ਰੂਪਨਗਰ: ਇਸ ਕਾਰਣ ਕੀਤੀ ਸੀ ਗ੍ਰੰਥੀ ਨੇ ਬੇਅਦਬੀ, ਹੋਇਆ ਖੁਲਾਸਾ (ਵੀਡੀਓ)

Monday, Jun 11, 2018 - 02:26 PM (IST)

ਰੂਪਨਗਰ (ਵਿਜੇ) - ਜ਼ਿਲਾ ਰੂਪਨਗਰ ਦੀ ਪੁਲਸ ਨੇ ਪਿੰਡ ਡੰਗੋਲੀ ਦੇ ਗੁ. ਸਿੰਘ ਸ਼ਹੀਦਾਂ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਮਾਮਲਾ ਕੁਝ ਘੰਟਿਆਂ 'ਚ ਹੀ ਹੱਲ ਕਰ ਲਿਆ ਹੈ ਅਤੇ ਸਬੰਧਿਤ ਗੁਰਦੁਆਰਾ ਸਾਹਿਬ 'ਚ ਸੇਵਾ-ਸੰਭਾਲ ਕਰਨ ਵਾਲੇ ਗ੍ਰੰਥੀ ਜਗਤਾਰ ਸਿੰਘ ਨੂੰ ਇਸ ਮਾਮਲੇ 'ਚ ਗ੍ਰਿਫ਼ਤਾਰ ਕੀਤਾ ਹੈ।ਅੱਜ ਇਥੇ ਇਕ ਭਰਵੀਂ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਰਾਜ ਬਚਨ ਸਿੰਘ, ਸੀਨੀਅਰ ਕਪਤਾਨ ਪੁਲਸ ਰੂਪਨਗਰ ਨੇ ਦੱਸਿਆ ਕਿ ਬੀਤੀ 9 ਜੂਨ ਨੂੰ ਪਿੰਡ ਡੰਗੋਲੀ ਵਿਖੇ ਵਾਪਰੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਸਬੰਧੀ ਜਸਮੇਰ ਸਿੰਘ, ਇੰਚਾਰਜ ਚੌਕੀ, ਘਨੌਲੀ ਨੂੰ ਸੂਚਨਾ ਪ੍ਰਾਪਤ ਹੋਈ ਸੀ ਕਿ ਇਹ ਬੇਅਦਬੀ ਕਿਸੇ ਨਾ ਮਾਲੂਮ ਵਿਅਕਤੀ ਜਾਂ ਵਿਅਕਤੀਆਂ ਜਾਂ ਸ਼ਰਾਰਤੀ ਅਨਸਰਾਂ ਵੱਲੋਂ ਕੀਤੀ ਗਈ ਹੈ, ਜਿਸ ਨਾਲ ਸਿੱਖ ਕੌਮ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ।
ਉਨ੍ਹਾਂ ਦੱਸਿਆ ਕਿ ਇਸ ਮਾਮਲੇ ਸਬੰਧੀ ਮੁਕੱਦਮਾ ਨੰਬਰ 58 ਮਿਤੀ 09-06-2018 ਅ/ਧ 295-ਏ ਹਿੰ; ਦੰ: ਥਾਣਾ ਸਦਰ ਰੂਪਨਗਰ ਵਿਖੇ ਦਰਜ ਕਰਕੇ ਕਪਤਾਨ ਪੁਲਸ ਇਨਵੈਸਟੀਗੇਸ਼ਨ ਰਮਿੰਦਰ ਸਿੰਘ ਅਤੇ ਕਈ ਹੋਰ ਸੀਨੀਅਰ ਅਧਿਕਾਰੀਆਂ ਦੀ ਟੀਮ ਨੇ ਇਸ ਬੇਅਦਬੀ ਦੀ ਘਟਨਾ ਨੂੰ ਕੁਝ ਹੀ ਘੰਟਿਆਂ ਵਿਚ ਹੱਲ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ।
