ਨਸ਼ੀਲੀਆਂ ਦਵਾਈਆਂ ਦੀ ਤਸਕਰੀ ਦੇ ਦੋਸ਼ੀ ਨੂੰ 12 ਸਾਲ ਕੈਦ
Friday, Aug 11, 2023 - 01:44 PM (IST)
ਲੁਧਿਆਣਾ (ਮਹਿਰਾ) : ਵਧੀਕ ਸੈਸ਼ਨ ਜੱਜ ਹਰਬੰਸ ਸਿੰਘ ਲੇਖੀ ਦੀ ਅਦਾਲਤ ਨੇ ਡਾਬਾ ਨਿਵਾਸੀ ਹਰਪ੍ਰੀਤ ਸਿੰਘ ਉਰਫ਼ ਹੈਪੀ ਨੂੰ ਭਾਰੀ ਮਾਤਰਾ ’ਚ ਨਸ਼ੀਲੀਆਂ ਦਵਾਈਆਂ ਦੀ ਤਸਕਰੀ ਦੇ ਦੋਸ਼ ’ਚ 12 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ। ਅਦਾਲਤ ਨੇ ਮੁਲਜ਼ਮ ਨੂੰ 1 ਲੱਖ ਰੁਪਏ ਜੁਰਮਾਨਾ ਭਰਨ ਦਾ ਵੀ ਹੁਕਮ ਦਿੱਤਾ ਹੈ।
ਜਾਣਕਾਰੀ ਮੁਤਾਬਕ 24 ਅਕਤੂਬਰ 2020 ਨੂੰ ਪੁਲਸ ਥਾਣਾ ਡਾਬਾ ਦੀ ਪੁਲਸ ਨੇ ਡਾਬਾ-ਲੋਹਾਰਾ ਰੋਡ ’ਤੇ ਨਾਕਾ ਲਾਇਆ ਹੋਇਆ ਸੀ ਅਤੇ ਉਨ੍ਹਾਂ ਨੇ ਲੋਹਾਰਾ ਰੋਡ ਵਾਲੇ ਪਾਸਿਓਂ ਉਕਤ ਮੁਲਜ਼ਮ ਨੂੰ ਆਉਂਦੇ ਦੇਖਿਆ, ਜਿਸ ਨੇ ਆਪਣੇ ਮੋਢੇ ’ਤੇ ਸਫ਼ੈਦ ਰੰਗ ਦਾ ਬੈਗ ਟੰਗਿਆ ਹੋਇਆ ਸੀ।
ਪੁਲਸ ਨੂੰ ਦੇਖਦੇ ਹੀ ਉਹ ਵਾਪਸ ਮੁੜਨ ਲੱਗਾ। ਸ਼ੱਕ ਦੇ ਆਧਾਰ ’ਤੇ ਪੁਲਸ ਨੇ ਉਸ ਨੂੰ ਫੜ੍ਹ ਲਿਆ ਅਤੇ ਜਦੋਂ ਉਸ ਦੇ ਬੈਗ ਦੀ ਤਲਾਸ਼ੀ ਲਈ ਤਾਂ ਉਸ ’ਚ 7300 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ। ਨਸ਼ੀਲੀਆਂ ਗੋਲੀਆਂ ਦੀ ਮੌਜੂਦਗੀ ਸਬੰਧੀ ਕੋਈ ਬਿੱਲ ਨਹੀਂ ਦਿਖਾ ਸਕਿਆ ਅਤੇ ਨਾ ਹੀ ਕੋਈ ਤਸੱਲੀਬਖਸ਼ ਜਵਾਬ ਦੇ ਸਕਿਆ। ਪੁਲਸ ਨੇ ਕੇਸ ਦਰਜ ਕਰ ਕੇ ਉਸ ਨੂੰ ਗ੍ਰਿਫ਼ਤਾਰ ਕਰ ਕੇ ਅਦਾਲਤ ’ਚ ਪੇਸ਼ ਕੀਤਾ ਸੀ।