ਲੁੱਟ-ਖੋਹ ਦੀ ਯੋਜਨਾ ਬਣਾ ਰਹੇ 6 ਲੁਟੇਰੇ ਕਾਬੂ

Friday, Jan 12, 2018 - 01:59 AM (IST)

ਮੋਗਾ,    (ਆਜ਼ਾਦ)-  ਪੁਲਸ ਵੱਲੋਂ ਲੁੱਟ-ਖੋਹ ਕਰਨ ਵਾਲੇ ਗਿਰੋਹ ਨੂੰ ਕਾਬੂ ਕਰਨ ਲਈ ਚਲਾਈ ਜਾ ਰਹੀ ਮੁਹਿੰਮ ਤਹਿਤ ਸਪੈਸ਼ਲ ਸਟਾਫ ਮੋਗਾ ਵੱਲੋਂ ਲੁੱਟ-ਖੋਹ ਦੀ ਯੋਜਨਾ ਬਣਾ ਰਹੇ 6 ਹਥਿਆਰਬੰਦ ਲੁਟੇਰਿਆਂ ਨੂੰ ਕਾਬੂ ਕੀਤਾ ਗਿਆ, ਜਿਨ੍ਹਾਂ ਕੋਲੋਂ ਲੁੱਟ-ਖੋਹ ਦਾ ਕਾਫੀ ਸਾਮਾਨ ਬਰਾਮਦ ਹੋਇਆ। ਪੁਲਸ ਨੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਕਿਵੇਂ ਆਏ ਲੁਟੇਰੇ ਕਾਬੂ : ਇਸ ਸਬੰਧ 'ਚ ਜਾਣਕਾਰੀ ਦਿੰਦੇ ਹੋਏ ਐੱਸ. ਪੀ. (ਆਈ.) ਵਜ਼ੀਰ ਸਿੰਘ ਨੇ ਦੱਸਿਆ ਕਿ ਸਪੈਸ਼ਲ ਸਟਾਫ ਦੇ ਮੁਖੀ ਇੰਸਪੈਕਟਰ ਕਿੱਕਰ ਸਿੰਘ ਨੂੰ ਗੁਪਤ ਸੂਤਰਾਂ ਤੋਂ ਜਾਣਕਾਰੀ ਮਿਲੀ ਸੀ ਕਿ ਬੱਸ ਅੱਡਾ ਕਿਲੀ ਚਾਹਲਾਂ ਕੋਲ ਇਕ ਬੇਆਬਾਦ ਢਾਬੇ ਕੋਲ ਰਜਿੰਦਰ ਸਿੰਘ ਉਰਫ ਲਾਲੀ, ਲਵਪ੍ਰੀਤ ਸਿੰਘ ਉਰਫ ਲਵ, ਹਰਪਿੰਦਰ ਸਿੰਘ, ਕਮਲਜੀਤ ਸਿੰਘ ਉਰਫ ਕਲੀ, ਗੁਰਪਿੰਦਰ ਸਿੰਘ ਉਰਫ ਮੋਟਾ ਵਾਸੀਆਨ ਪਿੰਡ ਪੁਰਾਣੇਵਾਲਾ ਅਤੇ ਰਵੀ ਸਿੰਘ ਵਾਸੀ ਪਿੰਡ ਮਹਿਣਾ ਜਿਨ੍ਹਾਂ ਕੋਲ ਤੇਜ਼ਧਾਰ ਹਥਿਆਰ ਹਨ, ਲੁੱਟ-ਖੋਹ ਅਤੇ ਡਕੈਤੀ ਦੀ ਯੋਜਨਾ ਬਣਾ ਰਹੇ ਹਨ, ਜੇਕਰ ਛਾਪਾਮਾਰੀ ਕੀਤੀ ਜਾਵੇ ਤਾਂ ਉਹ ਰੰਗੇ ਹੱਥੀਂ ਕਾਬੂ ਆ ਸਕਦੇ ਹਨ, ਜਿਸ 'ਤੇ ਸਹਾਇਕ ਥਾਣੇਦਾਰ ਜਸਵੰਤ ਸਿੰਘ ਨੇ ਪੁਲਸ ਪਾਰਟੀ ਸਮੇਤ ਛਾਪਾਮਾਰੀ ਕਰ ਕੇ ਸਾਰੇ ਲੁਟੇਰਿਆਂ ਨੂੰ ਹਥਿਆਰਾਂ ਸਮੇਤ ਦਬੋਚ ਲਿਆ, ਜਿਨ੍ਹਾਂ ਕੋਲੋਂ ਇਕ ਕਿਰਪਾਨ, ਇਕ ਗੰਡਾਸਾ, ਇਕ ਲੋਹੇ ਦਾ ਦਾਤ, ਇਕ ਬੇਸਬਾਲ ਤੇ ਇਕ ਲੋਹੇ ਦੀ ਪਾਈਪ ਬਰਾਮਦ ਹੋਈ।
