ਹਸਪਤਾਲ ’ਚ ਦਾਖ਼ਲ ਮਹਿਲਾ ਦੀ ਮੌਤ, ਪਰਿਵਾਰ ਨੇ ਡਾਕਟਰਾਂ ’ਤੇ ਲਾਏ ਲਾਪਰਵਾਹੀ ਦੇ ਦੋਸ਼
Friday, Oct 23, 2026 - 08:02 PM (IST)
ਲੁਧਿਆਣਾ (ਗੌਤਮ)- ਥਾਣਾ ਡਵੀਜ਼ਨ ਨੰ. 6 ਦੇ ਅਧੀਨ ਆਉਂਦੇ ਇਲਾਕੇ ’ਚ ਸਥਿਤ ਇਕ ਨਿੱਜੀ ਹਸਪਤਾਲ ’ਚ ਦਾਖ਼ਲ ਮਹਿਲਾ ਦੀ ਮੌਤ ਹੋ ਗਈ। ਮਹਿਲਾ ਦੀ ਮੌਤ ਬੱਚੇ ਨੂੰ ਜਨਮ ਦੇਣ ਤੋਂ ਬਾਅਦ ਹੋਈ। ਮਹਿਲਾ ਦੀ ਮੌਤ ਨੂੰ ਲੈ ਕੇ ਮਹਿਲਾ ਦੇ ਪਰਿਵਾਰ ਵਾਲਿਆਂ ਨੇ ਰੋਸ ਪ੍ਰਗਟਾਉਂਦੇ ਹੋਏ ਹਸਪਤਾਲ ਦੇ ਡਾਕਟਰਾਂ ’ਤੇ ਲਾਪ੍ਰਵਾਹੀ ਵਰਤਣ ਦੇ ਦੋਸ਼ ਲਾਏ। ਉਨ੍ਹਾਂ ਨੇ ਪੁਲਸ ਤੋਂ ਡਾਕਟਰਾਂ ਖ਼ਿਲਾਫ਼ ਕਾਰਵਾਈ ਕਰਨ ਦੀ ਮੰਗ ਕੀਤੀ।
ਪਰਿਵਾਰਕ ਮੈਂਬਰਾਂ ਨੇ ਡਾਕਟਰਾਂ ’ਤੇ ਲਾਪ੍ਰਵਾਹੀ ਦੇ ਦੋਸ਼ ਲਾਉਂਦਿਆਂ ਹਸਪਤਾਲ ਦੇ ਬਾਹਰ ਪ੍ਰਦਰਸ਼ਨ ਕੀਤਾ, ਜਦਕਿ ਹਸਪਤਾਲ ਦੇ ਡਾਕਟਰਾਂ ਨੇ ਆਪਣੇ ’ਤੇ ਲੱਗੇ ਦੋਸ਼ਾਂ ਦਾ ਖੰਡਨ ਕੀਤਾ ਹੈ। ਪਤਾ ਲੱਗਦਿਆਂ ਹੀ ਥਾਣਾ ਮੁਖੀ ਇੰਸ. ਪ੍ਰਮੋਦ ਰਾਜ ਟੀਮ ਸਮੇਤ ਮੌਕੇ ’ਤੇ ਪਹੁੰਚ ਗਏ ਅਤੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ। ਉਨ੍ਹਾਂ ਦੱਸਿਆ ਕਿ ਮਾਮਲੇ ਨੂੰ ਲੈ ਕੇ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ।
ਮਹਿਲਾ ਦੇ ਪਤੀ ਵਿਸ਼ਾਲ ਨੇ ਦੱਸਿਆ ਕਿ ਉਸ ਨੇ ਆਪਣੀ ਪਤਨੀ ਖੁਸ਼ਬੂ ਨੂੰ ਡਲਿਵਰੀ ਲਈ ਹਸਪਤਾਲ ’ਚ ਦਾਖ਼ਲ ਕਰਵਾਇਆ ਸੀ। ਉਸ ਦੀ ਪਤਨੀ ਨੇ ਇਕ ਬੱਚੀ ਨੂੰ ਜਨਮ ਦਿੱਤਾ ਪਰ ਦੇਰ ਰਾਤ ਉਸ ਦੀ ਪਤਨੀ ਦੀ ਤਬੀਅਤ ਖ਼ਰਾਬ ਹੋ ਗਈ। ਉਸ ਦੀ ਪਤਨੀ ਪੇਟ ’ਚ ਦਰਦ ਹੋਣ ਦੀ ਸ਼ਿਕਾਇਤ ਕਰ ਰਹੀ ਸੀ ਤਾਂ ਉਸ ਨੇ ਡਿਊਟੀ ’ਤੇ ਮੌਜੂਦ ਨਰਸ ਨੂੰ ਮਦਦ ਲਈ ਬੁਲਾਇਆ। ਉਸ ਨੇ ਦੋਸ਼ ਲਾਇਆ ਕਿ ਨਰਸ ਨੇ ਪਹਿਲਾਂ ਉਸ ਦੀ ਪਤਨੀ ਨੂੰ ਭਲਾ-ਬੁਰਾ ਕਿਹਾ ਅਤੇ ਬਾਅਦ ’ਚ ਉਸ ਦੇ ਥੱਪੜ ਮਾਰ ਦਿੱਤੇ। ਇਸ ਦੌਰਾਨ ਉਸ ਦੀ ਪਤਨੀ ਦੀ ਤਬੀਅਤ ਹੋਰ ਵੀ ਜ਼ਿਆਦਾ ਖ਼ਰਾਬ ਹੋ ਗਈ, ਜਿਸ ’ਤੇ ਡਾਕਟਰਾਂ ਨੇ ਉਸ ਨੂੰ ਸਿਵਲ ਹਸਪਤਾਲ ਰੈਫ਼ਰ ਕਰ ਦਿੱਤਾ, ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
