ਗੁਰਦੁਆਰਾ ਸਾਹਿਬ ''ਚ ਚੋਰੀ! 7 ਮਿੰਟਾਂ ਦੇ ਅੰਦਰ 90 ਕਿੱਲੋ ਭਾਰੀ ਗੋਲਕ ਚੁੱਕ ਕੇ ਲੈ ਗਏ ਚੋਰ

Tuesday, Oct 27, 2026 - 05:09 PM (IST)

ਗੁਰਦੁਆਰਾ ਸਾਹਿਬ ''ਚ ਚੋਰੀ! 7 ਮਿੰਟਾਂ ਦੇ ਅੰਦਰ 90 ਕਿੱਲੋ ਭਾਰੀ ਗੋਲਕ ਚੁੱਕ ਕੇ ਲੈ ਗਏ ਚੋਰ

ਮੁੱਲਾਂਪੁਰ ਦਾਖਾ (ਕਾਲੀਆ)- ਥਾਣਾ ਦਾਖਾ ਅਧੀਨ ਪੈਂਦੇ ਪਿੰਡ ਮੋਰਕਰੀਮਾ ਵਿਖੇ ਸਥਿਤ ਭਗਤ ਰਵਿਦਾਸ ਗੁਰਦੁਆਰਾ ਸਾਹਿਬ ਨੂੰ ਨਿਸ਼ਾਨਾ ਬਣਾਉਂਦਿਆਂ 2 ਨਕਾਬਪੋਸ਼ ਚੋਰ ਗੁਰਦੁਆਰਾ ਸਾਹਿਬ ਦੀ ਗੋਲਕ ਚੋਰੀ ਕਰ ਕੇ ਫਰਾਰ ਹੋ ਗਏ। ਚੋਰਾਂ ਨੇ ਇਸ ਵਾਰਦਾਤ ਨੂੰ ਇੰਨੀ ਤੇਜ਼ੀ ਨਾਲ ਅੰਜਾਮ ਦਿੱਤਾ ਕਿ ਮਹਿਜ 7 ਮਿੰਟਾਂ ਦੇ ਅੰਦਰ ਹੀ ਉਹ ਗੁਰਦੁਆਰਾ ਸਾਹਿਬ ਦੀ ਕਰੀਬ 90 ਕਿਲੋ ਭਾਰੀ ਗੋਲਕ ਚੁੱਕ ਕੇ ਲੈ ਗਏ। ਇਸ ਘਟਨਾ ਕਾਰਨ ਇਲਾਕੇ ’ਚ ਚਰਚਾ ਅਤੇ ਚਿੰਤਾ ਦਾ ਮਾਹੌਲ ਬਣਿਆ ਹੋਇਆ ਹੈ। ਚੋਰਾਂ ਦੀ ਇਹ ਸਾਰੀ ਕਰਤੂਤ ਸੀ. ਸੀ. ਟੀ. ਵੀ. ਕੈਮਰਿਆਂ ’ਚ ਕੈਦ ਹੋ ਗਈ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ 2 ਨਕਾਬਪੋਸ਼ ਚੋਰ ਮੋਟਰਸਾਈਕਲ ’ਤੇ ਸਵਾਰ ਹੋ ਕੇ ਗੁਰਦੁਆਰਾ ਸਾਹਿਬ ਵਿਖੇ ਪਹੁੰਚੇ। ਉਨ੍ਹਾਂ ਨੇ ਸਭ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਦੇ ਬਾਹਰਲੇ ਗੇਟ ਦਾ ਜਿੰਦਰਾ ਤੋੜਿਆ ਅਤੇ ਅੰਦਰ ਦਾਖਲ ਹੋ ਗਏ। ਇਸ ਤੋਂ ਬਾਅਦ ਚੋਰਾਂ ਨੇ ਦਰਬਾਰ ਸਾਹਿਬ ਦੇ ਦਰਵਾਜ਼ੇ ਦਾ ਜਿੰਦਰਾ ਵੀ ਤੋੜ ਦਿੱਤਾ ਅਤੇ ਅੰਦਰ ਪਈ ਕਰੀਬ 90 ਕਿਲੋ ਭਾਰੀ ਗੋਲਕ ਨੂੰ ਮਿਲ ਕੇ ਚੁੱਕਿਆ ਅਤੇ ਫਰਾਰ ਹੋ ਗਏ।

ਜਾਣਕਾਰੀ ਦਿੰਦਿਆਂ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸਿਕੰਦਰ ਸਿੰਘ ਨੇ ਦੱਸਿਆ ਕਿ ਨਕਾਬਪੋਸ਼ ਚੋਰਾਂ ਨੇ ਬੀਤੀ ਰਾਤ ਕਰੀਬ 12:15 ਵਜੇ ਮਹਿਜ 7 ਮਿੰਟਾਂ ਦੇ ਅੰਦਰ ਇਸ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਉਨ੍ਹਾਂ ਦੱਸਿਆ ਕਿ ਚੋਰ ਗੇਟਾਂ ਦੇ ਜਿੰਦਰੇ ਤੋੜ ਕੇ ਅੰਦਰ ਦਾਖਲ ਹੋਏ ਅਤੇ ਗੋਲਕ ਚੋਰੀ ਕਰ ਕੇ ਲੈ ਗਏ।

ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਥਾਣਾ ਦਾਖਾ ਦੀ ਪੁਲਸ ਵੱਲੋਂ ਏ. ਐੱਸ. ਆਈ. ਬਲਵਿੰਦਰ ਸਿੰਘ ਵੱਲੋਂ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਚੋਰਾਂ ਦੀ ਪਛਾਣ ਕਰਨ ਅਤੇ ਉਨ੍ਹਾਂ ਤੱਕ ਪਹੁੰਚਣ ਲਈ ਵੱਖ-ਵੱਖ ਪਹਿਲੂਆਂ ਤੋਂ ਜਾਂਚ ਆਰੰਭ ਦਿੱਤੀ ਗਈ ਹੈ। ਧਾਰਮਿਕ ਅਸਥਾਨ ਨੂੰ ਨਿਸ਼ਾਨਾ ਬਣਾਉਣ ਦੀ ਇਸ ਘਟਨਾ ਤੋਂ ਬਾਅਦ ਇਲਾਕੇ ਦੇ ਲੋਕਾਂ ’ਚ ਭਾਰੀ ਰੋਸ ਹੈ ਅਤੇ ਪੁਲਸ ਮੁਲਜ਼ਮਾਂ ਦੀ ਭਾਲ ’ਚ ਜੁਟੀ ਹੋਈ ਹੈ।


author

Anmol Tagra

Content Editor

Related News