ਰਾਜ ਬਚਨ ਸਿੰਘ ਨੇ ਦੱਸਿਆ ਕਿ ਡੂੰਘਾਈ ਨਾਲ ਤਫਤੀਸ਼ ਕਰਨ 'ਤੇ ਪਤਾ ਲੱਗਾ ਹੈ ਕਿ ਗ੍ਰੰਥੀ ਜਗਤਾਰ ਸਿੰਘ ਪੁੱਤਰ ਮੰਗਤ ਸਿੰਘ ਵਾਸੀ ਡੰਗੋਲੀ ਥਾਣਾ ਸਦਰ ਰੂਪਨਗਰ ਵਾਰ-ਵਾਰ ਆਪਣੇ ਬਿਆਨ ਬਦਲ ਰਿਹਾ ਸੀ, ਜਿਸ ਨੇ ਪਹਿਲਾਂ ਪੁਲਸ ਨੂੰ ਦੱਸਿਆ ਕਿ ਉਹ 9 ਜੂਨ ਸਵੇਰੇ ਕਰੀਬ 5:45 ਵਜੇ ਗੁਰੂ ਘਰ ਤੋਂ ਰੋਜ਼ਾਨਾ ਵਾਂਗ ਸੇਵਾ-ਸੰਭਾਲ ਕਰਕੇ ਗੁਰੂ ਘਰ ਦਾ ਦਰਵਾਜ਼ਾ ਬੰਦ ਕਰਕੇ ਆਪਣੇ ਘਰ ਚਲਾ ਗਿਆ ਸੀ ਪਰ ਫਿਰ ਕਹਿਣ ਲੱਗਾ ਕਿ ਮੈਂ ਜਾਣ ਸਮੇਂ ਗੁਰੂ ਘਰ ਦਾ ਦਰਵਾਜ਼ਾ ਬੰਦ ਨਹੀਂ ਕੀਤਾ ਸੀ। ਗ੍ਰੰਥੀ ਜਗਤਾਰ ਸਿੰਘ ਨੇ ਦੱਸਿਆ ਸੀ ਕਿ ਮੈਂ ਘਟਨਾ ਬਾਰੇ ਲੋਕਾਂ ਨੂੰ ਆਪਣੇ ਟੈਲੀਫੋਨ ਰਾਹੀਂ ਜਾਣਕਾਰੀ ਦਿੱਤੀ ਸੀ ਪਰ ਤਫਤੀਸ਼ ਦੌਰਾਨ ਇਹ ਗੱਲ ਵੀ ਝੂਠੀ ਸਾਬਤ ਹੋਈ।
ਉਨ੍ਹਾਂ ਦੱਸਿਆ ਕਿ ਤਫਤੀਸ਼ ਦੌਰਾਨ ਇਹ ਗੱਲ ਵੀ ਸਾਹਮਣੇ ਆਈ ਕਿ ਗ੍ਰੰਥੀ ਜਗਤਾਰ ਸਿੰਘ ਸਵੇਰੇ 5:45 ਵਜੇ ਦੇ ਕਰੀਬ ਗੁਰੂਘਰ ਤੋਂ ਆਪਣੇ ਘਰ ਨੂੰ ਚਲਾ ਗਿਆ ਸੀ ਅਤੇ ਕਰੀਬ 6:15 ਵਜੇ ਪਿੰਡ ਦੀਆਂ ਔਰਤਾਂ ਗੁਰਦੁਆਰਾ ਸਾਹਿਬ ਵਿਖੇ ਆਈਆਂ ਸਨ, ਜਿਨ੍ਹਾਂ ਨੇ ਸਭ ਤੋਂ ਪਹਿਲਾਂ ਇਹ ਬੇਅਦਬੀ ਦੀ ਘਟਨਾ ਵੇਖੀ ਸੀ। ਉਨ੍ਹਾਂ ਦੱਸਿਆ ਕਿ ਤਫਤੀਸ਼ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਗ੍ਰੰਥੀ ਸਿੰਘ ਦੇ ਗੁਰੂ ਘਰ ਤੋਂ ਜਾਣ ਅਤੇ ਔਰਤਾਂ ਦੇ ਗੁਰੂ ਘਰ ਆਉਣ ਤੋਂ ਪਹਿਲਾਂ ਹੋਰ ਕੋਈ ਵੀ ਵਿਅਕਤੀ ਗੁਰਦੁਆਰਾ ਸਾਹਿਬ ਵਿਚ ਨਹੀਂ ਸੀ ਆਇਆ।