ਇਸ ਤੋਂ ਇਲਾਵਾ ਪੁੱਛਗਿੱਛ ਦੌਰਾਨ ਦੋਸ਼ੀਆਂ ਨੇ ਦੱਸਿਆ ਕਿ ਉਨ੍ਹਾਂ ਪਿੰਡ ਪੁਰਾਣੇਵਾਲਾ ਦੇ ਸਰਕਾਰੀ ਸਕੂਲ 'ਚੋਂ ਕੰਪਿਊਟਰ ਚੋਰੀ ਕੀਤੇ ਸਨ ਅਤੇ ਰਾਹਗੀਰਾਂ ਤੋਂ ਮੋਬਾਇਲ ਖੋਹੇ ਅਤੇ ਖੇਤਾਂ 'ਚ ਲੱਗੇ ਬਿਜਲੀ ਦੇ ਟਰਾਂਸਫਾਰਮਰਾਂ 'ਚੋਂ ਸਾਮਾਨ ਤੋਂ ਇਲਾਵਾ ਤਾਰਾਂ ਵੀ ਚੋਰੀ ਕੀਤੀਆਂ। ਉਨ੍ਹਾਂ ਕੋਲੋਂ 3 ਸੀ. ਪੀ. ਯੂ. ਕੰਪਿਊਟਰ, ਚਾਰ ਖੋਹੇ ਗਏ ਮੋਬਾਇਲ ਅਤੇ ਬਿਜਲੀ ਦੇ ਟਰਾਂਸਫਾਰਮਰਾਂ ਨੂੰ ਖੋਲ੍ਹਣ ਵਾਲੇ ਸਾਮਾਨ ਤੋਂ ਇਲਾਵਾ ਤਾਰਾਂ ਕੱਟਣ ਵਾਲਾ ਸਾਮਾਨ ਵੀ ਬਰਾਮਦ ਕੀਤਾ ਗਿਆ।
ਕੀ ਹੋਈ ਪੁਲਸ ਕਾਰਵਾਈ : ਸਪੈਸ਼ਲ ਸੈੱਲ ਦੇ ਇੰਚਾਰਜ ਇੰਸਪੈਕਟਰ ਕਿੱਕਰ ਸਿੰਘ ਨੇ ਦੱਸਿਆ ਕਿ ਕਾਬੂ ਕੀਤੇ ਗਏ ਸਾਰੇ ਦੋਸ਼ੀਆਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ, ਜਿਨ੍ਹਾਂ ਨੂੰ ਅੱਜ ਸਹਾਇਕ ਥਾਣੇਦਾਰ ਜਸਵੰਤ ਸਿੰਘ ਸਰਾਂ ਨੇ ਮਾਣਯੋਗ ਅਦਾਲਤ 'ਚ ਪੇਸ਼ ਕੀਤਾ। ਅਦਾਲਤ ਨੇ ਉਕਤ ਕਥਿਤ 6 ਲੁਟੇਰਿਆਂ ਦਾ ਇਕ ਦਿਨ ਦਾ ਪੁਲਸ ਰਿਮਾਂਡ ਦਿੱਤਾ। ਉਨ੍ਹਾਂ ਕਿਹਾ ਕਿ ਪੁੱਛਗਿੱਛ ਸਮੇਂ ਉਕਤ ਲੁਟੇਰਿਆਂ ਤੋਂ ਹੋਰ ਵੀ ਕਈ ਲੁੱਟਾਂ-ਖੋਹਾਂ, ਝਪਟਾਂ ਅਤੇ ਬਿਜਲੀ ਦੇ ਟਰਾਂਸਫਾਰਮਰਾਂ ਨੂੰ ਤੋੜ ਕੇ ਲੱਖਾਂ ਰੁਪਏ ਦੇ ਚੋਰੀ ਹੋਏ ਸਾਮਾਨ ਅਤੇ ਹੋਰ ਕਈ ਵਾਰਦਾਤਾਂ ਦੇ ਅਹਿਮ ਸੁਰਾਗ ਮਿਲਣ ਦੀ ਸੰਭਾਵਨਾ ਹੈ।


Related News