ਵੱਡੀ ਖ਼ਬਰ: ਗੁਰਦੁਆਰਾ ਸਾਹਿਬ ਦੇ ਗੇਟ ''ਤੇ ਫ਼ਾਇਰਿੰਗ! ਸੁੱਟੀ ਧਮਕੀ ਭਰੀ ਚਿੱਠੀ
Tuesday, Oct 27, 2026 - 03:20 PM (IST)
ਲੁਧਿਆਣਾ (ਰਾਜ): ਜਗਰਾਓਂ ਦੇ ਨੇੜਲੇ ਪਿੰਡ ਗਗੜਾ ਵਿਚ ਉਸ ਸਮੇਂ ਭਾਰੀ ਦਹਿਸ਼ਤ ਫੈਲ ਗਈ, ਜਦੋਂ ਸੋਮਵਾਰ ਦੇਰ ਰਾਤ ਇਕ ਅਣਪਛਾਤੇ ਨਕਾਬਪੋਸ਼ ਨੌਜਵਾਨ ਨੇ ਗੁਰਦੁਆਰਾ ਸਾਹਿਬ ਭਗਤ ਧੰਨਾ ਜੀ ਦੇ ਮੁੱਖ ਗੇਟ 'ਤੇ ਸ਼ਰੇਆਮ ਗੋਲੀਆਂ ਚਲਾ ਦਿੱਤੀਆਂ। ਮੁਲਜ਼ਮ ਨੇ ਗੇਟ 'ਤੇ 2 ਰੌਂਦ ਫਾਇਰ ਕੀਤੇ ਅਤੇ ਮੌਕੇ 'ਤੇ ਇਕ ਧਮਕੀ ਭਰੀ ਚਿੱਠੀ ਸੁੱਟ ਕੇ ਫਰਾਰ ਹੋ ਗਿਆ। ਇਸ ਸਨਸਨੀਖੇਜ਼ ਵਾਰਦਾਤ ਦੀ ਵੀਡੀਓ ਵੀ ਸਾਹਮਣੇ ਆਈ ਹੈ, ਜਿਸ ਤੋਂ ਬਾਅਦ ਇਲਾਕੇ ਵਿਚ ਤਣਾਅ ਦਾ ਮਾਹੌਲ ਬਣਿਆ ਹੋਇਆ ਹੈ। ਸੂਚਨਾ ਮਿਲਦੇ ਹੀ ਲੁਧਿਆਣਾ ਦਿਹਾਤੀ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਮਿਲੀ ਜਾਣਕਾਰੀ ਮੁਤਾਬਕ, ਸੋਮਵਾਰ ਦੇਰ ਰਾਤ ਪਿੰਡ ਗਗੜਾ ਸਥਿਤ ਗੁਰਦੁਆਰਾ ਸਾਹਿਬ ਭਗਤ ਧੰਨਾ ਜੀ ਦੇ ਬਾਹਰ ਸੁੰਨਸਾਨ ਸੀ। ਇਸੇ ਦੌਰਾਨ ਇਕ ਨੌਜਵਾਨ ਮੂੰਹ 'ਤੇ ਕੱਪੜਾ ਲਪੇਟ ਕੇ ਗੁਰਦੁਆਰਾ ਸਾਹਿਬ ਦੇ ਗੇਟ ਕੋਲ ਪਹੁੰਚਿਆ। ਉਸ ਨੇ ਆਪਣੀ ਪਿਸਤੌਲ ਕੱਢ ਕੇ ਮੁੱਖ ਗੇਟ ਵੱਲ ਲਗਾਤਾਰ 2 ਫਾਇਰ ਕੀਤੇ। ਗੋਲੀਆਂ ਦੀ ਆਵਾਜ਼ ਸੁਣ ਕੇ ਆਲੇ-ਦੁਆਲੇ ਦੇ ਲੋਕ ਸਹਿਮ ਗਏ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜ਼ਮ ਤੁਰੰਤ ਉੱਥੋਂ ਭੱਜ ਨਿਕਲਿਆ। ਇਹ ਪੂਰੀ ਘਟਨਾ ਨੇੜੇ ਲੱਗੇ ਕੈਮਰੇ ਵਿਚ ਕੈਦ ਹੋ ਗਈ ਹੈ।
ਫਾਇਰਿੰਗ ਕਰਨ ਤੋਂ ਬਾਅਦ ਮੁਲਜ਼ਮ ਗੁਰਦੁਆਰਾ ਸਾਹਿਬ ਦੇ ਗੇਟ 'ਤੇ ਇਕ ਚਿੱਠੀ ਸੁੱਟ ਗਿਆ ਸੀ। ਜਦੋਂ ਲੋਕਾਂ ਅਤੇ ਪੁਲਸ ਨੇ ਉਸ ਚਿੱਠੀ ਨੂੰ ਦੇਖਿਆ ਤਾਂ ਉਸ ਵਿਚ ਗੁਰਦੁਆਰਾ ਸਾਹਿਬ ਦੇ ਮੁਖੀ ਬਾਬਾ ਅਮਰਜੀਤ ਸਿੰਘ ਅਤੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਵਰਕਰ ਗੁਰਿੰਦਰ ਸਿੰਘ ਰੂਮੀ ਨੂੰ ਸਿੱਧੀ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਸੀ। ਚਿੱਠੀ ਵਿਚ ਲਿਖੀਆਂ ਧਮਕੀਆਂ ਤੋਂ ਬਾਅਦ ਪਿੰਡ ਵਿਚ ਹੜਕੰਪ ਮੱਚ ਗਿਆ ਹੈ ਅਤੇ ਦੋਵਾਂ ਧਿਰਾਂ ਦੀ ਸੁਰੱਖਿਆ ਨੂੰ ਲੈ ਕੇ ਚਿੰਤਾ ਪ੍ਰਗਟਾਈ ਜਾ ਰਹੀ ਹੈ।
ਵਾਰਦਾਤ ਦੀ ਸੂਚਨਾ ਮਿਲਦੇ ਹੀ ਲੁਧਿਆਣਾ ਦਿਹਾਤੀ ਪੁਲਸ ਦੀਆਂ ਟੀਮਾਂ ਤੁਰੰਤ ਪਿੰਡ ਗਗੜਾ ਪਹੁੰਚੀਆਂ ਅਤੇ ਘਟਨਾ ਸਥਾਨ ਦਾ ਮੁਆਇਨਾ ਕੀਤਾ। ਪੁਲਸ ਨੇ ਮੌਕੇ ਤੋਂ ਖਾਲੀ ਖੋਲ ਅਤੇ ਧਮਕੀ ਭਰੀ ਚਿੱਠੀ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ ਹੈ। ਪੁਲਸ ਅਧਿਕਾਰੀ ਪਿੰਡ ਅਤੇ ਆਲੇ-ਦੁਆਲੇ ਦੇ ਮੁੱਖ ਮਾਰਗਾਂ 'ਤੇ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਬਾਰੀਕੀ ਨਾਲ ਖੰਘਾਲ ਰਹੇ ਹਨ, ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਮੁਲਜ਼ਮ ਕਿਸ ਰਸਤੇ ਤੋਂ ਆਇਆ ਸੀ ਅਤੇ ਵਾਰਦਾਤ ਤੋਂ ਬਾਅਦ ਕਿਸ ਦਿਸ਼ਾ ਵੱਲ ਫਰਾਰ ਹੋਇਆ।
