ਵੱਡੀ ਖ਼ਬਰ: ਪੰਜਾਬ ''ਚ ਨੌਜਵਾਨ ਦਾ ਗੋਲ਼ੀ ਮਾਰ ਕੇ ਕਤਲ!
Wednesday, Oct 21, 2026 - 01:01 PM (IST)
ਲੁਧਿਆਣਾ (ਰਾਜ): ਤਾਜਪੁਰ ਰੋਡ ਇਲਾਕੇ ਵਿਚ ਵਾਹਨਾਂ ਦੀ ਪਾਰਕਿੰਗ ਨੂੰ ਲੈ ਕੇ ਭੜਕਿਆ ਮਾਮੂਲੀ ਵਿਵਾਦ ਦੇਖਦੇ ਹੀ ਦੇਖਦੇ ਗੈਂਗਵਾਰ ਅਤੇ ਖੂਨੀ ਸੰਘਰਸ਼ ਵਿਚ ਤਬਦੀਲ ਹੋ ਗਿਆ। ਦੋ ਧਿਰਾਂ ਵਿਚਾਲੇ ਪਹਿਲਾਂ ਜਮ ਕੇ ਗਾਲੀ-ਗਲੋਚ ਅਤੇ ਗੱਡੀਆਂ ਵਿਚ ਭੰਨਤੋੜ ਹੋਈ ਅਤੇ ਫਿਰ ਅੱਧੀ ਰਾਤ ਨੂੰ ਸ਼ਰੇਆਮ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ ਗਈਆਂ। ਫਾਇਰਿੰਗ ਦੌਰਾਨ 31 ਸਾਲਾ ਨੌਜਵਾਨ ਦਰਬਾਰਾ ਉਰਫ਼ ਹੈਰੀ ਦੀ ਛਾਤੀ ਵਿਚ ਸਿੱਧੀ ਗੋਲੀ ਲੱਗ ਗਈ। ਖੂਨ ਨਾਲ ਲੱਥਪੱਥ ਹਾਲਤ ਵਿਚ ਉਸ ਨੂੰ ਤੁਰੰਤ ਕ੍ਰਿਸ਼ਚੀਅਨ ਮੈਡੀਕਲ ਕਾਲਜ ਅਤੇ ਹਸਪਤਾਲ (CMC) ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਜਾਂਚ ਤੋਂ ਬਾਅਦ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਉਹ ਪੇਸ਼ੇ ਤੋਂ ਡਰਾਈਵਰ ਸੀ। ਇਸ ਕਤਲਕਾਂਡ ਤੋਂ ਬਾਅਦ ਇਲਾਕੇ ਵਿਚ ਭਾਰੀ ਦਹਿਸ਼ਤ ਅਤੇ ਤਣਾਅ ਫੈਲ ਗਿਆ ਹੈ। ਸੂਚਨਾ ਮਿਲਦੇ ਹੀ ਥਾਣਾ ਡਵੀਜ਼ਨ ਨੰਬਰ-7 ਦੀ ਪੁਲਸ ਟੀਮ ਮੌਕੇ 'ਤੇ ਪਹੁੰਚੀ ਅਤੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਤਫ਼ਤੀਸ਼ ਸ਼ੁਰੂ ਕਰ ਦਿੱਤੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ, ਤਾਜਪੁਰ ਰੋਡ 'ਤੇ ਦੇਰ ਰਾਤ ਇਕ ਧਿਰ ਵੱਲੋਂ ਗੱਡੀ ਪਾਰਕ ਕਰਨ ਨੂੰ ਲੈ ਕੇ ਦੂਜੀ ਧਿਰ ਨਾਲ ਬਹਿਸਬਾਜ਼ੀ ਹੋ ਗਈ ਸੀ। ਦੋਸ਼ ਹੈ ਕਿ ਵਿਵਾਦ ਵਧਣ 'ਤੇ ਇਕ ਧਿਰ ਦੇ ਨੌਜਵਾਨਾਂ ਨੇ ਤੈਸ਼ ਵਿਚ ਆ ਕੇ ਦੂਜੀ ਧਿਰ ਦੀ ਗੱਡੀ ਦੇ ਸ਼ੀਸ਼ੇ ਬੁਰੀ ਤਰ੍ਹਾਂ ਤੋੜ ਦਿੱਤੇ। ਗੱਡੀ ਤੋੜੇ ਜਾਣ ਦੀ ਖ਼ਬਰ ਮਿਲਦੇ ਹੀ ਦੂਜੀ ਧਿਰ ਵੀ ਆਪਣੇ ਸਾਥੀਆਂ ਨੂੰ ਇਕੱਠਾ ਕਰ ਕੇ ਮੌਕੇ 'ਤੇ ਵਿਰੋਧ ਦਰਜ ਕਰਵਾਉਣ ਪਹੁੰਚ ਗਈ। ਦੋਵਾਂ ਧਿਰਾਂ ਵਿਚ ਤਿੱਖੀ ਝੜਪ ਹੋਈ ਅਤੇ ਗੱਲ ਹੱਥੋਪਾਈ ਤੱਕ ਪਹੁੰਚ ਗਈ। ਇਸੇ ਦੌਰਾਨ ਇਕ ਧਿਰ ਦੇ ਹਥਿਆਰਬੰਦ ਨੌਜਵਾਨਾਂ ਨੇ ਆਪਣੀਆਂ ਪਿਸਤੌਲਾਂ ਤੋਂ ਸਿੱਧੀ ਫਾਇਰਿੰਗ ਸ਼ੁਰੂ ਕਰ ਦਿੱਤੀ। ਗੋਲੀਬਾਰੀ ਹੁੰਦੇ ਹੀ ਭਾਜੜਾਂ ਪੈ ਗਈਆਂ। ਇਸੇ ਦੌਰਾਨ ਭੀੜ ਵਿਚ ਪਿੱਛੇ ਖੜ੍ਹੇ ਦਰਬਾਰਾ ਉਰਫ਼ ਹੈਰੀ ਦੀ ਛਾਤੀ ਨੂੰ ਚੀਰਦੀ ਹੋਈ ਇਕ ਗੋਲ਼ੀ ਆਰ-ਪਾਰ ਹੋ ਗਈ, ਜਿਸ ਨਾਲ ਉਹ ਲਹੂ-ਲੁਹਾਨ ਹੋ ਕੇ ਸੜਕ 'ਤੇ ਡਿੱਗ ਪਿਆ। ਮ੍ਰਿਤਕ ਹੈਰੀ ਦੀ ਪਤਨੀ ਰਾਜਵਿੰਦਰ ਕੌਰ ਨੇ ਰੋਂਦੇ-ਕੁਰਲਾਉਂਦੇ ਹੋਏ ਪੂਰੀ ਘਟਨਾ ਦੀ ਦਾਸਤਾਨ ਬਿਆਨ ਕੀਤੀ। ਰਾਜਵਿੰਦਰ ਨੇ ਦੱਸਿਆ ਕਿ ਮੰਗਲਵਾਰ ਸ਼ਾਮ ਉਸ ਦੇ ਪਤੀ ਨੂੰ ਤੇਜ਼ ਬੁਖ਼ਾਰ ਸੀ ਅਤੇ ਉਹ ਘਰ ਵਿਚ ਆਰਾਮ ਕਰ ਰਹੇ ਸਨ। ਉਦੋਂ ਹੀ ਅਚਾਨਕ ਉਨ੍ਹਾਂ ਦਾ ਇਕ ਦੋਸਤ ਘਰ ਆਇਆ ਅਤੇ ਉਸ ਨੇ ਕਿਹਾ ਕਿ ਬਾਹਰ ਉਨ੍ਹਾਂ ਦੀ ਗੱਡੀ ਦੇ ਸ਼ੀਸ਼ੇ ਤੋੜ ਦਿੱਤੇ ਗਏ ਹਨ। ਇਸ ਤੋਂ ਤੁਰੰਤ ਬਾਅਦ 4-5 ਹੋਰ ਨੌਜਵਾਨ ਵੀ ਘਰ ਆ ਧਮਕੇ ਅਤੇ ਹੈਰੀ ਨੂੰ ਜ਼ਬਰਦਸਤੀ ਆਪਣੇ ਨਾਲ ਬਾਹਰ ਲੈ ਗਏ।
ਪਤਨੀ ਨੇ ਦੱਸਿਆ ਕਿ ਤੜਕੇ ਲਗਭਗ 3 ਵਜੇ ਉਸ ਦੇ ਫੋਨ 'ਤੇ ਅਚਾਨਕ ਕਾਲ ਆਈ ਕਿ ਹੈਰੀ ਨੂੰ ਗੋਲੀ ਲੱਗ ਗਈ ਹੈ ਅਤੇ ਉਸ ਨੂੰ ਹਸਪਤਾਲ ਲਿਜਾਇਆ ਜਾ ਰਿਹਾ ਹੈ। ਰਾਜਵਿੰਦਰ ਨੇ ਗੰਭੀਰ ਸਵਾਲ ਖੜ੍ਹੇ ਕਰਦਿਆਂ ਕਿਹਾ, "ਜੋ ਲੜਕੇ ਅੱਗੇ ਹੋ ਕੇ ਝਗੜਾ ਕਰ ਰਹੇ ਸਨ, ਉਨ੍ਹਾਂ ਨੂੰ ਇਕ ਖਰੋਚ ਤੱਕ ਨਹੀਂ ਆਈ, ਜਦਕਿ ਮੇਰੇ ਪਤੀ 6-7 ਲੜਕਿਆਂ ਦੇ ਪਿੱਛੇ ਖੜ੍ਹੇ ਸਨ ਅਤੇ ਗੋਲੀ ਸਿੱਧੀ ਉਨ੍ਹਾਂ ਦੀ ਛਾਤੀ ਵਿਚ ਮਾਰ ਦਿੱਤੀ ਗਈ। ਪਤਨੀ ਰਾਜਵਿੰਦਰ ਨੇ ਦੱਸਿਆ ਕਿ ਮੁਲਜ਼ਮਾਂ ਨਾਲ ਪਿਛਲੇ ਸ਼ਨੀਵਾਰ ਨੂੰ ਵੀ ਝਗੜਾ ਹੋਇਆ ਸੀ। ਉਸ ਦਿਨ ਵੀ ਉਕਤ ਲੜਕਿਆਂ ਨੇ ਉਸ ਦੇ ਪਤੀ ਨੂੰ ਇਕੱਲਾ ਵੇਖ ਕੇ ਬੁਰੀ ਤਰ੍ਹਾਂ ਕੁੱਟਿਆ ਸੀ। ਉਸ ਸਮੇਂ ਉਹ ਆਪਣੀ ਸਹੇਲੀ ਸੀਨੂ (ਨਿਵਾਸੀ ਪਿੰਡ ਗਿਲਾਂ) ਨਾਲ ਸੀ। ਰਾਜਵਿੰਦਰ ਮੁਤਾਬਕ, ਉਸ ਕੋਲ ਸਹੇਲੀ ਦੀ ਗੱਲਬਾਤ ਦੀ ਕਾਲ ਰਿਕਾਰਡਿੰਗ ਵੀ ਮੌਜੂਦ ਹੈ, ਜਿਸ ਵਿਚ ਉਹ ਦੱਸ ਰਹੀ ਹੈ ਕਿ ਇਕ ਹੋਟਲ ਦੇ ਅੰਦਰ ਲੜਕਿਆਂ ਨੇ ਹੈਰੀ ਨਾਲ ਗੰਭੀਰ ਮਾਰਕੁੱਟ ਕੀਤੀ ਸੀ। ਪਤਨੀ ਨੇ ਇਨਸਾਫ਼ ਦੀ ਗੁਹਾਰ ਲਗਾਉਂਦਿਆਂ ਕਿਹਾ, "ਮੇਰਾ ਤਾਂ ਪੂਰਾ ਘਰ ਉਜੜ ਗਿਆ, ਜ਼ਿੰਦਗੀ ਬਰਬਾਦ ਹੋ ਗਈ। ਮੈਨੂੰ ਸਿਰਫ਼ ਅਤੇ ਸਿਰਫ਼ ਇਨਸਾਫ਼ ਚਾਹੀਦਾ ਹੈ ਅਤੇ ਮੇਰੇ ਨਿਰਦੋਸ਼ ਪਤੀ ਦੇ ਕਾਤਲਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ"।
ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਡਵੀਜ਼ਨ ਨੰਬਰ-7 ਦੇ ਪੁਲਸ ਅਧਿਕਾਰੀ ਭਾਰੀ ਫੋਰਸ ਨਾਲ ਮੌਕੇ 'ਤੇ ਅਤੇ ਬਾਅਦ ਵਿਚ ਸੀ.ਐੱਮ.ਸੀ. ਹਸਪਤਾਲ ਪਹੁੰਚੇ। ਪੁਲਸ ਨੇ ਲਾਸ਼ ਨੂੰ ਮੋਰਚਰੀ ਵਿਚ ਸੁਰੱਖਿਅਤ ਰਖਵਾ ਦਿੱਤਾ ਹੈ ਅਤੇ ਫੋਰੈਂਸਿਕ ਮਾਹਰਾਂ ਦੀ ਮਦਦ ਨਾਲ ਘਟਨਾ ਸਥਾਨ ਤੋਂ ਸਬੂਤ ਇਕੱਠੇ ਕੀਤੇ ਹਨ। ਪੁਲਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਗੋਲੀਬਾਰੀ ਦੇ ਅਸਲ ਹਾਲਾਤਾਂ, ਵਰਤੇ ਗਏ ਹਥਿਆਰਾਂ ਅਤੇ ਦੋਵਾਂ ਧਿਰਾਂ ਵਿਚ ਸ਼ਾਮਲ ਨੌਜਵਾਨਾਂ ਦੀ ਪਛਾਣ ਲਈ ਤਾਜਪੁਰ ਰੋਡ 'ਤੇ ਲੱਗੇ ਤਮਾਮ ਸੀ. ਸੀ. ਟੀ. ਵੀ. ਕੈਮਰਿਆਂ ਦੀ ਰਿਕਾਰਡਿੰਗ ਖੰਘਾਲੀ ਜਾ ਰਹੀ ਹੈ। ਪੁਲਸ ਦਾ ਕਹਿਣਾ ਹੈ ਕਿ ਪਰਿਵਾਰ ਵਾਲਿਆਂ ਦੇ ਬਿਆਨਾਂ ਅਤੇ ਮੁੱਢਲੀ ਜਾਂਚ ਦੇ ਆਧਾਰ 'ਤੇ ਕਤਲ ਅਤੇ ਆਰਮਜ਼ ਐਕਟ ਦੀਆਂ ਸੰਗੀਨ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਜਾ ਰਿਹਾ ਹੈ ਅਤੇ ਫਾਇਰਿੰਗ ਕਰਨ ਵਾਲੇ ਸ਼ੂਟਰਾਂ ਨੂੰ ਜਲਦ ਹੀ ਸਲਾਖਾਂ ਪਿੱਛੇ ਭੇਜਿਆ ਜਾਵੇਗਾ।
