ਸਰਕਾਰ ਜੀ! ਪੰਜਾਬ ਪੁਲਸ ਦੇ ਮੁਲਾਜ਼ਮਾਂ ’ਤੇ ਵਧਦਾ ਤਣਾਅ, ਨਫਰੀ ਦੀ ਘਾਟ ਨੇ ਖੜ੍ਹੇ ਕੀਤੇ ਗੰਭੀਰ ਸਵਾਲ
Saturday, Mar 14, 2026 - 09:04 PM (IST)
ਗੋਨਿਆਣਾ ਮੰਡੀ (ਗੋਰਾ ਲਾਲ) : ਪੰਜਾਬ ਵਿੱਚ ਕਾਨੂੰਨ-ਵਿਵਸਥਾ ਕਾਇਮ ਰੱਖਣ ਦੀ ਸਭ ਤੋਂ ਵੱਡੀ ਜ਼ਿੰਮੇਵਾਰੀ ਨਿਭਾਉਣ ਵਾਲੀ ਪੰਜਾਬ ਪੁਲਸ ਇਸ ਸਮੇਂ ਖੁਦ ਹੀ ਗੰਭੀਰ ਦਬਾਅ ਹੇਠ ਦਿਖਾਈ ਦੇ ਰਹੀ ਹੈ। ਸਰਕਾਰਾਂ ਵੱਲੋਂ ਵੱਡੇ-ਵੱਡੇ ਦਾਅਵੇ ਕੀਤੇ ਜਾਂਦੇ ਹਨ ਕਿ ਸੂਬੇ ਵਿੱਚ ਅਮਨ-ਚੈਨ ਕਾਇਮ ਹੈ ਅਤੇ ਪੁਲਸ ਮਜ਼ਬੂਤੀ ਨਾਲ ਕੰਮ ਕਰ ਰਹੀ ਹੈ, ਪਰ ਜ਼ਮੀਨੀ ਹਕੀਕਤ ਕੁਝ ਹੋਰ ਹੀ ਬਿਆਨ ਕਰਦੀ ਨਜ਼ਰ ਆ ਰਹੀ ਹੈ। ਜਾਣਕਾਰੀ ਮੁਤਾਬਕ ਪੰਜਾਬ ਪੁਲਸ ਦੇ ਕਈ ਥਾਣਿਆਂ ਅਤੇ ਚੌਕੀਆਂ ਵਿੱਚ ਨਫਰੀ ਦੀ ਭਾਰੀ ਘਾਟ ਹੋਣ ਕਾਰਨ ਮੌਜੂਦਾ ਮੁਲਾਜ਼ਮਾਂ ‘ਤੇ ਕੰਮ ਦਾ ਬੋਝ ਕਈ ਗੁਣਾ ਵੱਧ ਗਿਆ ਹੈ।
ਇੱਕ ਪਾਸੇ ਕਾਨੂੰਨ-ਵਿਵਸਥਾ ਦੀ ਡਿਊਟੀ, ਦੂਜੇ ਪਾਸੇ ਵੀ.ਆਈ.ਪੀ. ਡਿਊਟੀਆਂ, ਚੋਣਾਂ, ਧਾਰਮਿਕ ਸਮਾਗਮਾਂ ਅਤੇ ਵੱਖ-ਵੱਖ ਪ੍ਰੋਗਰਾਮਾਂ ਦੀ ਸੁਰੱਖਿਆ—ਇਨ੍ਹਾਂ ਸਾਰੀਆਂ ਜ਼ਿੰਮੇਵਾਰੀਆਂ ਨੇ ਪੁਲਸ ਮੁਲਾਜ਼ਮਾਂ ਦੀ ਜ਼ਿੰਦਗੀ ਨੂੰ ਬਹੁਤ ਹੀ ਮੁਸ਼ਕਲ ਬਣਾ ਦਿੱਤਾ ਹੈ। ਸੂਤਰਾਂ ਦਾ ਕਹਿਣਾ ਹੈ ਕਿ ਕਈ ਥਾਣਿਆਂ ਵਿੱਚ ਜਿੱਥੇ ਦਸ ਤੋਂ ਬਾਰਾਂ ਕਰਮਚਾਰੀ ਹੋਣੇ ਚਾਹੀਦੇ ਹਨ, ਉੱਥੇ ਚਾਰ ਜਾਂ ਪੰਜ ਮੁਲਾਜ਼ਮਾਂ ਨਾਲ ਹੀ ਸਾਰਾ ਕੰਮ ਚਲਾਇਆ ਜਾ ਰਿਹਾ ਹੈ, ਜਿਸ ਕਾਰਨ 12-12 ਘੰਟਿਆਂ ਦੀ ਡਿਊਟੀ ਆਮ ਗੱਲ ਬਣ ਗਈ ਹੈ। ਕਈ ਮੁਲਾਜ਼ਮਾਂ ਨੂੰ ਛੁੱਟੀਆਂ ਤੱਕ ਨਹੀਂ ਮਿਲ ਰਹੀਆਂ ਅਤੇ ਪਰਿਵਾਰਕ ਜ਼ਿੰਮੇਵਾਰੀਆਂ ਵੀ ਨਿਭਾਉਣੀਆਂ ਔਖੀਆਂ ਹੋ ਗਈਆਂ ਹਨ। ਇਸ ਹਾਲਾਤ ਨੇ ਇਹ ਸਵਾਲ ਖੜ੍ਹਾ ਕਰ ਦਿੱਤਾ ਹੈ ਕਿ ਜੇਕਰ ਪੁਲਸ ਖੁਦ ਹੀ ਦਬਾਅ ਹੇਠ ਹੋਵੇਗੀ ਤਾਂ ਉਹ ਲੋਕਾਂ ਨੂੰ ਕਿਵੇਂ ਪੂਰੀ ਸੁਰੱਖਿਆ ਦੇ ਸਕੇਗੀ। ਦੂਜੇ ਪਾਸੇ ਸਰਕਾਰ ਵੱਲੋਂ ਪੁਲਸ ਭਰਤੀ ਦੇ ਐਲਾਨ ਤਾਂ ਵਾਰ-ਵਾਰ ਕੀਤੇ ਜਾਂਦੇ ਹਨ, ਪਰ ਮੌਕੇ ‘ਤੇ ਨਫਰੀ ਦੀ ਕਮੀ ਅਜੇ ਵੀ ਵੱਡੀ ਸਮੱਸਿਆ ਬਣੀ ਹੋਈ ਹੈ।
ਪੁਲਸ ਦੇ ਕਈ ਰਿਟਾਇਰਡ ਅਧਿਕਾਰੀਆਂ ਦਾ ਕਹਿਣਾ ਹੈ ਕਿ ਜੇਕਰ ਸਮੇਂ ਸਿਰ ਨਵੀਆਂ ਭਰਤੀਆਂ ਨਾ ਕੀਤੀਆਂ ਗਈਆਂ ਤਾਂ ਭਵਿੱਖ ਵਿੱਚ ਕਾਨੂੰਨ-ਵਿਵਸਥਾ ‘ਤੇ ਵੀ ਅਸਰ ਪੈ ਸਕਦਾ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਸਰਕਾਰ ਨੂੰ ਸਿਰਫ ਐਲਾਨਾਂ ਤੱਕ ਸੀਮਿਤ ਰਹਿਣ ਦੀ ਬਜਾਏ ਜ਼ਮੀਨੀ ਪੱਧਰ ‘ਤੇ ਕਦਮ ਚੁੱਕਣੇ ਪੈਣਗੇ। ਮਾਹਿਰਾਂ ਦੇ ਅਨੁਸਾਰ ਪੁਲਸ ਮੁਲਾਜ਼ਮਾਂ ਦੀ ਲੰਮੀ ਡਿਊਟੀ ਅਤੇ ਮਾਨਸਿਕ ਤਣਾਅ ਕਾਰਨ ਉਨ੍ਹਾਂ ਦੀ ਸਿਹਤ ‘ਤੇ ਵੀ ਬੁਰਾ ਪ੍ਰਭਾਵ ਪੈ ਰਿਹਾ ਹੈ, ਜਿਸ ਕਾਰਨ ਕਈ ਵਾਰ ਗਲਤੀਆਂ ਵੀ ਹੋ ਜਾਂਦੀਆਂ ਹਨ ਅਤੇ ਫਿਰ ਸਾਰਾ ਦੋਸ਼ ਪੁਲਸ ‘ਤੇ ਹੀ ਆ ਜਾਂਦਾ ਹੈ। ਇਸਦੇ ਨਾਲ ਹੀ ਕਈ ਥਾਵਾਂ ‘ਤੇ ਇਹ ਵੀ ਦੋਸ਼ ਲੱਗਦੇ ਰਹੇ ਹਨ ਕਿ ਉੱਚ ਅਧਿਕਾਰੀਆਂ ਵੱਲੋਂ ਵੀ ਮੁਲਾਜ਼ਮਾਂ ‘ਤੇ ਬੇਹੱਦ ਦਬਾਅ ਬਣਾਇਆ ਜਾਂਦਾ ਹੈ, ਜਿਸ ਕਾਰਨ ਹਾਲਾਤ ਹੋਰ ਵੀ ਗੰਭੀਰ ਬਣ ਜਾਂਦੇ ਹਨ।
ਲੋਕਾਂ ਦਾ ਮੰਨਣਾ ਹੈ ਕਿ ਜੇਕਰ ਪੰਜਾਬ ਪੁਲਿਸ ਨੂੰ ਮਜ਼ਬੂਤ ਬਣਾਉਣਾ ਹੈ ਤਾਂ ਸਭ ਤੋਂ ਪਹਿਲਾਂ ਨਫਰੀ ਦੀ ਘਾਟ ਨੂੰ ਦੂਰ ਕਰਨਾ ਹੋਵੇਗਾ ਅਤੇ ਮੁਲਾਜ਼ਮਾਂ ਨੂੰ ਬਿਹਤਰ ਸਹੂਲਤਾਂ ਦੇਣੀਆਂ ਪੈਣਗੀਆਂ। ਨਹੀਂ ਤਾਂ ਹਾਲਾਤ ਇਹੋ ਜਿਹੇ ਹੀ ਰਹੇ ਤਾਂ ਆਉਣ ਵਾਲੇ ਸਮੇਂ ਵਿੱਚ ਪੁਲਸ ‘ਤੇ ਦਬਾਅ ਹੋਰ ਵਧ ਸਕਦਾ ਹੈ। ਹੁਣ ਵੇਖਣਾ ਇਹ ਹੈ ਕਿ ਸਰਕਾਰ ਇਸ ਗੰਭੀਰ ਮੁੱਦੇ ‘ਤੇ ਕਦੋਂ ਤੱਕ ਧਿਆਨ ਦਿੰਦੀ ਹੈ ਅਤੇ ਕੀ ਪੰਜਾਬ ਪੁਲਸ ਦੇ ਮੁਲਾਜ਼ਮਾਂ ਨੂੰ ਇਸ ਤਣਾਅ ਤੋਂ ਰਾਹਤ ਮਿਲ ਸਕੇਗੀ ਜਾਂ ਨਹੀਂ, ਕਿਉਂਕਿ ਜੇਕਰ ਰੱਖਿਆ ਕਰਨ ਵਾਲੇ ਹੀ ਥੱਕ ਜਾਣ ਤਾਂ ਸਿਸਟਮ ਦੀ ਮਜ਼ਬੂਤੀ ‘ਤੇ ਸਵਾਲ ਖੜ੍ਹੇ ਹੋਣ ਲਾਜ਼ਮੀ ਹਨ।
