹੌਲ ਪੈਦਾ ਕਰ ਦਿੱਤਾ। ਮੋਟਰਸਾਈਕਲ ’ਤੇ ਆਏ ਦੋ ਨਕਾਬਪੋਸ਼ ਨੌਜਵਾਨ ਗੁਰਦੁਆਰਾ ਸਾਹਿਬ ਵਿਚ ਦਾਖ਼ਲ ਹੋਏ ਅਤੇ ਮੁੱਖ ਪ੍ਰਬੰਧਕ ਸੰਤ ਬਾਬਾ ਬਲਦੇਵ ਸਿੰਘ ਦੇ ਕਮਰੇ ਵੱਲ ਕਈ ਗੋਲੀਆਂ ਚਲਾ ਕੇ ਫ਼ਰਾਰ ਹੋ ਗਏ। ਘਟਨਾ ਸਮੇਂ ਬਾਬਾ ਬਲਦੇਵ ਸਿੰਘ ਇਸ਼ਨਾਨ ਕਰਨ ਗਏ ਹੋਏ ਸਨ, ਜਿਸ ਕਾਰਨ ਉਹ ਕਮਰੇ ਵਿਚ ਮੌਜੂਦ ਨਹੀਂ ਸਨ।

ਇਹ ਵੀ ਪੜ੍ਹੋ : ਮਾਨਸਾ ਧਰਨੇ 'ਚ ਫਿਰ ਪੈ ਗਿਆ ਗਾਹ, ਪੁਲਸ ਨੇ ਰਸਤਾ ਕੀਤਾ ਬੰਦ, ਨੌਜਵਾਨਾਂ ਵੱਲੋਂ ਭਾਰੀ ਵਿਰੋਧ

ਮੋਟਰਸਾਈਕਲ ਮੋੜ ’ਤੇ ਛੱਡ ਕੇ ਅੰਦਰ ਵੜੇ ਹਮਲਾਵਰ

ਮੁੱਢਲੀ ਜਾਣਕਾਰੀ ਅਨੁਸਾਰ ਦੋਵੇਂ ਹਮਲਾਵਰ ਮੋਟਰਸਾਈਕਲ ’ਤੇ ਆਏ ਸਨ। ਉਨ੍ਹਾਂ ਨੇ ਗੁਰਦੁਆਰਾ ਸਾਹਿਬ ਨੇੜੇ ਇਕ ਮੋੜ ’ਤੇ ਮੋਟਰਸਾਈਕਲ ਲੁਕਾਇਆ ਅਤੇ ਫਿਰ ਅੰਦਰ ਦਾਖ਼ਲ ਹੋ ਕੇ ਗੋਲੀਬਾਰੀ ਕੀਤੀ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਉਹ ਮੌਕੇ ਤੋਂ ਫ਼ਰਾਰ ਹੋ ਗਏ। ਗੋਲੀਆਂ ਦੀ ਆਵਾਜ਼ ਸੁਣ ਕੇ ਉੱਥੇ ਮੌਜੂਦ ਲੋਕਾਂ ਵਿਚ ਹਫ਼ੜਾ-ਦਫ਼ੜੀ ਮਚ ਗਈ। ਰਾਹਤ ਦੀ ਗੱਲ ਇਹ ਰਹੀ ਕਿ ਇਸ ਘਟਨਾ ਵਿਚ ਕਿਸੇ ਦੇ ਜ਼ਖ਼ਮੀ ਹੋਣ ਦੀ ਸੂਚਨਾ ਨਹੀਂ ਹੈ।

