ਪੁੱਤਰ ਹੀ ਨਿਕਲਿਆ ਪੁਲਸ ਮੁਲਾਜ਼ਮ ਪਿਓ ਦਾ ਕਾਤਲ
Friday, Jan 03, 2025 - 03:19 PM (IST)
ਬਠਿੰਡਾ (ਸੁਖਵਿੰਦਰ) : ਬੀਤੀ 20 ਦਸੰਬਰ ਨੂੰ ਮੁਲਤਾਨੀਆ ਪੁਲ ਨੇੜੇ ਸਾਬਕਾ ਪੁਲਸ ਮੁਲਾਜ਼ਮ ਦੇ ਕਤਲ ਮਾਮਲੇ 'ਚ ਉਸ ਦਾ ਪੁੱਤਰ ਹੀ ਕਾਤਲ ਨਿਕਲਿਆ। ਪੁਲਸ ਨੇ ਮੁਲਜ਼ਮ ਨੌਜਵਾਨ ਨੂੰ ਗ੍ਰਿਫ਼ਤਾਰ ਕਰਕੇ ਕਤਲ 'ਚ ਵਰਤੀ ਗਈ ਬੰਦੂਕ ਵੀ ਬਰਾਮਦ ਕਰ ਲਈ ਹੈ। ਜਾਣਕਾਰੀ ਦਿੰਦਿਆਂ ਡੀ. ਐੱਸ. ਪੀ. ਹਰਬੰਸ ਸਿੰਘ ਨੇ ਦੱਸਿਆ ਕਿ ਜਦੋਂ ਪੁਲਸ ਨੇ ਸਾਬਕਾ ਪੁਲਸ ਮੁਲਾਜ਼ਮ ਓਮ ਪ੍ਰਕਾਸ਼ ਦੇ ਕਤਲ ਮਾਮਲੇ 'ਚ ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕੀਤੀ ਤਾਂ ਪਤਾ ਲੱਗਾ ਕਿ ਮ੍ਰਿਤਕ ਓਮ ਪ੍ਰਕਾਸ਼ ਦਾ ਆਪਣੀ ਪਤਨੀ ਅਤੇ ਪੁੱਤਰ ਹਰਸਿਮਰਨਜੀਤ ਸਿੰਘ ਉਰਫ਼ ਜੱਗਾ ਨਾਲ ਪਰਿਵਾਰਕ ਝਗੜਾ ਚੱਲ ਰਿਹਾ ਸੀ। ਇਸੇ ਰੰਜਿਸ਼ ਕਾਰਨ ਓਮ ਪ੍ਰਕਾਸ਼ ਨੇ ਸੇਵਾਮੁਕਤੀ ਤੋਂ ਬਾਅਦ ਜੈਤੋਂ ਸਥਿਤ ਆਪਣੇ ਘਰ ਰਹਿਣ ਦੀ ਬਜਾਏ ਬਠਿੰਡਾ ਵਿਖੇ ਪੰਜਾਬ ਪੁਲਸ ਦੀ ਮਹਿਲਾ ਏ. ਐੱਸ. ਆਈ. ਦੇ ਨਾਲ ਰਹਿਣਾ ਸ਼ੁਰੂ ਕਰ ਦਿੱਤਾ।
ਇਸੇ ਝਗੜੇ ਕਾਰਨ ਕੁੱਝ ਸਮਾਂ ਪਹਿਲਾਂ ਓਮ ਪ੍ਰਕਾਸ਼ ਦੀ ਪਤਨੀ ਦੀ ਵੀ ਮੌਤ ਹੋ ਗਈ ਸੀ ਅਤੇ ਉਸ ਦਾ ਪੁੱਤਰ ਆਪਣੇ ਪਿਤਾ ਤੋਂ ਨਾਰਾਜ਼ ਸੀ। ਹਰਸਿਮਰਨਜੀਤ ਸਿੰਘ ਨੂੰ ਲੱਗਦਾ ਸੀ ਕਿ ਉਸ ਦਾ ਪਿਤਾ ਉਕਤ ਔਰਤ 'ਤੇ ਉਸ ਦੀ ਬੱਚਤ ਅਤੇ ਜਾਇਦਾਦ ਨੂੰ ਬਰਬਾਦ ਕਰ ਰਿਹਾ ਹੈ, ਜਿਸ ਕਾਰਨ ਉਹ ਆਪਣੇ ਪਿਤਾ ਨਾਲ ਨਾਰਾਜ਼ ਸੀ। ਹਾਲ ਹੀ 'ਚ ਉਸ ਨੂੰ ਪਤਾ ਲੱਗਾ ਕਿ ਉਸ ਦੇ ਪਿਤਾ ਨੇ ਬੈਂਕ ਤੋਂ ਕੁੱਝ ਕਰਜ਼ਾ ਵੀ ਲਿਆ ਸੀ, ਜਿਸ ਕਾਰਨ ਉਸ ਨੂੰ ਲੱਗਦਾ ਸੀ ਕਿ ਉਸ ਦਾ ਪਿਤਾ ਉਸ ਦੀ ਸਾਰੀ ਜਾਇਦਾਦ ਤਬਾਹ ਕਰ ਦੇਵੇਗਾ।
ਇਸ ਕਾਰਨ ਉਸ ਨੇ ਆਪਣੇ ਪਿਤਾ ਨੂੰ ਮਾਰਨ ਦੀ ਯੋਜਨਾ ਬਣਾਈ। 20 ਦਸੰਬਰ ਨੂੰ ਉਹ ਆਪਣੀ ਲਾਇਸੈਂਸੀ ਬੰਦੂਕ ਲੈ ਕੇ ਮੋਟਰਸਾਈਕਲ 'ਤੇ ਮੁਲਤਾਨੀਆ ਪੁਲ ਨਜ਼ਦੀਕ ਪਹੁੰਚਿਆ ਅਤੇ ਆਪਣੇ ਪਿਤਾ ਦਾ ਉਸ ਸਮੇਂ ਗੋਲੀ ਮਾਰ ਕੇ ਕਤਲ ਕਰ ਦਿੱਤਾ, ਜਦੋਂ ਉਹ ਦੁਕਾਨ ਤੋਂ ਦੁੱਧ ਲੈਣ ਜਾ ਰਿਹਾ ਸੀ। ਅਧਿਕਾਰੀ ਨੇ ਦੱਸਿਆ ਕਿ ਪੁਲਸ ਵਲੋਂ ਡੂੰਘਾਈ ਨਾਲ ਜਾਂਚ ਕੀਤੀ ਗਈ ਤਾਂ ਉਨ੍ਹਾਂ ਨੂੰ ਪਤਾ ਲੱਗਾ ਕਿ ਮੁਲਜ਼ਮ ਹਰਸਿਮਰਨਜੀਤ ਸਿੰਘ ਵਲੋਂ ਕਤਲ ਕੀਤਾ ਗਿਆ ਹੈ। ਪੁਲਸ ਵਲੋਂ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਕੇ ਉਸ ਕੋਲੋਂ ਇਕ ਡਬਲ ਬੈਰਲ ਬੰਦੂਕ ਵੀ ਬਰਾਮਦ ਕੀਤੀ ਹੈ। ਪੁਲਸ ਮਾਮਲੇ ਦੀ ਅਗਲੀ ਕਾਰਵਾਈ ਕਰ ਰਹੀ ਹੈ।