ਖਬਰ ਦਾ ਅਸਰ : ਗੋਨਿਆਣਾ ਮੰਡੀ ''ਚ ਫੂਡ ਸੇਫਟੀ ਟੀਮ ਦੀ ਛਾਪੇਮਾਰੀ

Thursday, Mar 05, 2026 - 06:08 PM (IST)

ਖਬਰ ਦਾ ਅਸਰ : ਗੋਨਿਆਣਾ ਮੰਡੀ ''ਚ ਫੂਡ ਸੇਫਟੀ ਟੀਮ ਦੀ ਛਾਪੇਮਾਰੀ

ਗੋਨਿਆਣਾ ਮੰਡੀ (ਗੋਰਾ ਲਾਲ) : ਸ਼ਹਿਰ ਗੋਨਿਆਣਾ ਮੰਡੀ ਵਿਚ ਨਕਲੀ ਅਤੇ ਮਿਲਾਵਟੀ ਖਾਣ-ਪੀਣ ਦੇ ਸਮਾਨ ਸਬੰਧੀ ਜਗਬਾਣੀ ਵਿਚ ਛਪੀ ਖਬਰ ਤੋਂ ਬਾਅਦ ਆਖ਼ਿਰਕਾਰ ਸਿਹਤ ਮਹਿਕਮਾ ਹਰਕਤ ਵਿਚ ਆ ਗਿਆ ਹੈ। ਖਬਰ ਵਿਚ ਬਾਜ਼ਾਰਾਂ ਵਿਚ ਡਾਲਡਾ ਦੇ ਰੇਟ ‘ਤੇ ਵਿਕ ਰਹੇ ਡੁਪਲੀਕੇਟ ਦੇਸੀ ਘਿਓ ਅਤੇ ਹੋਰ ਮਿਲਾਵਟੀ ਖਾਣ-ਪੀਣ ਦੀਆਂ ਵਸਤੂਆਂ ਬਾਰੇ ਉਠੇ ਸਵਾਲਾਂ ਨੇ ਮਹਿਕਮੇ ਨੂੰ ਕਾਰਵਾਈ ਕਰਨ ਲਈ ਮਜਬੂਰ ਕਰ ਦਿੱਤਾ। ਇਸ ਤੋਂ ਬਾਅਦ ਫੂਡ ਸੇਫਟੀ ਟੀਮ ਬਠਿੰਡਾ ਨੇ ਗੋਨਿਆਣਾ ਮੰਡੀ ਵਿਚ ਅਚਾਨਕ ਛਾਪੇਮਾਰੀ ਕਰਦਿਆਂ ਕਈ ਕਰਿਆਣਾ ਦੁਕਾਨਾਂ ਅਤੇ ਰੈਸਟੋਰੈਂਟਾਂ ਦੀ ਜਾਂਚ ਕੀਤੀ ਅਤੇ ਵੱਖ-ਵੱਖ ਖਾਣ-ਪੀਣ ਦੇ ਸਮਾਨ ਦੇ ਸੈਂਪਲ ਭਰ ਕੇ ਲੈਬ ਟੈਸਟ ਲਈ ਭੇਜੇ ਹਨ।

ਇਸ ਕਾਰਵਾਈ ਦੌਰਾਨ ਟੀਮ ਨੇ ਖਾਸ ਤੌਰ ‘ਤੇ ਵਨਸਪਤੀ ਘਿਓ, ਸਰੋਂ ਦਾ ਤੇਲ ਅਤੇ ਦੇਸੀ ਘਿਓ ਦੇ ਸੈਂਪਲ ਇਕੱਠੇ ਕੀਤੇ ਕਿਉਂਕਿ ਇਨ੍ਹਾਂ ਚੀਜ਼ਾਂ ਵਿਚ ਮਿਲਾਵਟ ਦੀਆਂ ਸਭ ਤੋਂ ਵੱਧ ਸ਼ਿਕਾਇਤਾਂ ਸਾਹਮਣੇ ਆ ਰਹੀਆਂ ਸਨ। ਇਸ ਦੇ ਨਾਲ ਹੀ ਮਾਲ ਰੋਡ ‘ਤੇ ਸਥਿਤ ਕਈ ਰੈਸਟੋਰੈਂਟਾਂ ਦੀ ਵੀ ਜਾਂਚ ਕੀਤੀ ਗਈ, ਜਿੱਥੇ ਤਿਆਰ ਖਾਣ-ਪੀਣ ਵਾਲੀਆਂ ਚੀਜ਼ਾਂ ਜਿਵੇਂ ਪ੍ਰੋਟੀਨ ਸਲਾਦ, ਪ੍ਰੋਟੀਨ ਸ਼ੇਕ ਅਤੇ ਵਾਫਲ ਪ੍ਰੀਮਿਕਸ ਆਟੇ ਦੇ ਸੈਂਪਲ ਵੀ ਲਏ ਗਏ। ਜਾਂਚ ਦੌਰਾਨ ਦੁਕਾਨਦਾਰਾਂ ਅਤੇ ਰੈਸਟੋਰੈਂਟ ਚਲਾਉਣ ਵਾਲਿਆਂ ਦੇ ਲਾਇਸੈਂਸ ਅਤੇ ਰਜਿਸਟ੍ਰੇਸ਼ਨ ਵੀ ਚੈੱਕ ਕੀਤੇ ਗਏ ਅਤੇ ਜਿੱਥੇ ਵੀ ਖਾਮੀਆਂ ਮਿਲੀਆਂ ਉੱਥੇ ਫੂਡ ਬਿਜ਼ਨਸ ਓਪਰੇਟਰਾਂ ਨੂੰ ਨੋਟਿਸ ਜਾਰੀ ਕਰ ਦਿੱਤੇ ਗਏ। ਮਹਿਕਮੇ ਵੱਲੋਂ ਉਨ੍ਹਾਂ ਨੂੰ ਖੁਰਾਕ ਸੁਰੱਖਿਆ ਦੇ ਨਿਯਮਾਂ ਅਨੁਸਾਰ ਗੁੱਡ ਮੈਨੂਫੈਕਚਰਿੰਗ ਪ੍ਰੈਕਟਿਸ (GMP) ਅਤੇ ਗੁੱਡ ਹਾਈਜੀਨ ਪ੍ਰੈਕਟਿਸ (GHP) ਦੀ ਪਾਲਣਾ ਕਰਨ ਲਈ ਵੀ ਸਖ਼ਤ ਹਦਾਇਤਾਂ ਦਿੱਤੀਆਂ ਗਈਆਂ। 


author

Gurminder Singh

Content Editor

Related News