ਇਹ ਵੀ ਪੜ੍ਹੋ : ਪੰਜਾਬ 'ਚ ਵੱਜਿਆ ਚੋਣ ਬਿਗੁਲ, ਚੋਣਾਂ ਨੂੰ ਲੈ ਕੇ ਨੋਟੀਫਿਕੇਸ਼ਨ ਜਾਰੀ

ਪੁਲਸ ਅਧਿਕਾਰੀਆਂ ਨੇ ਮੌਕੇ ’ਤੇ ਪਹੁੰਚ ਕੇ ਸ਼ੁਰੂ ਕੀਤੀ ਜਾਂਚ

ਘਟਨਾ ਦੀ ਸੂਚਨਾ ਮਿਲਣ ’ਤੇ ਲੁਧਿਆਣਾ ਦਿਹਾਤੀ ਪੁਲਸ ਦੇ ਉੱਚ ਅਧਿਕਾਰੀ ਮੌਕੇ ’ਤੇ ਪਹੁੰਚੇ। ਐੱਸ.ਐੱਸ.ਪੀ. ਡਾ. ਅੰਕੁਰ ਗੁਪਤਾ, ਐੱਸ.ਪੀ. (ਡੀ.) ਰਾਜਨ ਸ਼ਰਮਾ ਸਮੇਤ ਪੁਲਸ ਦੀਆਂ ਵੱਖ-ਵੱਖ ਟੀਮਾਂ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਫੋਰੈਂਸਿਕ ਮਾਹਿਰਾਂ ਅਤੇ ਸਾਈਬਰ ਕ੍ਰਾਈਮ ਟੀਮਾਂ ਦੀ ਮਦਦ ਨਾਲ ਵਾਰਦਾਤ ਨਾਲ ਸਬੰਧਤ ਸਬੂਤ ਇਕੱਠੇ ਕਰਨ ਦੇ ਯਤਨ ਕੀਤੇ ਜਾ ਰਹੇ ਹਨ। ਜਾਂਚ ਦੌਰਾਨ ਗੁਰਦੁਆਰਾ ਸਾਹਿਬ ਅਤੇ ਆਲੇ-ਦੁਆਲੇ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਖੰਗਾਲਣ ਦੇ ਨਾਲ-ਨਾਲ ਹਮਲਾਵਰਾਂ ਦੇ ਆਉਣ ਅਤੇ ਫ਼ਰਾਰ ਹੋਣ ਦੇ ਰਸਤਿਆਂ ਬਾਰੇ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ। ਪੁਲਸ ਵੱਲੋਂ ਹਮਲਾਵਰਾਂ ਦੀ ਪਛਾਣ ਕਰਨ ਅਤੇ ਗੋਲੀਬਾਰੀ ਪਿੱਛੇ ਛੁਪੇ ਮਕਸਦ ਦਾ ਪਤਾ ਲਗਾਉਣ ਲਈ ਵੱਖ-ਵੱਖ ਪਹਿਲੂਆਂ ਤੋਂ ਜਾਂਚ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਵੱਡੀ ਖ਼ਬਰ, ਚੋਣ ਕਮਿਸ਼ਨ ਵੱਲੋਂ ਚੋਣਾਂ ਸੰਬੰਧੀ ਆ ਗਿਆ ਹੁਕਮ

ਗਗੜਾ ਦੀ ਵਾਰਦਾਤ ਤੋਂ ਬਾਅਦ ਮੁੜ ਸਵਾਲਾਂ ਦੇ ਘੇਰੇ ’ਚ ਸੁਰੱਖਿਆ ਪ੍ਰਬੰਧ

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਜਗਰਾਓਂ ਦੇ ਪਿੰਡ ਗਗੜਾ ਵਿਖੇ ਗੁਰਦੁਆਰਾ ਸ੍ਰੀ ਗੋਪਾਲਸਰ ਸਾਹਿਬ ਦੇ ਮੁੱਖ ਗੇਟ ’ਤੇ ਵੀ ਗੋਲੀਬਾਰੀ ਹੋਈ ਸੀ। ਉੱਥੇ ਇਕ ਅਣਪਛਾਤੇ ਹਮਲਾਵਰ ਵੱਲੋਂ ਗੋਲੀਆਂ ਚਲਾਉਣ ਤੋਂ ਬਾਅਦ ਧਮਕੀ ਭਰੀ ਚਿੱਠੀ ਛੱਡੇ ਜਾਣ ਦੀ ਜਾਣਕਾਰੀ ਸਾਹਮਣੇ ਆਈ ਸੀ। ਇਸ ਮਾਮਲੇ ਵਿਚ ਵੀ ਪੁਲਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਦੋ ਦਿਨਾਂ ਦੇ ਅੰਦਰ ਧਾਰਮਿਕ ਅਸਥਾਨਾਂ ਨੂੰ ਨਿਸ਼ਾਨਾ ਬਣਾ ਕੇ ਵਾਪਰੀਆਂ ਇਨ੍ਹਾਂ ਘਟਨਾਵਾਂ ਨੇ ਸੁਰੱਖਿਆ ਪ੍ਰਬੰਧਾਂ ਬਾਰੇ ਚਿੰਤਾ ਵਧਾ ਦਿੱਤੀ ਹੈ। ਹਾਲਾਂਕਿ, ਦੋਵਾਂ ਵਾਰਦਾਤਾਂ ਵਿਚਕਾਰ ਕਿਸੇ ਸਾਂਝੀ ਸਾਜ਼ਿਸ਼ ਜਾਂ ਹੋਰ ਸਬੰਧ ਬਾਰੇ ਫਿਲਹਾਲ ਕੋਈ ਪੁਸ਼ਟੀ ਨਹੀਂ ਹੋਈ। ਜਾਂਚ ਪੂਰੀ ਹੋਣ ਤੋਂ ਬਾਅਦ ਹੀ ਸਪੱਸ਼ਟ ਹੋ ਸਕੇਗਾ ਕਿ ਇਨ੍ਹਾਂ ਘਟਨਾਵਾਂ ਪਿੱਛੇ ਕੌਣ ਹੈ ਅਤੇ ਇਨ੍ਹਾਂ ਨੂੰ ਅੰਜਾਮ ਦੇਣ ਦਾ ਅਸਲ ਮਕਸਦ ਕੀ ਸੀ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e


author

Gurminder Singh

Content Editor

Related News