ਪੰਜਾਬ ਦੇ 29 ਸਾਲਾ ਲਾਂਸ ਨਾਇਕ ਨੇ ਪੀਤਾ ਸ਼ਹਾਦਤ ਦਾ ਜਾਮ, ਇਕ ਸਾਲ ਪਹਿਲਾਂ ਹੋਇਆ ਸੀ ਵਿਆਹ

Thursday, Sep 19, 2024 - 11:24 AM (IST)

ਨੂਰਪੁਰਬੇਦੀ (ਭੰਡਾਰੀ)-ਖੇਤਰ ਦੇ ਪਿੰਡ ਝੱਜ ਦੇ ਭਾਰਤੀ ਫ਼ੌਜ ’ਚ ਲਾਂਸ ਨਾਇਕ ਦੇ ਅਹੁਦੇ ’ਤੇ ਤਾਇਨਾਤ ਇਕ 29 ਸਾਲਾ ਸੈਨਿਕ ਬਲਜੀਤ ਸਿੰਘ ਉਸ ਸਮੇਂ ਸ਼ਹਾਦਤ ਦਾ ਜਾਮ ਪੀ ਗਿਆ ਜਦੋਂ ਦੁਸ਼ਮਣਾਂ ਦਾ ਸਾਹਮਣਾ ਕਰਦੇ ਸਮੇਂ ਫ਼ੌਜ ਦੀ ਅਰਮਦਾ ਗੱਡੀ 200 ਫੁੱਟ ਡੂੰਘੀ ਖੱਡ ’ਚ ਡਿੱਗ ਗਈ। ਇਸ ਗੱਡੀ ’ਚ ਸਵਾਰ ਹੋਰ 4 ਸੈਨਿਕ ਗੰਭੀਰ ਜ਼ਖ਼ਮੀ ਹੋ ਗਏ ਜਦ ਕਿ ਸੈਨਿਕ ਬਲਜੀਤ ਸਿੰਘ ਦੀ ਇਸ ਹਾਦਸੇ ’ਚ ਸ਼ਹਾਦਤ ਹੋ ਗਈ। ਸੈਨਿਕ ਦੀ ਮੌਤ ਦੀ ਖ਼ਬਰ ਸੁਣ ਕੇ ਸਮੁੱਚੇ ਰੂਪਨਗਰ ਜ਼ਿਲ੍ਹੇ ’ਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ।

ਜ਼ਿਕਰਯੋਗ ਹੈ ਕਿ ਪਿੰਡ ਝੱਜ ਨਾਲ ਸਬੰਧਤ ਬਲਜੀਤ ਸਿੰਘ ਪੁੱਤਰ ਸੰਤੋਖ ਸਿੰਘ ਸਾਲ 2014 ’ਚ ਭਾਰਤੀ ਫ਼ੌਜ ਦੀ 2 ਪੈਰਾ (ਐੱਸ. ਐੱਫ਼.) ’ਚ ਭਰਤੀ ਹੋਇਆ ਸੀ, ਜੋ ਇਸ ਸਮੇਂ ਜੰਮੂ-ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ ’ਚ ਡਿਊਟੀ ’ਤੇ ਤਾਇਨਾਤ ਸੀ। ਪਰਿਵਾਰਕ ਮੈਂਬਰਾਂ ਨੇ ਫ਼ੌਜ ਦੇ ਅਧਿਕਾਰੀਆਂ ਦੇ ਹਵਾਲੇ ਤੋਂ ਮਿਲੀ ਸੂਚਨਾ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੈਨਿਕ ਬਲਜੀਤ ਸਿੰਘ ਸਪੈਸ਼ਲ ਫੋਰਸ ਦੀ ਟੁਕੜੀ ਦਾ ਹਿੱਸਾ ਸੀ ਜੋ ਪੀ. ਐੱਮ. ਕੇ. ਜੀ. ਗੰਨ ’ਤੇ ਤਾਇਨਾਤ ਸੀ। ਜਦੋਂ ਫ਼ੌਜ ਦੇ ਅਧਿਕਾਰੀ ਮੰਗਲਵਾਰ ਨੂੰ ਦੁਸ਼ਮਣਾਂ ਦੀਆਂ ਗਤੀਵਿਧੀਆਂ ਦਾ ਪਤਾ ਚੱਲਣ ’ਤੇ 2 ਗੱਡੀਆਂ ’ਚ ਰਵਾਨਾ ਹੋਏ ਤਾਂ ਇਸ ਦੌਰਾਨ ਦੁਸ਼ਮਣਾਂ ਦਾ ਸਾਹਮਣਾ ਕਰਨ ਸਮੇਂ ਫ਼ੌਜ ਦੀ ਇਕ ਅਰਮਦਾ ਗੱਡੀ ਘੁੰਮਣ ਸਮੇਂ ਅਚਾਨਕ ਮਨਜਾਕੋਟੇ ਖੇਤਰ ਲਾਗੇ 200 ਫੁੱਟ ਡੂੰਘੀ ਖੱਡ ’ਚ ਡਿੱਗ ਗਈ। ਇਸ ਦੌਰਾਨ ਉਕਤ ਗੱਡੀ ’ਚ ਸਵਾਰ 4 ਜਵਾਨਾਂ ਦੇ ਗੰਭੀਰ ਸੱਟਾਂ ਲੱਗੀਆਂ ਜਦਕਿ ਲਾਂਸ ਨਾਇਕ ਬਲਜੀਤ ਸਿੰਘ ਗੰਭੀਰ ਜ਼ਖ਼ਮੀ ਹੋਣ ਉਪਰੰਤ ਡਿਊਟੀ ਦੌਰਾਨ ਸ਼ਹੀਦ ਹੋ ਗਿਆ।

ਇਹ ਵੀ ਪੜ੍ਹੋ- ਸੱਥ 'ਚ ਬੈਠਣ 'ਤੇ ਪੈ ਗਿਆ ਰੌਲਾ, ਕੁੱਟ-ਕੁੱਟ ਕੇ ਵਿਅਕਤੀ ਨੂੰ ਉਤਾਰਿਆ ਮੌਤ ਦੇ ਘਾਟ

ਮਹੀਨਾ ਪਹਿਲਾਂ ਛੁੱਟੀ ਕੱਟ ਕੇ ਪਰਤੇ ਸੈਨਿਕ ਦਾ ਸਾਲ ਪਹਿਲਾਂ ਹੀ ਹੋਇਆ ਸੀ ਵਿਆਹ
ਦੱਸਣਯੋਗ ਹੈ ਕਿ ਉਕਤ ਜਵਾਨ ਕਰੀਬ 10 ਸਾਲ ਪਹਿਲਾਂ ਭਾਰਤੀ ਫ਼ੌਜ ’ਚ ਭਰਤੀ ਹੋਇਆ ਸੀ ਅਤੇ ਉਸ ਦੀ ਉਮਰ ਕਰੀਬ 29 ਸਾਲ ਸੀ। ਖੇਡਾਂ ’ਚ ਹੋਣਹਾਰ ਉਕਤ ਸੈਨਿਕ ਕਰੀਬ ਮਹੀਨਾ ਪਹਿਲਾਂ ਹੀ ਛੁੱਟੀ ਕੱਟ ਕੇ ਵਾਪਸ ਡਿਊਟੀ ’ਤੇ ਗਿਆ ਸੀ। ਉਕਤ ਸੈਨਿਕ ਦਾ ਕਰੀਬ 1 ਸਾਲ ਪਹਿਲਾਂ ਹੀ ਵਿਆਹ ਹੋਇਆ ਸੀ। ਸੈਨਿਕ ਦੀ ਸ਼ਹਾਦਤ ਦੀ ਖ਼ਬਰ ਸੁਣ ਕੇ ਇਲਾਕੇ ’ਚ ਗਮਗੀਨ ਮਾਹੌਲ ਪਾਇਆ ਜਾ ਰਿਹਾ ਹੈ। ਪਰਿਵਾਰਕ ਮੈਂਬਰਾਂ ਅਨੁਸਾਰ ਭਾਵੇਂ ਅਜੇ ਸ਼ਹੀਦ ਦੇ ਘਰ ’ਚ ਸੈਨਿਕ ਦੀ ਸ਼ਹਾਦਤ ਦੀ ਖ਼ਬਰ ਨਹੀਂ ਦਿੱਤੀ ਗਈ ਹੈ। ਮਗਰ ਹੋਰਨਾਂ ਰਿਸ਼ਤੇਦਾਰਾਂ ਨੂੰ ਉਕਤ ਸੂਚਨਾ ਪਹੁੰਚਾ ਦਿੱਤੀ ਗਈ। ਸ਼ਹੀਦ ਦੀ ਅੰਤਿਮ ਦੇਹ ਅੱਜ ਉਨ੍ਹਾਂ ਦੇ ਗ੍ਰਹਿ ਨਿਵਾਸ ਪਿੰਡ ਝੱਜ ਵਿਖੇ ਪਹੁੰਚੇਗੀ। ਜਿਸ ਤੋਂ ਉਪਰੰਤ ਲਾਂਸ ਨਾਇਕ ਬਲਜੀਤ ਸਿੰਘ ਦਾ ਸਰਕਾਰੀ ਸਨਮਾਨਾਂ ਨਾਲ ਪਿੰਡ ’ਚ ਸੰਸਕਾਰ ਕੀਤਾ ਜਾਵੇਗਾ।

ਇਹ ਵੀ ਪੜ੍ਹੋ- ਹਾਏ ਓ ਰੱਬਾ! ਮਾਂ ਤੇ ਦੋ ਜਵਾਨ ਪੁੱਤਾਂ ਦੀਆਂ ਇਕੱਠੇ ਬਲੀਆਂ ਚਿਖਾਵਾਂ, ਬਲਦੇ ਸਿਵੇ ਵੇਖ ਧਾਹਾਂ ਮਾਰ ਰੋਇਆ ਪਿੰਡ
 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ

 


shivani attri

Content Editor

Related News