ਉਨ੍ਹਾਂ ਦੱਸਿਆ ਕਿ ਪੁੱਛਗਿੱਛ ਦੌਰਾਨ ਗ੍ਰੰਥੀ ਜਗਤਾਰ ਸਿੰਘ ਨੇ ਮੰਨਿਆ ਕਿ ਉਹ ਡਰਾਈਵਰੀ ਕਰਦਾ ਹੈ ਅਤੇ ਪਿੰਡ ਵਿਚ ਇਕ ਹੀ ਗੁਰਦੁਆਰਾ ਸਾਹਿਬ ਰੱਖਣ ਬਾਰੇ ਕਈ ਦਿਨਾਂ ਤੋਂ ਉਸ 'ਤੇ ਦਬਾਅ ਪਾਇਆ ਜਾ ਰਿਹਾ ਸੀ। ਉਨ੍ਹਾਂ ਦੱਸਿਆ ਕਿ ਮੁਲਜ਼ਮ ਨੇ ਇਹ ਗੱਲ ਮੰਨੀ ਕਿ ਉਹ ਗੁਰਦੁਆਰਾ ਸਾਹਿਬ ਦੀ ਰੋਜ਼ਾਨਾ ਡਿਊਟੀ ਤੋਂ ਅੱਕ ਗਿਆ ਸੀ ਅਤੇ ਆਪਣੇ ਕੰਮ ਵਿਚੋਂ ਗੁਰਦੁਆਰਾ ਸਾਹਿਬ ਲਈ ਸਮਾਂ ਕੱਢਣਾ ਉਸ ਲਈ ਬਹੁਤ ਮੁਸ਼ਕਿਲ ਸੀ। ਮਾਨਸਿਕ ਤੌਰ 'ਤੇ ਪ੍ਰੇਸ਼ਾਨ ਹੋ ਕੇ ਉਸ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੋਲ ਭੋਗ ਲਾਉਣ ਲਈ ਰੱਖੀ ਸਿਰੀ ਸਾਹਿਬ ਦੀ ਸਾਈਡ ਵਾਲੀ ਪੱਤੀ ਨਾਲ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਕਈ ਅੰਗ ਪਾੜ ਦਿੱਤੇ ਅਤੇ ਫਿਰ ਲੋਕਾਂ ਨੂੰ ਗੁੰਮਰਾਹ ਕਰਨ ਲਈ ਗੁਰੂ ਘਰ ਦਾ ਦਰਵਾਜ਼ਾ ਇਸ ਮੰਤਵ ਲਈ ਖੁੱਲ੍ਹਾ ਛੱਡ ਕੇ ਚਲਾ ਗਿਆ ਕਿ ਲੋਕ ਇਹ ਸਮਝਣ ਕਿ ਕਿਸੇ ਜਾਨਵਰ ਨੇ ਗੁਰਦੁਆਰਾ ਸਾਹਿਬ ਵਿਚ ਦਾਖਲ ਹੋ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਗ੍ਰੰਥੀ ਜਗਤਾਰ ਸਿੰਘ ਨੂੰ ਇਸ ਮੁਕੱਦਮੇ 'ਚ ਅੱਜ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਮੁਕੱਦਮੇ ਦੀ ਤਫਤੀਸ਼ ਜਾਰੀ ਹੈ।


Related News